
ਐਸ. ਡੀ. ਐਮ/ ਰਾਜਪੁਰਾ ਵੱਲੋਂ ਸਿਹਤ ਵਿਭਾਗ ਤੇ ਜਲ ਸਪਲਾਈ ਵਿਭਾਗ ਦੀਆਂ ਟੀਮਾਂ ਨਾਲ ਪਿੰਡ ਚੰਗੇਰਾ ਦਾ ਦੌਰਾ
- by Jasbeer Singh
- July 21, 2025

ਐਸ. ਡੀ. ਐਮ/ ਰਾਜਪੁਰਾ ਵੱਲੋਂ ਸਿਹਤ ਵਿਭਾਗ ਤੇ ਜਲ ਸਪਲਾਈ ਵਿਭਾਗ ਦੀਆਂ ਟੀਮਾਂ ਨਾਲ ਪਿੰਡ ਚੰਗੇਰਾ ਦਾ ਦੌਰਾ -ਉਲਟੀਆਂ ਤੇ ਦਸਤਾਂ ਦੇ ਮਰੀਜ ਸਾਹਮਣੇ ਆਉਣ ਤੇ ਸਿਹਤ ਵਿਭਾਗ ਵੱਲੋਂ ਘਰ-ਘਰ ਸਰਵੇ -ਲੋਕ ਉਬਲਿਆ ਤੇ ਕਲੋਰੀਨ ਵਾਲਾ ਪਾਣੀ ਹੀ ਪੀਣ, ਡਾਇਰੀਆ ਦੇ ਦਸਤ ਸਾਹਮਣੇ ਆਉਣ ਤੇ ਤੁਰੰਤ ਮੈਡੀਕਲ ਸਹਾਇਤਾ ਲੈਣ ਦੀ ਅਪੀਲ ਰਾਜਪੁਰਾ, 21 ਜੁਲਾਈ 2025 : ਰਾਜਪੁਰਾ ਦੇ ਐਸਡੀਐਮ ਅਵਿਕੇਸ਼ ਗੁਪਤਾ ਨੇ ਸਿਹਤ ਵਿਭਾਗ ਦੇ ਜਲ ਸਪਲਾਈ ਵਿਭਾਗ ਦੀਆਂ ਟੀਮਾਂ ਨਾਲ ਪਿੰਡ ਚੰਗੇਰਾ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਐਸ.ਐਮ.ਓ ਬਨੂੜ ਵੱਲੋਂ ਪ੍ਰਾਪਤ ਹੋਈ ਸੂਚਨਾ ਦੇ ਅਧਾਰ ਉਤੇ ਇਹ ਸਾਹਮਣੇ ਆਇਆ ਹੈ ਕਿ ਚੰਗੇਰਾ ਪਿੰਡ ਵਿੱਚ ਪੀਣ ਵਾਲੇ ਪਾਣੀ ਵਿੱਚ ਦੂਸ਼ਿਤ ਪਾਣੀ ਮਿਲਣ ਕਰਕੇ ਕੁਝ ਲੋਕਾਂ ਨੂੰ ਉਲਟੀਆਂ ਤੇ ਦਸਤਾਂ ਦੀ ਤਕਲੀਫ਼ ਹੋਈ ਹੈ।ਉਨ੍ਹਾਂ ਦੇ ਨਾਲ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ, ਸੀਐਚਸੀ ਕਾਲੋਮਾਜਰਾ ਦੇ ਡਾ. ਪਰਮਦੀਪ ਕੌਰ ਅਤੇ ਜਲ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਜੇ.ਐਸ ਸਿੱਧੂ ਵੀ ਮੌਜੂਦ ਸਨ।ਇਸੇ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਮੋਨੀਟਰਿੰਗ ਕੀਤੀ ਜਾ ਰਹੀ ਹੈ ਤੇ ਉਹ ਖ਼ੁਦ ਸਥਿਤੀ ਉਪਰ ਨਜ਼ਰ ਰੱਖਣ ਲਈ ਐਸਡੀਐਮ ਤੇ ਸਿਹਤ ਵਿਭਾਗ ਨਾਲ ਤਾਲਮੇਲ ਕਰ ਰਹੇ ਹਨ । ਅਵਿਕੇਸ਼ ਗੁਪਤਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਉਹ ਖ਼ੁਦ ਅਤੇ ਸਿਹਤ ਵਿਭਾਗ ਸਮੇਤ ਜਲ ਸਪਲਾਈ ਵਿਭਾਗ ਦੀਆਂ ਟੀਮਾਂ ਨੇ ਘਰ- ਘਰ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਹੈ, ਜਦਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਡਾਇਰੀਆ ਬਾਬਤ ਸਰਵੇ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਕਲੋਰੀਨ ਦੀਆਂ ਗੋਲੀਆਂ ਅਤੇ ਓਆਰਐਸ ਦੇ ਪੈਕੇਟ ਵੰਡੇ ਜਾ ਰਹੇ ਹਨ। ਘਰਾਂ ਵਿੱਚ ਦਵਾਈ ਦਿੱਤੀ ਗਈ ਹੈ ਅਤੇ ਪਿੰਡ ਵਿੱਚ ਮੈਡੀਕਲ ਟੀਮਾਂ ਵੱਲੋਂ ਲਗਾਤਾਰ ਕੈਂਪ ਲਗਾਇਆ ਜਾਵੇਗਾ । ਉਨ੍ਹਾਂ ਹੋਰ ਦਸਿਆ ਕਿ ਘਰ-ਘਰ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਅਤੇ ਸਰਵੇ ਦੌਰਾਨ 12 ਦੇ ਕਰੀਬ ਨਵੇਂ ਕੇਸ ਲੱਭੇ ਹਨ ਅਤੇ ਇੱਥੇ 50 ਤੋਂ 60 ਘਰ ਪ੍ਰਭਾਵਤ ਹਨ, ਜਿੱਥੇ ਮਰੀਜ ਸਾਹਮਣੇ ਆਏ ਹਨ।ਉਨ੍ਹਾਂ ਦੱਸਿਆ ਕਿ ਮੁਢਲੀ ਪੜਤਾਲ ਤੋਂ ਸਾਹਮਣੇ ਆਇਆ ਹੈ, ਇੱਥੇ ਪੀਣ ਵਾਲੇ ਪਾਣੀ ਦੀ ਲਾਈਨ ਵਿੱਚ ਗੰਦੇ ਪਾਣੀ ਦੀ ਮਿਕਸਿੰਗ ਹੋਈ ਜਾਪਦੀ ਹੈ, ਕਿਉਂਕਿ ਕੁਝ ਥਾਵਾਂ ਵਿਖੇ ਬਰਸਾਤ ਦਾ ਪਾਣੀ ਵੀ ਖੜ੍ਹਾ ਹੋਇਆ ਹੈ।ਉਨ੍ਹਾਂ ਦੱਸਿਆ ਕਿ ਅੱਜ ਦੋ ਮਰੀਜਾਂ ਨੂੰ ਸਿਵਲ ਹਸਪਤਾਲ ਰਾਜਪੁਰਾ ਵਿਖੇ ਦਾਖਲ ਕਰਵਾਇਆ ਗਿਆ ਅਤੇ ਇੱਕ ਮਰੀਜ ਨਿਜੀ ਹਸਪਤਾਲ ਵਿਖੇ ਦਾਖਲ ਹੈ, ਉਨ੍ਹਾਂ ਨੇ ਹਸਪਤਾਲ ਦਾ ਵੀ ਦੌਰਾ ਕੀਤਾ ਹੈ । ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਪਾਣੀ ਉਬਾਲ ਕੇ ਅਤੇ ਕਲੋਰੀਨ ਦੀਆਂ ਗੋਲੀਆਂ ਵਾਲਾ ਹੀ ਪੀਣ ਤੇ ਓਆਰਐਸ ਘੋਲ ਦੀ ਵਰਤੋਂ ਕੀਤੀ ਜਾਵੇ। ਐਸਡੀਐਮ ਨੇ ਦੱਸਿਆ ਕਿ ਪੀਣ ਲਈ ਸਾਫ਼ ਪਾਣੀ ਦਾ ਟੈਂਕਰ ਪਿੰਡ ਵਿੱਚ ਪਹੁੰਚਾ ਦਿੱਤਾ ਗਿਆ ਅਤੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਲੋਕ ਪੀਣ ਲਈ ਪਾਣੀ ਇਸੇ ਟੈਂਕਰ ਵਿੱਚੋਂ ਲੈਣ । ਇਸੇ ਦੌਰਾਨ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਇੱਕ 65 ਸਾਲਾ ਬਜੁਰਗ ਦੀ ਚੰਡੀਗ੍ੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿਖੇ ਸ਼ੱਕੀ ਮੌਤ ਹੋਈ ਹੈ, ਜਿਸ ਬਾਰੇ ਹਸਪਤਾਲ ਤੋਂ ਵੇਰਵੇ ਮੰਗੇ ਗਏ ਹਨ ਤੇ ਇਹ ਮੌਤ ਡਾਇਰੀਆ ਕਾਰਨ ਹੋਣ ਦੀ ਪੁਸ਼ਟੀ ਹਸਪਤਾਲ ਵੇਰਵੇ ਮਿਲਣ ਬਾਅਦ ਪੁਸ਼ਟੀ ਕੀਤੀ ਜਾਵੇਗੀ।ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਰਸਾਤਾਂ ਦੇ ਮੌਸਮ ਵਿੱਚ ਇਹਤਿਆਤ ਵਜੋਂ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਜਾ ਫੇਰ ਕਲੋਰੀਨ ਦੀਆਂ ਗੋਲੀਆਂ ਵਾਲਾ ਪਾਣੀ ਹੀ ਵਰਤਿਆ ਜਾਵੇ ।