July 6, 2024 01:14:33
post

Jasbeer Singh

(Chief Editor)

Latest update

ਸੁਖਬੀਰ ਨੇ ਸ਼ਰਮਾ ਦੀ ਜਿੱਤ ਨੂੰ ਵਕਾਰ ਦਾ ਸਵਾਲ ਬਣਾਇਆ

post-img

ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਤੋਂ ਪਹਿਲੀ ਵਾਰ ਹਿੰਦੂ ਚਿਹਰੇ ਦੇ ਰੂਪ ’ਚ ਖੜ੍ਹੇ ਕੀਤੇ ਉਮੀਦਵਾਰ ਐੱਨਕੇ ਸ਼ਰਮਾ ਦੀ ਚੋਣ ਨੂੰ ਆਪਣੇ ਵਕਾਰ ਦਾ ਸਵਾਲ ਬਣਾ ਲਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਉਸ ਦੀ ਜਿੱਤ ਯਕੀਨੀ ਬਣਾਉਣ ਲਈ ਹੁਣ ਤੋਂ ਹੀ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਅੱਜ ਸੰਸਦੀ ਸੀਟ ਦੇ ਸਮੂਹ ਹਲਕਾ ਇੰਚਾਰਜਾਂ ਨਾਲ ਮੀਟਿੰਗ ਕਰਕੇ ਆਪਸੀ ਮਤਭੇਦ ਦੂਰ ਕਰਦਿਆਂ ਇਕਜੁੱਟਤਾ ਨਾਲ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੀ ਤਕੀਦ ਕੀਤੀ ਹੈ। ਇਸ ਦੌਰਾਨ ਹੀ ਉਨ੍ਹਾਂ ਨੇ ਹਲਕਾ ਇੰਚਾਰਜਾਂ ਨਾਲ ਚੋਣ ਰਣਨੀਤੀ ਘੜਨ ਲਈ ਵਿਚਾਰ ਵਟਾਂਦਰਾ ਵੀ ਕੀਤਾ। ਇਸ ਮੀਟਿੰਗ ’ਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ, ਭੁਪਿੰਦਰ ਸੇਖੂਪੁਰ, ਬਿੱਟੂ ਚੱਠਾ, ਅਮਰਿੰਦਰ ਬਜਾਜ, ਚਰਨਜੀਤ ਬਰਾੜ, ਕਬੀਰ ਦਾਸ ਤੇ ਮੱਖਣ ਲਾਲਕਾ ਸਮੂਹ ਹਲਕਾ ਇੰਚਾਰਜਾਂ ਸਣੇ ਸ਼ਹਿਰੀ ਪ੍ਰਧਾਨ ਅਮਿਤ ਰਾਠੀ ਆਦਿ ਵੀ ਮੌਜੂਦ ਸਨ।ਅਕਾਲੀ ਦਲ ਨੂੰ 1998 ਤੋਂ ਬਾਅਦ ਇਥੋਂ ਜਿੱਤ ਨਸੀਬ ਨਹੀਂ ਹੋਈ, ਜਦੋਂਕਿ ਐਤਕੀਂ ਪਹਿਲੀ ਵਾਰ ਹਿੰਦੂ ਚਿਹਰੇ ’ਤੇ ਪੱਤਾ ਖੇਡਦਿਆਂ ਪਾਰਟੀ ਪ੍ਰਧਾਨ ਨੇ ਚੋਣ ਪਿੜ ’ਚ ਐੱਨਕੇ ਸ਼ਰਮਾ ਨੂੰ ਉਤਾਰਿਆ ਹੈ। ਉਹ ਇਸ ਚੋਣ ਨੂੰ ਆਪਣੇ ਵੱਕਾਰ ਦਾ ਸਵਾਲ ਵੀ ਬਣਾ ਚੁੱਕੇ ਹਨ। ਇਹੀ ਕਾਰਨ ਹੈ ਕਿ ਉਹ ਇਥੇ ਲਗਾਤਾਰ ਫੇਰੀਆਂ ਪਾ ਰਹੇ ਹਨ।ਸੁਬਬੀਰ ਬਾਦਲ ਦਾ ਕਹਿਣਾ ਸੀ ਕਿ ਪਟਿਆਲਾ ਵਿੱਚ ਕਾਂਗਰਸ ਅਤੇ ਭਾਜਪਾ ਨੇ ਜਿੱਥੇ ਦਲਬਦਲੂਆਂ ਅਤੇ ਮੌਕਾਪ੍ਰਸਤਾਂ ਨੂੰ ਪਿੜ ’ਚ ਉਤਾਰਿਆ ਹੈ, ਉਥੇ ਹੀ ਅਕਾਲੀ ਦਲ ਨੇ ਹਮੇਸ਼ਾ ਹੀ ਪਾਰਟੀ ਪ੍ਰਤੀ ਵਫ਼ਾਦਾਰ ਰਹੇ ਸ਼ਖਸ ਨੂੰ ਟਿਕਟ ਦਿੱਤੀ ਹੈ।

Related Post