

ਪੰਜਾਬ ’ਚ ਪਰਾਲੀ ਸਾੜਨ ਦੇ ਇਕ ਦਿਨ ’ਚ ਸਭ ਤੋਂ ਵੱਧ 1251 ਮਾਮਲੇ ਚੰਡੀਗੜ੍ਹ : ਪੰਜਾਬ ਵਿਚ ਜਾਗਰੂਕਤਾ ਮੁਹਿੰਮ ਚਲਾਉਣ ਦੇ ਬਾਵਜੂਦ ਪਰਾਲੀ ਨੂੰ ਅੱਗ ਲਗਾਉਣ ਦੀਆਂ ਜਾਰੀ ਘਟਨਾਵਾਂ ਦੇ ਚਲਦਿਆਂ ਪ੍ਰਦੂਸ਼ਣ ਰੋਕਥਾਮ ਬੋਰਡ ਅਨੁਸਾਰ ਅੱਜ ਇਕੋ ਦਿਨ ਪੰਜਾਬ ਭਰ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ 1251 ਮਾਮਲੇ ਸਾਹਣੇ ਆਏ ਹਨ, ਜੋ ਸੀਜ਼ਨ ਵਿੱਚ ਸਭ ਤੋਂ ਵੱਧ ਹਨ । ਇਨ੍ਹਾਂ ਵਿੱਚ ਮੁਕਤਸਰ ਜ਼ਿਲ੍ਹਾ ਸਭ ਤੋਂ ਉੱਪਰ ਰਿਹਾ ਜਿੱਥੇ 247 ਮਾਮਲੇ ਪਰਾਲੀ ਨੂੰ ਸਾੜਨ ਦਾ ਸਾਹਮਣੇ ਆਏ ਹਨ, ਜਦੋਂ ਕਿ ਮੋਗਾ ਦੂਜੇ ਨੰਬਰ ’ਤੇ ਰਿਹਾ ਹੈ । ਮੋਗਾ ਵਿੱਚ ਅੱਜ ਪਰਾਲੀ ਸਾੜਨ ਦੇ 149 ਮਾਮਲੇ ਸਾਹਮਣੇ ਆਏ ਹਨ, ਇਸ ਦੇ ਨਾਲ ਹੀ ਪੰਜਾਬ ਵਿੱਚ ਮੌਜੂਦਾ ਸੀਜ਼ਨ ਦੌਰਾਨ ਪਰਾਲੀ ਸਾੜਨ ਦੇ ਕੁੱਲ ਮਾਮਲੇ 9655 ਹੋ ਗਏ ਹਨ, ਹਾਲਾਂਕਿ ਇਹ ਆਂਕੜਾ ਪਿਛਲੇ ਸਾਲ ਨਾਲੋਂ ਵਧੇਰੇ ਘੱਟ ਹੈ । ਪ੍ਰਦੂਸ਼ਣ ਰੋਕਥਾਮ ਬੋਰਡ ਅਨੁਸਾਰ ਅੱਜ ਫਿਰੋਜ਼ਪੁਰ ਵਿੱਚ ਪਰਾਲੀ ਸਾੜਨ ਦੇ ਮਾਮਲੇ 130, ਬਠਿੰਡਾ ਵਿੱਚ 129, ਫਾਜ਼ਿਲਕਾ ਵਿੱਚ 94, ਫਰੀਦਕੋਟ ਵਿੱਚ 88, ਤਰਨ ਤਾਰਨ ਵਿੱਚ 77, ਸੰਗਰੂਰ ਵਿੱਚ 73, ਲੁਧਿਆਣਾ ਵਿੱਚ 52, ਬਰਨਾਲਾ ਵਿੱਚ 42, ਮਾਨਸਾ ਵਿੱਚ 40, ਅੰਮ੍ਰਿਤਸਰ ਵਿੱਚ 36, ਮਾਲੇਰਕੋਟਲਾ ਵਿੱਚ 34, ਜਲੰਧਰ ਵਿੱਚ 30, ਕਪੂਰਥਲਾ ਵਿੱਚ 12, ਪਟਿਆਲਾ ਵਿੱਚ 8, ਫਤਿਹਗੜ੍ਹ ਸਾਹਿਬ ਵਿੱਚ 6, ਗੁਰਦਾਸਪੁਰ ਅਤੇ ਨਵਾਂ ਸ਼ਹਿਰ ਵਿੱਚ 2-2 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆਏ ਹਨ । ਦੱਸਣਯੋਗ ਹੈ ਕਿ ਪਿਛਲੇ ਸਾਲ 18 ਨਵੰਬਰ ਨੂੰ ਸੂਬੇ ਵਿੱਚ ਪਰਾਲੀ ਸਾੜਨ ਦੇ 637 ਅਤੇ ਸਾਲ 2022 ਵਿੱਚ 18 ਨਵੰਬਰ ਨੂੰ 701 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆਏ ਸਨ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਸੂਬੇ ਭਰ ਵਿੱਚ ਵਿਸ਼ੇਸ਼ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਦੌਰਾਨ ਪੁਲੀਸ ਵੱਲੋਂ ਕਿਸਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਜੁਰਮਾਨੇ ਵੀ ਲਗਾਏ ਜਾ ਰਹੇ ਹਨ ਅਤੇ ਰਿਕਾਰਡ ਵਿੱਚ ਰੈੱਡ ਐਂਟਰੀਆਂ ਵੀ ਪਾਈਆਂ ਜਾ ਰਹੀਆਂ ਹਨ। ਇਸ ਦੇ ਬਾਵਜੂਦ ਸੂਬੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਘਟਨ ਦਾ ਨਾਮ ਨਹੀਂ ਲੈ ਰਹੀਆਂ ਹਨ। ਪਰਾਲੀ ਸਾੜਨ ਕਰਕੇ ਸੂਬੇ ਦੀ ਆਬੋ-ਹਵਾ ਵੀ ਗੰਧਲੀ ਹੋਈ ਪਈ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.