July 6, 2024 01:30:16
post

Jasbeer Singh

(Chief Editor)

Latest update

ਰੂਪਨਗਰ ਹਾਦਸਾ: ਦੂਜੇ ਦਿਨ ਵੀ ਮਲਬੇ ਥੱਲੇ ਮਜ਼ਦੂਰ ਦੀ ਭਾਲ ਜਾਰੀ, ਮਕਾਨ ਮਾਲਕ ਤੇ ਠੇਕੇਦਾਰ ਵਿਰੁੱਧ ਕੇਸ ਦਰਜ

post-img

ਇਥੋਂ ਦੀ ਪ੍ਰੀਤ ਕਲੋਨੀ ਵਿਖੇ ਮਕਾਨ ਦਾ ਲੈਂਟਰ ਡਿੱਗਣ ਕਾਰਨ ਮਲਬੇ ਥੱਲੇ ਦੱਬੇ 5 ਮਜ਼ਦੂਰਾਂ ਵਿੱਚੋਂ ‌4 ਨੂੰ ਬਾਹਰ ਕੱਢ ਲਿਆ ਅਤੇ ਇਕ ਦੀ ਭਾਲ ਜਾਰੀ ਹੈ। ਬਾਹਰ ਕੱਢੇ ਮਜ਼ਦੂਰਾਂ ਵਿੱਚੋਂ ਇਕ ਪੀਜੀਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹੈ ਅਤੇ 3 ਦੀ ਮੌਤ ਹੋ ਚੁੱਕੀ ਹੈ। ਜ਼ਖ਼ਮੀ ਮਜ਼ਦੂਰ ਦੀ ਸ਼ਨਾਖਤ ਅਜ਼ੀਮ ਉਰਫ਼ ਨਾਜ਼ਿਮ ਪੁੱਤਰ ਅਲੀਸ਼ੇਰ ਵਾਸੀ ਪਿੰਡ ਗੁੜੀਆ ਪਮਾਰ ਜ਼ਿਲ੍ਹਾ ਸ਼ਾਹਜਹਾਂਪੁਰ ਵੱਜੋਂ ਅਤੇ ਮ੍ਰਿਤਕਾਂ ਦੀ ਪਛਾਣ ਰਮੇਸ਼ ਕੁਮਾਰ (39) ਪੁੱਤਰ ਗੁਰਦੇਵ ਸਿੰਘ ਵਾਸੀ ਕਲਸੀ ਜ਼ਿਲ੍ਹਾ ਕਰਨਾਲ, ਕਾਰਤਿਕ (23) ਪੁੱਤਰ ਰਾਜਿੰਦਰ ਕੁਮਾਰ ਤੇ ਸਾਹਿਲ ਪੁੱਤਰ ਪਵਨ ਕੁਮਾਰ ਦੋਵੇਂ ਵਾਸੀ ਹਰੜਾ ਜ਼ਿਲ੍ਹਾ ਅੰਬਾਲਾ ਵੱਜੋਂ ਹੋਈ ਹੈ।ਮਕਾਨ ਦੇ ਮਲਬੇ ਥੱਲੇ ਦੱਬੇ ਮਜ਼ਦੂਰ ਅਭਿਸ਼ੇਕ ਪੁੱਤਰ ਮੋਹਨ ਲਾਲ ਵਾਸੀ ਹਰੜਾ ਜ਼ਿਲ੍ਹਾ ਅੰਬਾਲਾ ਦੀ ਐੱਨਡੀਆਰਐੱਫ, ਐੱਸਡੀਆਰਐੱਫ ਅਤੇ ਚੋਣਾਂ ਲਈ ਆਈ ਆਈਟੀਬੀਪੀ ਵੱਲੋਂ ਭਾਲ ਕੀਤੀ ਜਾ ਰਹੀ ਹੈ। ਗਲੀ ਤੰਗ ਹੋਣ ਕਾਰਨ ਜੇਸੀਬੀ ਨਹੀਂ ਲਗਾਈ ਜਾ ਸਕੀ, ਜਿਸ ਕਰਕੇ ਬਚਾਅ ਕਾਰਜਾਂ ਵਿੱਚ ਜੁਟੇ ਕਰਮੀਆਂ ਵੱਲੋਂ ਹੱਥਾਂ ਨਾਲ ਮਲਬਾ ਚੁੱਕਿਆ ਜਾ ਰਿਹਾ ਹੈ। ਡੀਸੀ ਡਾ. ਪ੍ਰੀਤੀ ਯਾਦਵ ਅਤੇ ਐੱਸਐੱਸਪੀ ਗੁਲਨੀਤ ਸਿੰਘ ਜਿੱਥੇ ਖੁਦ ਲਗਾਤਾਰ ਵਾਰ ਵਾਰ ਮੌਕੇ ’ਤੇ ਪੁੱਜ ਕੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ, ਉੱਥੇ ਹੀ ਜ਼ਿਲ੍ਹਾ ਪ੍ਰਸਾਸ਼ਨ ਅਤੇ ਪੁਲੀਸ ਦੇ ਅਧਿਕਾਰੀ ਤੇ ਕਰਮਚਾਰੀ ਘਟਨਾ ਸਥਾਨ ’ਤੇ ਪੁੱਜ ਕੇ ਰਾਹਤ ਕਾਰਜਾਂ ਵਿੱਚ ਮਦਦ ਕਰ ਰਹੇ ਹਨ। ਉੱਧਰ ਥਾਣਾ ਸਿਟੀ ਰੂਪਨਗਰ ਵਿਖੇ ਠੇਕੇਦਾਰ ਤੇ ਮਕਾਨ ਮਾਲਕ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਹਰਪਿੰਦਰ ਕੌਰ ਗਿੱਲ ਨੇ ਦੱਸਿਆ ਕਿ ਮ੍ਰਿਤਕ ਰਮੇਸ਼ ਦੇ ਭਰਾ ਰਾਜੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਠੇਕੇਦਾਰ ਸੁਨੀਲ ਕੁਮਾਰ ਵਾਸੀ ਕਲਸੀ ਜ਼ਿਲ੍ਹਾ ਕਰਨਾਲ ਅਤੇ ਮਕਾਨ ਮਾਲਕ ਸੁਖਵਿੰਦਰ ਸਿੰਘ ਵਿਰੁੱਧ ਧਾਰਾ 304 ਏ, 337 ਅਤੇ 338 ਤਹਿਤ ਕੇਸ ਦਰਜ ਕੀਤਾ ਗਿਆ ਹੈ।

Related Post