
ਸਪੀਕਰ ਸੰਧਵਾਂ ਨੇ ਕਿਸਾਨ ਖੁਦਕੁਸ਼ੀਆਂ ਦੇ ਮੱਦੇ ਉੱਤੇ ਕੇਂਦਰ ਸਰਕਾਰ ਨੂੰ ਆੜੇ ਹੱਥੀ ਲਿਆ
- by Jasbeer Singh
- July 4, 2025

ਸਪੀਕਰ ਸੰਧਵਾਂ ਨੇ ਕਿਸਾਨ ਖੁਦਕੁਸ਼ੀਆਂ ਦੇ ਮੱਦੇ ਉੱਤੇ ਕੇਂਦਰ ਸਰਕਾਰ ਨੂੰ ਆੜੇ ਹੱਥੀ ਲਿਆ - ਕਿਹਾ, ਕੇਂਦਰ ਸਰਕਾਰ ਦੀ ਨੀਤੀਆਂ ਕਾਰਨ ਕਿਸਾਨ ਖੁਦਕੁਸ਼ੀਆਂ ਕਰਨ ਲਈ ਹੋ ਰਹੇ ਮਜਬੂਰ - ਕੈਬਨਿਟ ਮੰਤਰੀ ਅਮਨ ਅਰੋੜਾ ਦੇ ਸਵਰਗੀ ਪਿਤਾ ਬਾਬੂ ਭਗਵਾਨ ਦਾਸ ਅਰੋੜਾ ਦੀ 25ਵੀ ਬਰਸੀ ਸਮਾਗਮ ਵਿੱਚ ਸ਼ਿਰਕਤ ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ, 4 ਜੁਲਾਈ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਦੇਸ਼ ਵਿੱਚ ਕਿਸਾਨਾਂ ਦੇ ਖੁਦਕੁਸ਼ੀਆਂ ਕਰਨ ਦੇ ਮੁੱਦੇ ਤੇ ਕੇਂਦਰ ਦੀ ਸਰਕਾਰ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਖਾਸ ਕਰਕੇ ਮਹਾਰਾਸ਼ਟਰਾਂ ਵਿੱਚ ਕਿਸਾਨ ਹਰ ਰੋਜ ਖੁਦਖੁਸ਼ੀਆਂ ਕਰਨ ਲਈ ਮਜਬੂਰ ਹੋਏ ਹਨ । ਉਨ੍ਹਾਂ ਇਹ ਵਿਚਾਰ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਪਿਤਾ ਸਵ: ਬਾਬੂ ਭਗਵਾਨ ਦਾਸ ਅਰੋੜਾ (ਸਾਬਕਾ ਮੰਤਰੀ ਪੰਜਾਬ) ਦੀ 25ਵੀਂ ਬਰਸੀ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆ ਪ੍ਰਗਟ ਕੀਤੇ । ਉਨ੍ਹਾਂ ਮਹਾਰਾਸ਼ਟਰਾ 'ਚ ਹੋ ਰਹੀਆਂ ਕਿਸਾਨ ਆਤਮਹਤਿਆਵਾਂ ਦੇ ਆਂਕੜੇ ਪੇਸ਼ ਕਰਦਿਆਂ ਕੇਂਦਰ ਦੀ ਕਿਸਾਨ ਨੀਤੀ ਤੇ ਸਵਾਲ ਉਠਾਏ। ਸ. ਸੰਧਵਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਇਨਪੁਟ ਦੀਆਂ ਉੱਚੀਆਂ ਕੀਮਤਾਂ, ਝੂਠੇ ਵਾਅਦੇ ਤੇ ਮੰਦੀ ਦੀ ਮਾਰੀ ਕਾਰਨ ਕਿਸਾਨ ਚਿੰਤਾਜਨਕ ਹਾਲਤ 'ਚ ਪਹੁੰਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਹਰ ਖੇਤਰ ਵਿਚ ਵਿਕਾਸ ਦੀਆਂ ਨਵੀਆਂ ਪਿਰਤਾਂ ਪਾਈਆਂ ਹਨ। ਪੰਜਾਬ ਦੀ ਆਰਥਿਕਤਾ ਦਾ ਧੁਰਾ ਕਿਸਾਨੀ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਦੇ ਹਿੱਸੇ ਦੇ ਪਾਣੀਆਂ ਦੀ ਵੱਡੀ ਲੜਾਈ ਜਿੱਤ ਕੇ ਦਹਾਕਿਆਂ ਤੋਂ ਪੰਜਾਬ ਦਾ ਪਾਣੀ ਹੋਰ ਸੂਬਿਆ ਨੂੰ ਜਾਣ ਤੋ ਰੋਕ ਕੇ ਪੰਜਾਬ ਦੇ ਕਿਸਾਨਾ ਦੇ ਖੇਤਾਂ ਤੱਕ ਪਹੁੰਚਾਇਆ ਹੈ ਜਿਸ ਨਾਲ ਮੋਟਰਾਂ, ਬੋਰਾਂ ਤੇ ਰੱਖ ਰਖਾਓ ਦਾ ਖਰਚਾ ਘਟਿਆ ਹੈ। ਸਰਕਾਰ ਵਲੋਂ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਮੱਕੀ ਲਗਾਉਣ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਝੋਨੇ ਦੀ ਸਿੱਧੀ ਬਿਜਾਈ ਵੱਲ ਪ੍ਰੇਰਿਤ ਕਰਨ ਲਈ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਆਰਥਿਕ ਮਦਦ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਖੇਤੀ ਲਾਗਤ ਵਿੱਚ ਕਮੀ ਆਵੇ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਹਰੇਕ ਪੱਧਰ 'ਤੇ ਕਿਸਾਨਾਂ ਦੀ ਆਵਾਜ਼ ਨੂੰ ਉੱਭਾਰਿਆ, ਮੁਆਵਜ਼ਾ, ਸਹਾਇਤਾ ਤੇ ਵਿਕਾਸ ਲਈ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਰਹੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਲਈ ਵਧੇਰੇ ਸਹੂਲਤਾਂ ਤੇ ਹਮਦਰਦੀ ਦੀ ਨੀਤੀ ਲਾਗੂ ਕਰੇ ਨਾ ਕਿ ਉਨ੍ਹਾਂ ਨੂੰ ਕਰਜ਼ਿਆਂ ਹੇਠ ਪੀਸਣ ਦੇ ਲਈ ਮਜਬੂਰ ਕਰੇ।
Related Post
Popular News
Hot Categories
Subscribe To Our Newsletter
No spam, notifications only about new products, updates.