
'ਭੋਜਨ ਪਦਾਰਥਾਂ ਵਿੱਚ ਮਿਲਾਵਟ' ਬਾਰੇ ਜਾਗਰੂਕਤਾ ਸਬੰਧੀ ਪੰਜਾਬੀ ਯੂਨੀਵਰਸਿਟੀ `ਚ ਕਰਵਾਇਆ ਸੈਮੀਨਾਰ
- by Jasbeer Singh
- April 4, 2025

'ਭੋਜਨ ਪਦਾਰਥਾਂ ਵਿੱਚ ਮਿਲਾਵਟ' ਬਾਰੇ ਜਾਗਰੂਕਤਾ ਸਬੰਧੀ ਪੰਜਾਬੀ ਯੂਨੀਵਰਸਿਟੀ `ਚ ਕਰਵਾਇਆ ਸੈਮੀਨਾਰ -ਸਮਾਜ ਦੇ ਸਾਰੇ ਵਰਗ ਹੀ ਮਿਲਾਵਟਖੋਰੀ ਤੋਂ ਅਸਰ ਅੰਦਾਜ਼ ਹਨ : ਜਸਟਿਸ ਜੋਰਾ ਸਿੰਘ (ਰਿਟਾਇਰਡ) ਪਟਿਆਲਾ, 4 ਅਪ੍ਰੈਲ : ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਕੈਂਪਸ ਵਿੱਚ ਲਗਾਏ ਜਾ ਰਹੇ ਸੱਤ ਰੋਜ਼ਾ ਕੈਂਪ ਤਹਿਤ 'ਪਬਲਿਕ ਅਗੇਂਸਟ ਅਡਲਟਰੇਸ਼ਨ ਐਸੋਸੀਏਸ਼ਨ' (ਪਾਵਾ) ਦੇ ਸਹਿਯੋਗ ਨਾਲ਼ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ । ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੈਮੀਨਾਰ ਦਾ ਮਕਸਦ 'ਭੋਜਨ ਪਦਾਰਥਾਂ ਵਿੱਚ ਮਿਲਾਵਟ' ਬਾਰੇ ਜਾਗਰੂਕਤਾ ਪੈਦਾ ਕਰਨਾ ਸੀ । ਜਸਟਿਸ ਜੋਰਾ ਸਿੰਘ (ਰਿਟਾਇਰਡ) ਵੱਲੋਂ ਇਸ ਮੌਕੇ ਸ਼ਿਰਕਤ ਕਰਦਿਆਂ ਕਿਹਾ ਕਿ ਮਿਲਾਵਟ ਇੱਕ ਅਜਿਹਾ ਵਿਸ਼ਾ ਹੈ ਜਿਸ ਦਾ ਸਮਾਜ ਦੇ ਹਰੇਕ ਵਰਗ ਨਾਲ਼ ਸਬੰਧ ਹੈ। ਚਾਹੇ ਕੋਈ ਅਮੀਰ ਹੈ ਜਾਂ ਗਰੀਬ, ਹਰ ਵਿਅਕਤੀ ਇਸ ਤੋਂ ਪ੍ਰਭਾਵਿਤ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਤਕਰੀਬਨ ਹਰੇਕ ਚੀਜ਼ ਵਿੱਚ ਮਿਲਾਵਟ ਮਿਲ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਆਪੋ ਆਪਣੇ ਹਿੱਸੇ ਦਾ ਫਰਜ਼ ਅਦਾ ਕਰਦਿਆਂ ਮਿਲਾਵਟ ਪੈਦਾ ਕਰਨ ਵਾਲ਼ੀਆਂ ਤਾਕਤਾਂ ਦੇ ਖ਼ਿਲਾਫ਼ ਲਾਮਬੰਦ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਕਿ ਕਿਸੇ ਮਿਲਾਵਟਖੋਰੀ ਦੀ ਘਟਨਾ ਨਾਲ਼ ਤੁਹਾਡਾ ਸਿੱਧਾ ਵਾਹ ਪਵੇ ਤਾਂ ਇਸ ਦੀ ਵੀਡੀਓ ਬਣਾ ਕੇ ਸਬੰਧਤ ਅਧਿਕਾਰੀਆਂ ਤੱਕ ਪਹੁੰਚ ਕਰਨੀ ਚਾਹੀਦੀ ਹੈ । ਇਸ ਮੌਕੇ 'ਪਾਵਾ' ਸੰਸਥਾ ਤੋਂ ਸ੍ਰ. ਅਮਰਜੀਤ ਸਿੰਘ ਅਤੇ ਐੱਸ. ਐੱਸ. ਭਟੋਆ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਆਪਣੀ ਸੰਸਥਾ ਦੇ ਮਕਸਦ ਬਾਰੇ ਗੱਲ ਕਰਦਿਆਂ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ । ਸ੍ਰ. ਅਮਰਜੀਤ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਖੁੱਲ੍ਹੇ ਅਤੇ ਪੈਕਡ ਖਾਣੇ ਵਿੱਚ ਮਿਲਾਵਟ ਕੀਤੀ ਜਾਂਦੀ ਹੈ । ਐੱਸ. ਐੱਸ. ਭਟੋਆ ਨੇ ਮਿਲਾਵਟ ਚੈੱਕ ਕਰਨ ਦੇ ਕੁੱਝ ਅਸਾਨ ਤਰੀਕੇ ਵੀ ਸਮਝਾਏ ਜਿਨ੍ਹਾਂ ਨਾਲ਼ ਦੁੱਧ, ਦਹੀਂ, ਪਨੀਰ ਅਤੇ ਖੋਏ ਵਿਚਲੀ ਮਿਲਾਵਟ ਨੂੰ ਪਰਖਿਆ ਜਾ ਸਕਦਾ ਹੈ । ਐੱਨ. ਐੱਸ. ਐੱਸ. ਤੋਂ ਪ੍ਰੋਗਰਾਮ ਅਫ਼ਸਰ ਡਾ. ਸਿਮਰਨਜੀਤ ਸਿੰਘ, ਡਾ. ਸੰਦੀਪ ਸਿੰਘ, ਡਾ. ਅਭਿਨਵ ਭੰਡਾਰੀ ਡਾ. ਸੁਨੀਤਾ ਦੀ ਅਗਵਾਈ ਵਿੱਚ 200 ਦੇ ਕਰੀਬ ਵਲੰਟੀਅਰਾਂ ਨੇ ਭਾਗ ਲਿਆ ।
Related Post
Popular News
Hot Categories
Subscribe To Our Newsletter
No spam, notifications only about new products, updates.