post

Jasbeer Singh

(Chief Editor)

ਸਪੀਕਰ ਸੰਧਵਾਂ ਨੇ ਯੂ.ਕੇ. ਦੀਆਂ ਆਮ ਚੋਣਾਂ ਵਿੱਚ ਜਿੱਤ ਦਰਜ ਕਰਨ ਵਾਲੇ 10 ਪੰਜਾਬੀਆਂ ਨੂੰ ਦਿੱਤੀ ਵਧਾਈ

post-img

ਸਪੀਕਰ ਸੰਧਵਾਂ ਨੇ ਯੂ.ਕੇ. ਦੀਆਂ ਆਮ ਚੋਣਾਂ ਵਿੱਚ ਜਿੱਤ ਦਰਜ ਕਰਨ ਵਾਲੇ 10 ਪੰਜਾਬੀਆਂ ਨੂੰ ਦਿੱਤੀ ਵਧਾਈ ਕਿਹਾ, ਹਾਊਸ ਆਫ਼ ਕਾਮਨਜ਼ ਵਿੱਚ ਪੰਜਾਬੀਆਂ ਦੀ ਆਵਾਜ਼ ਬੁਲੰਦ ਹੋਵੇਗੀ ਚੰਡੀਗੜ੍ਹ, 6 ਜੁਲਾਈ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਇੰਗਲੈਂਡ ਦੀਆਂ ਆਮ ਚੋਣਾਂ ਵਿੱਚ ਜਿੱਤ ਦਰਜ ਕਰਨ ਵਾਲੇ 10 ਪੰਜਾਬੀਆਂ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਇਸ ਜਿੱਤ ਨਾਲ ਹਾਊਸ ਆਫ਼ ਕਾਮਨਜ਼ ਵਿੱਚ ਸਿੱਖਾਂ ਅਤੇ ਪੰਜਾਬੀਆਂ ਦੀ ਆਵਾਜ਼ ਬੁਲੰਦ ਹੋਵੇਗੀ। ਅੱਜ ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ਜ਼ਰੀਏ ਵਧਾਈ ਸੰਦੇਸ਼ ਦਿੰਦਿਆਂ ਸ. ਸੰਧਵਾਂ ਨੇ ਤਨਮਨਜੀਤ ਸਿੰਘ ਢੇਸੀ ਅਤੇ ਹੋਰਾਂ ਵੱਲੋਂ ਯੂ.ਕੇ. ਦੀਆਂ ਆਮ ਚੋਣਾਂ ਵਿੱਚ ਵੱਡੀਆਂ ਜਿੱਤਾਂ ਦਰਜ ਕਰਨ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਆਏ ਨਤੀਜਿਆਂ ਵਿੱਚ ਲੇਬਰ ਪਾਰਟੀ ਵਲੋਂ ਦਰਜ ਕੀਤੀ ਹੂੰਝਾਫੇਰੂ ਜਿੱਤ ਨਾਲ ਯੂ.ਕੇ. ਦੀ ਪਾਰਲੀਮੈਂਟ ਵਿੱਚ ਪੰਜਾਬੀਆਂ ਖ਼ਾਸ ਕਰ ਸਿੱਖਾਂ ਨੂੰ ਮਹੱਤਵਪੂਰਨ ਨਮਾਇੰਦਗੀ ਹਾਸਲ ਹੋਈ ਹੈ। ਸਪੀਕਰ ਨੇ ਇਨ੍ਹਾਂ ਚੋਣਾਂ ਵਿੱਚ ਦਰਜ ਜਿੱਤ ਨੂੰ ਇਤਿਹਾਸਕ ਅਤੇ ਪੰਜਾਬੀ ਭਾਈਚਾਰੇ ਲਈ ਇੱਕ ਮੀਲ ਪੱਥਰ ਗਰਦਾਨਦਿਆਂ ਕਿਹਾ ਕਿ ਸਿੱਖ ਆਗੂਆਂ ਦੀ ਇਹ ਜਿੱਤ ਮਾਣ ਕਰਨ ਵਾਲੀ ਅਤੇ ਵਕਾਰੀ ਜਿੱਤ ਹੈ। ਉਨ੍ਹਾਂ ਕਿਹਾ ਕਿ ਬਰਤਾਨਵੀ ਪਾਰਲੀਮੈਂਟ ਲਈ ਪਹਿਲੀ ਵਾਰ 10 ਸਿੱਖ ਤੇ ਪੰਜਾਬੀ ਮੈਂਬਰਾਂ, ਜਿਨ੍ਹਾਂ ਵਿੱਚ 5 ਮਹਿਲਾਵਾਂ ਸ਼ਾਮਲ ਹਨ, ਦਾ ਚੁਣੇ ਜਾਣੇ ਇਕ ਮਿਸਾਲ ਗੱਲ ਹੈ। ਨਵੇਂ ਚੁਣੇ ਗਏ ਸੰਸਦ ਮੈਂਬਰਾਂ ਤੋਂ ਯੂ.ਕੇ . ਦੇ ਆਮ ਲੋਕਾਂ ਅਤੇ ਪੰਜਾਬੀ ਭਾਈਚਾਰੇ ਦੇ ਸਰੋਕਾਰਾਂ ਲਈ ਲਗਾਤਾਰ ਯਤਨਸ਼ੀਲ ਰਹਿਣ ਦੀ ਉਮੀਦ ਕਰਦਿਆਂ ਸ. ਸੰਧਵਾਂ ਨੇ ਜੇਤੂ ਪੰਜਾਬੀਆਂ ਦੀ ਸਫ਼ਲਤਾ ਅਤੇ ਇੰਗਲੈਂਡ ਦੀ ਰਾਜਨੀਤੀ ਵਿੱਚ ਜ਼ਿਕਰਯੋਗ ਅਗਵਾਈ ਕਰਨ ਦੀ ਕਾਮਨਾ ਵੀ ਕੀਤੀ।

Related Post