

ਸਾਬਕਾ ਕੌਂਸਲਰ ਦੀ ਪਤਨੀ ਵੱਲੋਂ ਆਤਮ-ਹੱਤਿਆ ਜਲੰਧਰ, : ਛਾਉਣੀ ਦੇ ਮੁਹੱਲਾ ਨੰਬਰ 30 ’ਚ ਮੰਗਲਵਾਰ ਦੇਰ ਰਾਤ ਕੰਟੋਨਮੈਂਟ ਬੋਰਡ ਦੇ ਸਾਬਕਾ ਕੌਂਸਲਰ ਦੀ ਪਤਨੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ 28 ਸਾਲਾ ਸੁਨੈਨਾ ਵਜੋਂ ਹੋਈ ਹੈ। ਕਰੀਬ ਅੱਠ ਮਹੀਨੇ ਪਹਿਲਾਂ ਉਸ ਦਾ ਵਿਆਹ ਸਾਬਕਾ ਕੌਂਸਲਰ ਜੌਲੀ ਅਟਵਾਲ ਨਾਲ ਹੋਇਆ ਸੀ ਜੋ ਘਟਨਾ ਮਗਰੋਂ ਫਰਾਰ ਹੈ। ਧੀ ਦੀ ਮੌਤ ਬਾਰੇ ਪਤਾ ਲੱਗਣ ਤੋਂ ਬਾਅਦ ਉਸ ਦੀ ਮਾਂ ਤੇ ਪਰਿਵਾਰਕ ਮੈਂਬਰਾਂ ਨੇ ਥਾਣੇ ’ਚ ਜਾ ਕੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਧੀ ਖੁਦਕੁਸ਼ੀ ਨਹੀਂ ਕਰ ਸਕਦੀ ਤੇ ਉਸ ਨੂੰ ਮਾਰਿਆ ਗਿਆ ਹੈ। ਮ੍ਰਿਤਕ ਦੀ ਮਾਂ ਵੰਦਨਾ ਨੇ ਦੱਸਿਆ ਕਿ ਬੇਟੀ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ ਹੈ, ਉਨ੍ਹਾਂ ਨੂੰ ਇਸ ਬਾਰੇ ਇਲਾਕਾ ਨਿਵਾਸੀਆਂ ਤੋਂ ਪਤਾ ਲੱਗਾ। ਇਸ ਤੋਂ ਬਾਅਦ ਜਦੋਂ ਉਹ ਘਰ ਪਹੁੰਚੀ ਤਾਂ ਉਸ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ ਤੇ ਉਸ ਦੀ ਲਾਸ਼ ਹਸਪਤਾਲ ’ਚ ਪਈ ਹੈ। ਉਸ ਨੇ ਦੋਸ਼ ਲਾਇਆ ਕਿ ਜੌਲੀ ਅਕਸਰ ਉਸ ਦੀ ਬੇਟੀ ਨੂੰ ਤੰਗ-ਪ੍ਰੇਸ਼ਾਨ ਕਰਦਾ ਰਹਿੰਦਾ ਸੀ, ਜਿਸ ਬਾਰੇ ਧੀ ਦੱਸਦੀ ਰਹਿੰਦੀ ਸੀ। ਉਸ ਨੇ ਕਈ ਵਾਰ ਦੋਵਾਂ ਨੂੰ ਬਿਠਾ ਕੇ ਸਮਝਾਇਆ। ਉਸ ਨੂੰ ਸ਼ੱਕ ਹੈ ਕਿ ਜੌਲੀ ਨੇ ਉਸ ਨੂੰ ਮਾਰ ਦਿੱਤਾ ਹੈ ਤੇ ਬਾਅਦ ’ਚ ਖੁਦਕੁਸ਼ੀ ਦੀ ਝੂਠੀ ਕਹਾਣੀ ਰਚੀ ਹੈ।