post

Jasbeer Singh

(Chief Editor)

Patiala News

ਪਟਿਆਲਾ ਵਿੱਚ ਗੰਨਾ ਕਿਸਾਨਾਂ ਨੂੰ ਯੂਰੀਆ ਦੀ ਸਹੀ ਵਰਤੋਂ ਲਈ ਜਾਗਰੂਕ ਕੀਤਾ ਗਿਆ

post-img

ਪਟਿਆਲਾ ਵਿੱਚ ਗੰਨਾ ਕਿਸਾਨਾਂ ਨੂੰ ਯੂਰੀਆ ਦੀ ਸਹੀ ਵਰਤੋਂ ਲਈ ਜਾਗਰੂਕ ਕੀਤਾ ਗਿਆ ਪਟਿਆਲਾ, 28 ਅਪ੍ਰੈਲ 2026 : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਸਹਾਇਕ ਗੰਨਾ ਵਿਕਾਸ ਅਫਸਰ, ਪਟਿਆਲਾ ਅਤੇ ਨਾਹਰ ਖੰਡ ਮਿੱਲ, ਅਮਲੋਹ ਦੇ ਫੀਲਡ ਸਟਾਫ ਵੱਲੋਂ 24 ਅਪ੍ਰੈਲ ਨੂੰ ਨਾਹਰ ਖੰਡ ਮਿੱਲ, ਅਮਲੋਹ ਦੇ ਗੇਟ ਏਰੀਏ ਦੇ ਪਿੰਡਾਂ ਵਿੱਚ ਸੰਤੁਲਿਤ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਇਸ ਮੁਹਿੰਮ ਦੀ ਸ਼ੁਰੂਆਤ ਅਰਸ਼ਦੀਪ ਸਿੰਘ ਥਿੰਦ, ਪ੍ਰਬੰਧਕੀ ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਤੇ ਡਾ. ਅਮਰੀਕ ਸਿੰਘ, ਕੇਨ ਕਮਿਸ਼ਨਰ, ਪੰਜਾਬ, ਐਸ.ਏ.ਐਸ. ਨਗਰ ਦੇ ਨਿਰਦੇਸ਼ਾਂ ਅਨੁਸਾਰ ਕੀਤੀ ਗਈ। ਇਸ ਮੁਹਿੰਮ ਤਹਿਤ 28 ਪਿੰਡਾਂ ਵਿੱਚ ਕਿਸਾਨ ਸਿਖਲਾਈ ਕੈਂਪ ਅਤੇ ਨੁੱਕੜ ਮੀਟਿੰਗਾਂ ਕਰਵਾਈਆਂ ਗਈਆਂ, ਜਿੱਥੇ ਗੰਨਾ ਕਾਸ਼ਤਕਾਰਾਂ ਨੂੰ ਖਾਸ ਕਰਕੇ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ਾਂ ਅਨੁਸਾਰ ਕਰਨ ਲਈ ਜਾਗਰੂਕ ਕੀਤਾ ਗਿਆ । ਡਾ. ਗੌਰਵ ਅਰੋੜਾ, ਸਹਾਇਕ ਗੰਨਾ ਵਿਕਾਸ ਅਫਸਰ, ਪਟਿਆਲਾ ਵੱਲੋਂ ਦੱਸਿਆ ਗਿਆ ਕਿ ਗੰਨੇ ਦੀ ਫ਼ਸਲ ਲੰਮੇ ਸਮੇਂ ਦੀ ਹੋਣ ਕਰਕੇ ਇਸਨੂੰ ਹੋਰ ਫ਼ਸਲਾਂ ਨਾਲੋਂ ਵੱਧ ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ, ਪਰੰਤੂ ਵੱਧ ਖਾਦਾਂ ਦੀ ਵਰਤੋਂ ਨਾਲ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਵੱਧ ਯੂਰੀਆ ਦੇ ਇਸਤੇਮਾਲ ਨਾਲ ਫ਼ਸਲ ਡਿੱਗਣ, ਕੀੜਿਆਂ ਦੇ ਹਮਲੇ ਅਤੇ ਖੰਡ ਦੀ ਰਿਕਵਰੀ ‘ਤੇ ਨਕਾਰਾਤਮਕ ਅਸਰ ਪੈਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਵਾਰ ਸਤੰਬਰ ਮਹੀਨੇ ਵਿੱਚ ਵੀ ਯੂਰੀਆ ਪਾਇਆ ਜਾਂਦਾ ਹੈ, ਜੋ ਕਿ ਗਲਤ ਪ੍ਰਥਾ ਹੈ, ਕਿਉਂਕਿ ਇਸ ਨਾਲ ਨਵੀਂ ਫੁੱਟ ਨਿਕਲਦੀ ਹੈ ਜੋ ਗੰਨਿਆਂ ਵਿੱਚ ਤਬਦੀਲ ਨਹੀਂ ਹੁੰਦੀ ਅਤੇ ਪਹਿਲਾਂ ਬਣੇ ਗੰਨਿਆਂ ਦਾ ਭਾਰ ਘਟਾਉਂਦੀ ਹੈ। ਮਾਹਿਰਾਂ ਵੱਲੋਂ ਸਿਫਾਰਸ਼ ਕੀਤੀ ਗਈ ਕਿ ਪਤਝੜ ਰੁੱਤ ਦੀ ਫ਼ਸਲ ਲਈ 195 ਕਿਲੋ ਯੂਰੀਆ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਈ ਜਾਵੇ—ਪਹਿਲੀ ਬਿਜਾਈ ਸਮੇਂ, ਦੂਜੀ ਮਾਰਚ ਦੇ ਅਖੀਰ ਵਿੱਚ ਅਤੇ ਤੀਜੀ ਅਪ੍ਰੈਲ ਦੇ ਅੰਤ ਵਿੱਚ। ਬਹਾਰ ਰੁੱਤ ਦੀ ਫ਼ਸਲ ਲਈ ਵੀ ਯੂਰੀਆ ਦੀ ਮਾਤਰਾ ਅਤੇ ਸਮਾਂ ਨਿਰਧਾਰਤ ਕੀਤਾ ਗਿਆ ਹੈ । ਡਾ. ਪਰਮਜੀਤ ਕੌਰ, ਖੇਤੀਬਾੜੀ ਵਿਕਾਸ ਅਫਸਰ (ਗੰਨਾ), ਪਟਿਆਲਾ ਵੱਲੋਂ ਦੱਸਿਆ ਗਿਆ ਕਿ ਮਿੱਟੀ ਪਰਖ ਦੇ ਆਧਾਰ ‘ਤੇ ਹੀ ਫਾਸਫੋਰਸ ਅਤੇ ਪੋਟਾਸ਼ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਫਾਸਫੋਰਸ ਦੀ ਘਾਟ ਹੋਵੇ ਤਾਂ 75 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ । ਉਨ੍ਹਾਂ ਕਿਸਾਨਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਵੱਧ ਖਾਦਾਂ ਦੀ ਵਰਤੋਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਨਾਈਟ੍ਰੋਜ਼ਨ ਜ਼ਮੀਨੀ ਪਾਣੀ ਵਿੱਚ ਮਿਲ ਕੇ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਹੈ। ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਜਾਏ ਖੇਤਾਂ ਵਿੱਚ ਹੀ ਸੰਭਾਲ ਕੇ ਰੱਖਿਆ ਜਾਵੇ, ਤਾਂ ਜੋ ਮਿੱਟੀ ਦੀ ਸਿਹਤ ਬਰਕਰਾਰ ਰਹੇ । ਖੇਤੀਬਾੜੀ ਵਿਭਾਗ ਵੱਲੋਂ ਇਹ ਜਾਗਰੂਕਤਾ ਮੁਹਿੰਮ ਅੱਗੇ ਵੀ ਜਾਰੀ ਰਹੇਗੀ।

Related Post

Instagram