
Punjab Politics : ਪੰਜਾਬ ਤੋਂ ਬਾਹਰ ਵੀ ‘ਆਪ’ ਨਾਲ ਨਹੀਂ ਕਰਾਂਗੇ ਸਟੇਜ ਸਾਂਝੀ, ਰਾਜਾ ਵੜਿੰਗ ਨੇ ਨਵਜੋਤ ਸਿੱਧੂ ਦੇ ਪ੍
- by Aaksh News
- April 26, 2024

ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੈ, ਪੰਜਾਬ ਕਾਂਗਰਸ ਦਾ ਕੋਈ ਆਗੂ ‘ਆਪ’ ਨਾਲ ਕੋਈ ਸਟੇਜ ਜਾਂ ਪ੍ਰੋਗਰਾਮ ਸਾਂਝਾ ਨਹੀਂ ਕਰੇਗਾ। ਰਾਜਾ ਵੜਿੰਗ ਪਟਿਆਲਾ ਵਿਖੇ ਉਮੀਦਵਾਰ ਡਾ. ਧਰਮਵੀਰ ਗਾਂਧੀ ਤੇ ਨਾਰਾਜ਼ ਚੱਲ ਰਹੇ ਟਕਸਾਲੀ ਕਾਂਗਰਸੀਆਂ ਨੂੰ ਨਾਲ ਲੈ ਕੇ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਪੁੱਜੇ ਸਨ। ਉਨ੍ਹਾਂ ਕਿਹਾ ਕਿ ਬੇਸ਼ੱਕ ਦੇਸ਼ ਦੇ ਕਈ ਰਾਜਾਂ ਵਿਚ ਇੰਡੀਆ ਗੱਠਜੋੜ ਅਧੀਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਹੋਰਨਾਂ ਕਈ ਪਾਰਟੀਆਂ ਦਾ ਗੱਠਜੋੜ ਹੈ। ਇਸ ਗੱਠਜੋੜ ਅਧੀਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿਚ ਚੰਡੀਗੜ੍ਹ, ਹਰਿਆਣਾ, ਦਿੱਲੀ ਅਤੇ ਕਈ ਹੋਰ ਰਾਜ ਸ਼ਾਮਲ ਹਨ ਪਰ ਪੰਜਾਬ ਕਾਂਗਰਸ ਨੇ ਹਾਈ ਕਮਾਂਡ ਨੂੰ ਪਹਿਲਾਂ ਹੀ ਸਪੱਸ਼ਟ ਸ਼ਬਦਾਂ ਵਿਚ ਸੂਬੇ ਵਿਚ ਸੱਤਾ ਧਿਰ ਨਾਲ ਗੱਠਜੋੜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਵੜਿੰਗ ਨੇ ਕਿਹਾ ਕਿ ਦੇਸ਼ ਭਰ ਦੇ ਕਿਸੇ ਵੀ ਰਾਜ ਵਿਚ ਉਹ ਖ਼ੁਦ ਵੀ ‘ਆਪ’ ਦੇ ਹੱਕ ਵਿਚ ਕੋਈ ਚੋਣ ਪ੍ਰਚਾਰ ਦੀ ਸਟੇਜ ਸਾਂਝੀ ਨਹੀਂ ਕਰਨਗੇ। ਨਵਜੋਤ ਸਿੰਘ ਸਿੱਧੂ ਵੱਲੋਂ ਚੋਣ ਪ੍ਰਚਾਰ ਵਿਚ ਹਿੱਸਾ ਲੈਣ ਦੇ ਸਵਾਲ ’ਤੇ ਰਾਜਾ ਵੜਿੰਗ ਨੇ ਕਿਹਾ ਇਸ ਬਾਰੇ ਖੁਦ ਨਵਜੋਤ ਸਿੱਧੂ ਹੀ ਦੱਸ ਸਕਦੇ ਹਨ ਪਰ ਉਮੀਦ ਹੈ ਕਿ ਉਹ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਜ਼ਰੂਰ ਕਰਨਗੇ। ਸਸਪੈਂਡ ਕੀਤੇ ਹੋਏ ਸਿੱਧੂ ਧੜੇ ਦੇ ਆਗੂਆਂ ਬਾਰੇ ਉਨ੍ਹਾਂ ਕਿਹਾ ਕਿ ਜਿਹੜਾ ਆਗੂ ਪਾਰਟੀ ਦਾ ਝੰਡਾ ਬੁਲੰਦ ਕਰੇਗਾ, ਉਸ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ। ਵੜਿੰਗ ਪਰਿਵਾਰ ਨੂੰ ਟਿਕਟ ਮਿਲਣ ਦੇ ਸਵਾਲ ਨੂੰ ਪਾਰਟੀ ਪ੍ਰਧਾਨ ਵੱਲੋਂ ਹੱਸ ਕੇ ਟਾਲ ਦਿੱਤਾ ਗਿਆ।