post

Jasbeer Singh

(Chief Editor)

Punjab

ਐਸ. ਡੀ. ਐਮ. ਚਰਨਜੋਤ ਸਿੰਘ ਵਾਲੀਆ ਵੱਲੋਂ ਆਵਾਜ਼ੀ ਪ੍ਰਦੂਸ਼ਣ ਘਟਾਉਣ ਲਈ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ

post-img

ਐਸ. ਡੀ. ਐਮ. ਚਰਨਜੋਤ ਸਿੰਘ ਵਾਲੀਆ ਵੱਲੋਂ ਆਵਾਜ਼ੀ ਪ੍ਰਦੂਸ਼ਣ ਘਟਾਉਣ ਲਈ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਸੰਗਰੂਰ, 14 ਫਰਵਰੀ : ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਉਪ ਮੰਡਲ ਮੈਜਿਸਟਰੇਟ ਚਰਨਜੋਤ ਸਿੰਘ ਵਾਲੀਆ ਵੱਲੋਂ ਸੰਗਰੂਰ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਮੈਰਿਜ ਪੈਲੇਸਾਂ ਦੇ ਮਾਲਕਾਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਸ਼ੋਰ ਪ੍ਰਦੂਸ਼ਣ ਸਬੰਧੀ ਸਰਕਾਰ ਦੀਆਂ ਹਦਾਇਤਾਂ ਬਾਰੇ ਮੁੜ ਜਾਣੂ ਕਰਵਾਇਆ । ਐਸ. ਡੀ. ਐਮ. ਚਰਨਜੋਤ ਸਿੰਘ ਵਾਲੀਆ ਨੇ ਕਿਹਾ ਕਿ ਸ਼ੋਰ ਪ੍ਰਦੂਸ਼ਣ ਦੀ ਰੋਕਥਾਮ ਲਈ ਮਾਣਯੋਗ ਅਦਾਲਤਾਂ ਵੱਲੋਂ ਵੀ ਸਮੇਂ ਸਮੇਂ ’ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਜਿਨ੍ਹਾਂ ਦੀ ਪਾਲਣਾ ਬੇਹੱਦ ਜ਼ਰੂਰੀ ਹੈ । ਉਨ੍ਹਾਂ ਲੋਕ ਹਿੱਤ ਵਿੱਚ ਕਿਹਾ ਕਿ ਲਾਊਡਸਪੀਕਰਾਂ ਦੀ ਉੱਚੀ ਆਵਾਜ਼ ਕਰਕੇ ਬਿਮਾਰ ਵਿਅਕਤੀਆਂ, ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਅਤੇ ਛੋਟੇ ਬੱਚਿਆਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪੈਂਦਾ ਹੈ । ਉਨ੍ਹਾਂ ਕਿਹਾ ਕਿ ਇਸ ਲਈ ਧਾਰਮਿਕ ਸੰਸਥਾਵਾਂ ਤੇ ਮੈਰਿਜ ਪੈਲੇਸਾਂ ਨੂੰ ਲਾਊਡਸਪੀਕਰਾਂ ਦੀ ਆਵਾਜ਼ ਆਪਣੀ ਸੰਸਥਾ ਦੇ ਅੰਦਰ ਤੱਕ ਹੀ ਸੀਮਤ ਰੱਖਣੀ ਚਾਹੀਦੀ ਹੈ । ਐਸ. ਡੀ. ਐਮ. ਨੇ ਕਿਹਾ ਕਿ ਹਾਲਾਂਕਿ ਕਈ ਵਾਰ ਲਾਊਡਸਪੀਕਰ ਜਾਂ ਡੀ.ਜੇ ਆਦਿ ਲਗਾਉਣ ਲਈ ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨਿਕ ਪ੍ਰਵਾਨਗੀ ਲੈ ਲਈ ਜਾਂਦੀ ਹੈ ਪਰ ਉਸ ਪ੍ਰਵਾਨਗੀ ਵਿੱਚ ਦਰਜ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਅਕਸਰ ਲੋਕ ਪ੍ਰਸ਼ਾਸਨ ਕੋਲ ਇਸ ਮਸਲੇ ਸਬੰਧੀ ਸ਼ਿਕਾਇਤਾਂ ਕਰਦੇ ਹਨ ਜਿਸ ਕਾਰਨ ਸਬ ਡਵੀਜ਼ਨ ਪੱਧਰ ’ਤੇ ਮੀਟਿੰਗਾਂ ਕਰਕੇ ਸਮੂਹ ਧਾਰਮਿਕ ਸੰਸਥਾਵਾਂ ਤੇ ਮੈਰਿਜ ਪੈਲੇਸ ਪ੍ਰਬੰਧਕਾਂ ਨੂੰ ਲੋਕ ਹਿੱਤ ਵਿੱਚ ਆਵਾਜ਼ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਂਦੀ ਹੈ । ਇਸ ਮੌਕੇ ਡੀ. ਐਸ. ਪੀ. ਸੁਖਦੇਵ ਸਿੰਘ ਨੇ ਵੀ ਹਾਜ਼ਰ ਨੁਮਾਇੰਦਿਆਂ ਨੂੰ ਆਵਾਜ਼ ਪ੍ਰਦੂਸ਼ਣ ਦੇ ਨੁਕਸਾਨਾਂ ਅਤੇ ਉਲੰਘਣਾ ਕਰਨ ਵਾਲਿਆਂ ‘ਤੇ ਹੋਣ ਵਾਲੀ ਕਾਨੂੰਨੀ ਕਾਰਵਾਈ ਬਾਰੇ ਵੀ ਸਮਝਾਇਆ । ਮੀਟਿੰਗ ਦੌਰਾਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਸ. ਡੀ. ਓ. ਸਚਿਨ ਸਿੰਗਲਾ ਨੇ ਕਿਹਾ ਕਿ ਆਵਾਜ਼ ਪ੍ਰਦੂਸ਼ਣ ਨੂੰ ਨਿਯੰਤ੍ਰਿਤ ਕਰਨ ਲਈ ਬਣਾਏ ਗਏ ਨਿਯਮਾਂ ਤਹਿਤ ਇਹ ਯੰਤਰ ਚਲਾਉਣ ਲਈ ਆਵਾਜ਼ ਦੀ ਹੱਦ ਵੀ ਮਿੱਥੀ ਗਈ ਹੈ ਜਿਸ ਲਈ ਦਿਨ ਅਤੇ ਸ਼ਾਮ ਲਈ ਵੱਖ-ਵੱਖ ਪੈਮਾਨੇ ਨਿਰਧਾਰਤ ਕੀਤੇ ਗਏ ਹਨ । ਮੀਟਿੰਗ ਦੌਰਾਨ ਐਸ. ਐਚ. ਓ. ਸਿਟੀ-1 ਤੇ ਸਿਟੀ-2, ਸ਼ਹਿਰ ਦੇ ਧਾਰਮਿਕ ਅਸਥਾਨਾਂ ਅਤੇ ਮੈਰਿਜ ਪੈਲੇਸਾਂ ਦੇ ਪ੍ਰਬੰਧਕ ਵੀ ਹਾਜ਼ਰ ਸਨ ।

Related Post