post

Jasbeer Singh

(Chief Editor)

Punjab

11 ਤੋਂ 13 ਦਸੰਬਰ ਤੱਕ ਮਾਲੇਰਕੋਟਲਾ ਵਿਖੇ ਹੋਵੇਗਾ “ਸੂਫ਼ੀ ਫੈਸਟੀਵਲ” : ਡਿਪਟੀ ਕਮਿਸ਼ਨਰ

post-img

11 ਤੋਂ 13 ਦਸੰਬਰ ਤੱਕ ਮਾਲੇਰਕੋਟਲਾ ਵਿਖੇ ਹੋਵੇਗਾ “ਸੂਫ਼ੀ ਫੈਸਟੀਵਲ” : ਡਿਪਟੀ ਕਮਿਸ਼ਨਰ ਰੰਗਲੇ ਪੰਜਾਬ ਦੀ ਝਲਕ ਦਿਖਾਵੇਗਾ ਸੂਫ਼ੀ ਫੈਸਟੀਵਲ, ਨਾਮਵਰ ਕਲਾਕਾਰ ਕਰਨਗੇ ਆਪਣੇ ਫਨ ਦੀ ਪੇਸ਼ਕਾਰੀ ਮਾਲੇਰਕੋਟਲਾ, 26 ਨਵੰਬਰ 2025 : ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਸੂਫ਼ੀ ਫੈਸਟੀਵਲ ਲਈ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੀ ਅਮੀਰ ਵਿਰਾਸਤ, ਰੂਹਾਨੀਅਤ ਅਤੇ ਸੱਭਿਆਚਾਰ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਚਾਰਿਤ ਕਰਨ ਲਈ ਵਚਨਬੱਧ ਹੈ। ਇਸੇ ਉਦੇਸ਼ ਦੀ ਪੂਰਤੀ ਲਈ 11 ਤੋਂ 13 ਦਸੰਬਰ ਤੱਕ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ “ਮਾਲੇਰਕੋਟਲਾ ਸੂਫ਼ੀ ਫੈਸਟੀਵਲ” ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਫੈਸਟੀਵਲ ਦੌਰਾਨ ਪ੍ਰਸਿੱਧ ਕਲਾਕਾਰ ਆਪਣੇ ਸੂਫ਼ੀ ਸੰਗੀਤ ਰਾਹੀਂ ਦਰਸ਼ਕਾਂ ਨੂੰ ਰੂਹਾਨੀ ਰੰਗ ਵਿੱਚ ਰੰਗਣਗੇ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਹੋਣ ਵਾਲੇ ਇਸ ਫੈਸਟੀਵਲ ਵਿੱਚ ਮਾਲੇਰਕੋਟਲਾ ਦੀ ਸਭਿਆਚਾਰਕ ਪਛਾਣ, ਕਲਾ, ਰਵਾਇਤੀ ਫਨ ਅਤੇ ਸਥਾਨਕ ਕਲਾਕਾਰਾਂ ਨੂੰ ਇੱਕ ਮੰਚ ’ਤੇ ਲਿਆਂਦਾ ਜਾਵੇਗਾ ਤਾਂ ਜੋ ਉਹ ਆਪਣੀ ਕਲਾ ਦੀ ਪੇਸ਼ਕਾਰੀ ਕਰ ਸਕਣ। ਉਨ੍ਹਾਂ ਕਿਹਾ ਕਿ ਜਿੱਥੇ ਫਨਕਾਰਾਂ ਨੂੰ ਆਪਣੀ ਕਲਾ ਦੀ ਪੇਸ਼ਕਾਰੀ ਲਈ ਬੇਮਿਸਾਲ ਮੌਕਾ ਮਿਲੇਗਾ ਉੱਥੇ ਹੀ ਨੌਜਵਾਨ ਪੀੜ੍ਹੀ ਵੀ ਆਪਣੇ ਸੱਭਿਆਚਾਰ ਅਤੇ ਵਿਰਾਸਤ ਦੇ ਹੋਰ ਨੇੜੇ ਹੋਵੇਗੀ । ਉਨ੍ਹਾਂ ਅਧਿਕਾਰੀਆਂ ਨੂੰ ਸੂਫ਼ੀ ਫ਼ੈਸਟੀਵਲ ਦੇ ਅਗੇਤੇ ਪ੍ਰਬੰਧ ਨਿਯਮਤ ਸਮੇਂ ਅੰਦਰ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਅਤੇ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਸੁਰੱਖਿਆ ਅਤੇ ਟਰੈਫਿਕ ਪ੍ਰਬੰਧ ਬੇਹਤਰ ਕਰਨ ਲਈ ਹਦਾਇਤਾਂ ਦਿੱਤੀਆਂ। ਉਨ੍ਹਾਂ ਸਮਾਗਮ ਵਾਲੀ ਥਾਂ ਅਤੇ ਆਲ਼ੇ ਦੁਆਲੇ ਦੀ ਸਾਫ਼ ਸਫ਼ਾਈ, ਪਖਾਨਿਆਂ, ਪਾਰਕਿੰਗ ਵਾਲੇ ਸਥਾਨ ਦੀ ਸਾਫ਼ ਸਫ਼ਾਈ ਦੇ ਪ੍ਰਬੰਧ ਕਰਨ ਲਈ ਨਿਰਦੇਸ਼ ਦਿੱਤੇ । ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਪੀਣ ਵਾਲੇ ਪਾਣੀ, ਪੁਖ਼ਤਾ ਰੋਸ਼ਨੀ, ਨਿਰਵਿਘਨ ਬਿਜਲੀ ਦੀ ਸਪਲਾਈ ਆਦਿ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ । ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਫੈਸਟੀਵਲ ਵਿੱਚ ਸਥਾਨਕ ਰਵਾਇਤੀ ਖਾਣ ਪੀਣ ਅਤੇ ਦਸਤਕਾਰੀ ਨੂੰ ਉਭਾਰਨ ਲਈ ਵਿਸ਼ੇਸ਼ ਸਟਾਲ ਵੀ ਲਗਾਏ ਜਾਣਗੇ ਤਾਂ ਕਿ ਸੈਲਾਨੀ ਮਾਲੇਰਕੋਟਲਾ ਦੇ ਪਕਵਾਨਾਂ ਦੇ ਜਾਇਕੇ ਅਤੇ ਵਿਰਾਸਤ ਨਾਲ ਰੂਬਰੂ ਹੋ ਸਕਣ। ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਸੂਫ਼ੀ ਫ਼ੈਸਟੀਵਲ ਸਮੇਂ ਆਯੋਜਿਤ ਹੋਣ ਵਾਲੇ ਸਮਾਗਮਾਂ ਦੀ ਕੋਈ ਟਿਕਟ ਨਹੀਂ ਹੋਵੇਗੀ ਇਸ ਲਈ ਇਸ ਤਿੰਨ ਰੋਜਾ ਫੈਸਟੀਵਲ ਲਈ ਸਮੂਹ ਨਿਵਾਸੀਆਂ, ਕਲਾ ਪ੍ਰੇਮੀਆਂ ਅਤੇ ਆਮ ਲੋਕਾਂ ਨੂੰ ਖੁੱਲ੍ਹਾ ਸੱਦਾ ਹੋਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ, ਐਸ.ਪੀ. ਗੁਰਸ਼ਨਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ, ਸਹਾਇਕ ਕਮਿਸ਼ਨਰ ਰਾਕੇਸ਼ ਗਰਗ, ਜ਼ਿਲ੍ਹਾ ਮਾਲ ਅਫਸਰ ਮਨਦੀਪ ਕੌਰ, ਸਿਵਲ ਸਰਜਨ ਡਾ. ਸੰਜੇ ਗੋਇਲ, ਕਾਰਜ ਸਾਧਕ ਅਫਸਰ ਵਿਕਾਸ ਓਪਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Related Post

Instagram