
ਪੰਜਾਬੀ ਯੂਨੀਵਰਸਿਟੀ ਦਾ ਨਾਮ ਅਤੇ ਲੋਗੋ ਵਰਤ ਕੇ ਕੁੱਝ ਵੈਬਸਾਈਟਾਂ ਦਾਖ਼ਲਿਆਂ ਲਈ ਕਰ ਰਹੀਆਂ ਹਨ ਗੁਮਰਾਹ*
- by Jasbeer Singh
- April 12, 2025

ਪੰਜਾਬੀ ਯੂਨੀਵਰਸਿਟੀ ਦਾ ਨਾਮ ਅਤੇ ਲੋਗੋ ਵਰਤ ਕੇ ਕੁੱਝ ਵੈਬਸਾਈਟਾਂ ਦਾਖ਼ਲਿਆਂ ਲਈ ਕਰ ਰਹੀਆਂ ਹਨ ਗੁਮਰਾਹ* ਯੂਨੀਵਰਸਿਟੀ ਦਾਖ਼ਲਾ ਸੈੱਲ ਦੇ ਕੋਆਰਡੀਨੇਟਰ ਨੇ ਕੀਤਾ ਸੁਚੇਤ ਪੰਜਾਬੀ ਯੂਨੀਵਰਸਿਟੀ ਦਾ ਦਾਖ਼ਲਿਆ ਨੂੰ ਲੈ ਕੇ ਕਿਸੇ ਵੀ ਕੰਪਨੀ/ਵੈੱਬਸਾਈਟ ਨਾਲ਼ ਨਹੀਂ ਹੈ ਕੋਈ ਇਕਰਾਰਨਾਮਾ ਪਟਿਆਲਾ, 12 ਅਪ੍ਰੈਲ : ਪੰਜਾਬੀ ਯੂਨੀਵਰਸਿਟੀ ਵੱਲੋਂ ਸੈਸ਼ਨ 2025-26 ਲਈ ਕੀਤੇ ਜਾ ਰਹੇ ਦਾਖ਼ਲਿਆਂ ਦੌਰਾਨ ਕੁੱਝ ਪ੍ਰਾਈਵੇਟ ਵੈਬਸਾਈਟਾਂ ਯੂਨੀਵਰਸਿਟੀ ਦੇ ਨਾਮ ਅਤੇ ਲੋਗੋ ਦੀ ਵਰਤੋਂ ਕਰ ਕੇ ਦਾਖ਼ਲਿਆਂ ਲਈ ਰਜਿਸਟ੍ਰੇਸ਼ਨ ਕਰਵਾ ਰਹੀਆਂ ਹਨ। ਯੂਨੀਵਰਸਿਟੀ ਦੇ ਕੇਂਦਰੀ ਦਾਖ਼ਲਾ ਸੈੱਲ ਤੋਂ ਕੋਆਰਡੀਨੇਟਰ ਡਾ. ਗੁਲਸ਼ਨ ਬਾਂਸਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਝ ਵੈਬਸਾਈਟਾਂ ਵੱਲੋਂ ਉਮੀਦਵਾਰਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਿਸ ਬਾਰੇ ਵਿਦਿਆਰਥੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੀ ਸੈਸ਼ਨ 2025-26 ਸਬੰਧੀ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ ਵਿਖੇ ਦਾਖ਼ਲਾ ਲੈਣ ਦੇ ਇੱਛੁਕ ਉਮੀਦਵਾਰ ਮਿਤੀ 22 ਅਪ੍ਰੈਲ 2025 ਤੋਂ ਯੂਨੀਵਰਸਿਟੀ ਦੀ ਅਧਿਕ੍ਰਿਤ ਵੈੱਬਸਾਈਟ www.pupadmissions.ac.in ਰਾਹੀਂ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਯੂਨੀਵਰਸਿਟੀ ਕੈਂਪਸ ਵਿਖੇ ਦਾਖ਼ਲਾ ਲੈਣ ਦੇ ਇੱਛੁਕ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ www.pupadmissions.ac.in 'ਤੇ ਹੀ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ। ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਦਾ ਦਾਖ਼ਲਿਆ ਨੂੰ ਲੈ ਕੇ ਕਿਸੇ ਵੀ ਕੰਪਨੀ/ਵੈੱਬਸਾਈਟ ਨਾਲ਼ ਕੋਈ ਇਕਰਾਰਨਾਮਾ ਨਹੀਂ ਹੋਇਆ ਹੈ। ਜੇਕਰ ਕਿਸੇ ਉਮੀਦਵਾਰ ਦਾ ਕਿਸੇ ਹੋਰ ਵੈਬਸਾਈਟ ਰਾਹੀਂ ਕਿਸੇ ਤਰ੍ਹਾਂ ਦਾ ਅਕਾਦਮਿਕ ਜਾਂ ਵਿੱਤੀ ਨੁਕਸਾਨ ਹੁੰਦਾ ਹੈ ਤਾਂ ਉਹ ਉਮੀਦਵਾਰ ਇਸ ਸਬੰਧੀ ਖ਼ੁਦ ਜ਼ਿੰਮੇਵਾਰ ਹੋਵੇਗਾ।