post

Jasbeer Singh

(Chief Editor)

Punjab

ਸ਼੍ਰੋਮਣੀ ਅਕਾਲੀ ਦਲ ਲੜੇਗਾ ਹਰਿਆਣਾ ਪੰਥਕ ਦਲ ਦੇ ਬੈਨਰ ਹੇਠ ਚੋਣਾਂ

post-img

ਸ਼੍ਰੋਮਣੀ ਅਕਾਲੀ ਦਲ ਲੜੇਗਾ ਹਰਿਆਣਾ ਪੰਥਕ ਦਲ ਦੇ ਬੈਨਰ ਹੇਠ ਚੋਣਾਂ ਚੰਡੀਗੜ੍ਹ : ਨਵੇਂ ਸਾਲ 2025 ਦੇ ਜਨਵਰੀ ਵਿਚ ਹੋਣ ਵਾਲੀਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਚ. ਐਸ. ਜੀ. ਐਮ. ਸੀ.) ਲਈ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਪੰਥਕ ਦਲ ਦੇ ਬੈਨਰ ਹੇਠ ਉਮੀਦਵਾਰ ਖੜ੍ਹੇ ਕਰੇਗਾ, ਇਹ ਫੈਸਲਾ ਹਰਿਆਣਾ ਦੇ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਾਇਰ ਰਿੱਟ ਪਟੀਸ਼ਨ ਦੀ ਸੁਣਵਾਈ ਦੌਰਾਨ ਸੂਚਿਤ ਕਰਨ ਤੋਂ ਬਾਅਦ ਆਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਚੋਣ ਕਮਿਸ਼ਨ ਕੋਲ ਰਜਿਸਟਰਡ ਸਿਆਸੀ ਪਾਰਟੀ ਨੂੰ ਆਪਣੇ ਨਾਮ ਹੇਠ ਜਾਂ ਚੋਣ ਨਿਸ਼ਾਨ ਤੱਕੜੀ ਹੇਠ ਐਚ. ਐਸ. ਜੀ. ਐਮ. ਸੀ. ਦੀਆਂ ਚੋਣਾਂ ਲੜਨ ਦੀ ਇਜਾਜ਼ਤ ਨਹੀਂ ਹੈ। ਇਸ ਕੇਸ ਦੀ ਅਗਲੀ ਸੁਣਵਾਈ 26 ਦਸੰਬਰ ਨੂੰ ਹੋਵੇਗੀ । ਗੁਰਦੁਆਰਾ ਚੋਣਾਂ ਦੇ ਕਮਿਸ਼ਨਰ, ਜਸਟਿਸ (ਸੇਵਾਮੁਕਤ) ਐਚ. ਐਸ. ਭੱਲਾ ਵੱਲੋਂ ਇਹ ਹਲਫ਼ਨਾਮਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਵਿੱਚ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜਨ ਲਈ ਪਾਰਟੀ ਦੀ ਅਯੋਗਤਾ ਵਿਰੁੱਧ ਦਾਇਰ ਕੀਤੀ ਗਈ ਪਟੀਸ਼ਨ ਦੇ ਜਵਾਬ ਵਿੱਚ ਆਇਆ ਹੈ ।ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸੰਕਟਮਈ ਦੌਰ ਵਿੱਚੋਂ ਲੰਘ ਰਿਹਾ ਹੈ ਕਿਉਂਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵੰਬਰ ਮਹੀਨੇ ਧਾਰਮਿਕ ਗ਼ਲਤੀਆਂ ਕਰਨ ਦਾ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਤਨਖਾਹ ਕਾਰਨ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ । ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਲੜਨ ਤੋਂ ਹਟਣ ਪਿੱਛੋਂ ਅਕਾਲੀ ਦਲ ਨੇ ਨਗਰ ਨਿਗਮ ਚੋਣਾਂ ਲੜੀਆਂ ਹਨ ਪਰ ਉਨ੍ਹਾਂ ਵਿਚ ਵੀ ਬਹੁਤੀ ਸਫਲਤਾ ਨਹੀਂ ਮਿਲੀ । ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹਰਿਆਣਾ ਦੇ ਸਿੱਖ ਆਗੂਆਂ ਨਾਲ ਮੀਟਿੰਗ ਕੀਤੀ । ਪਾਰਟੀ ਨੇਤਾਵਾਂ ਅਨੁਸਾਰ ਹਾਲਾਂਕਿ ਅੰਤਿਮ ਫੈਸਲਾ ਅਦਾਲਤ ਦੇ ਫੈਸਲੇ ‘ਤੇ ਨਿਰਭਰ ਕਰੇਗਾ ਪਰ ਅਕਾਲੀ ਦਲ ਨੇ ਹਰਿਆਣਾ ਵਿੱਚ ਹਰਿਆਣਾ ਪੰਥਕ ਦਲ ਦੇ ਬੈਨਰ ਹੇਠ ਇਹ ਚੋਣਾਂ ਲੜਨ ਲਈ ਇੱਕ ਯੋਜਨਾ ਤਿਆਰ ਕੀਤੀ ਹੈ। ਵੱਖ-ਵੱਖ ਹਲਕਿਆਂ ਤੋਂ ਚੋਣ ਲੜਨ ਲਈ ਉਮੀਦਵਾਰਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਹਰਿਆਣਾ ਪੰਥਕ ਦਲ ਨੂੰ ਵੀ ਚੋਣ ਨਿਸ਼ਾਨ ‘ਢੋਲ’ ਅਲਾਟ ਕੀਤਾ ਜਾ ਚੁੱਕਾ ਹੈ।ਸਾਲ 2014 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੋਂ ਵੱਖ ਕਰਨ ਉਪਰੰਤ ਦੇ ਗਠਨ ਤੋਂ ਬਾਅਦ, ਪਹਿਲੀ ਵਾਰ ਹਰਿਆਣਾ ਗੁਰਦੁਆਰਾ ਕਮੇਟੀ ਦੇ ਜਨਰਲ ਹਾਊਸ ਦੀ ਚੋਣ ਕਰਨ ਲਈ ਚੋਣ ਹੋਵੇਗੀ, ਜਿਸ ਵਿੱਚ 49 ਮੈਂਬਰੀ ਹਾਊਸ ਸ਼ਾਮਲ ਹੈ ਜਦੋਂ ਕਿ 40 ਮੈਂਬਰ ਚੋਣਾਂ ਦੌਰਾਨ ਚੁਣੇ ਜਾਣਗੇ ਅਤੇ 9 ਨਾਮਜ਼ਦ ਕੀਤੇ ਜਾਣਗੇ ।

Related Post