go to login
post

Jasbeer Singh

(Chief Editor)

Entertainment

ਤੂੰਬੇ-ਅਲਗੋਜ਼ੇ ਨਾਲ ਰੰਗ ਬੰਨ੍ਹਣ ਵਾਲਾ ਸੁਖਦੇਵ ਸਿੰਘ ਮੱਦੋ ਕੇ

post-img

ਤੂੰਬੇ ਅਲਗੋਜ਼ੇ ਦੀ ਗਾਇਕੀ ਵਿੱਚ ਉਸਤਾਦ ਗਵੰਤਰੀ ਕਾਕਾ ਰਾਵਾਂ ਖੇਲਾ ਵਾਲੇ ਦੀ ਪੀੜ੍ਹੀ (ਪਰੰਪਰਾ) ਨੂੰ ਅੱਗੇ ਤੋਰਨ ਵਾਲੇ ਗਾਇਕਾਂ ਦੀ ਲੰਬੀ ਲੜੀ ਹੈ। ਇਸ ਲੜੀ ਦਾ ਹੀ ਇੱਕ ਬੇਸ਼ਕੀਮਤੀ ਮੋਤੀ ਹੈ, ਉਸ ਦਾ ਪੋਤਾ ਚੇਲਾ ਸੁਖਦੇਵ ਸਿੰਘ ਮੱਦੋਕਿਆਂ ਵਾਲਾ। ਸੁਖਦੇਵ ਉਰਫ਼ ਸੇਵ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਜਗਰਾਓਂ ਦੇ ਪਿੰਡ ਅਖਾੜਾ ਵਿਖੇ ਪਿਤਾ ਭਜਨ ਸਿੰਘ ਤੇ ਮਾਤਾ ਗੁਰਦੇਵ ਕੌਰ ਦੇ ਘਰ 1955 ਵਿੱਚ ਹੋਇਆ। ਕੋਈ ਮਾਮਾ ਨਾ ਹੋਣ ਕਾਰਨ ਨਾਨਾ-ਨਾਨੀ ਸੁਖਦੇਵ ਨੂੰ ਆਪਣੇ ਕੋਲ ਮੱਦੋ ਕੇ ਲੈ ਆਏ। ਉਸ ਸਮੇਂ ਸੁਖਦੇਵ ਦੀ ਉਮਰ ਸਿਰਫ਼ ਦੋ ਕੁ ਸਾਲ ਦੀ ਹੀ ਸੀ। ਪਰਿਵਾਰ ਦਾ ਕਿੱਤਾ ਖੇਤੀਬਾੜੀ ਸੀ। ਉਸ ਦਾ ਬਚਪਨ ਵੀ ਆਮ ਪੇਂਡੂ ਮੁੰਡਿਆਂ ਦੀ ਤਰ੍ਹਾਂ ਰੋਹੀਆਂ-ਰੱਕੜਾਂ ਵਿੱਚ ਡੰਗਰ ਚਾਰਦਿਆਂ, ਸਾਥੀ ਪਾਲੀਆਂ ਨਾਲ ਖੇਡਦਿਆਂ ਅਤੇ ਨਿੱਕੇ ਮੋਟੇ ਘਰੇਲੂ ਕੰਮ ਧੰਦੇ ਕਰਦਿਆਂ ਬੀਤਿਆ। ਗੁਆਂਢੀ ਪਿੰਡ ਤਖਾਣਬੱਧ ਦੇ ਮਿਡਲ ਸਕੂਲ ਤੋਂ ਉਸ ਨੇ ਮਿਡਲ ਤੱਕ ਦੀ ਪੜ੍ਹਾਈ ਕੀਤੀ। ਮੇਲਿਆਂ ਮੁਸਾਹਿਬਆਂ ’ਤੇ, ਪੀਰਾਂ ਫ਼ਕੀਰਾਂ ਦੀਆਂ ਦਰਗਾਹਾਂ ’ਤੇ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਉਸ ਸਮੇਂ ਆਮ ਹੀ ਗਵੰਤਰੀਆਂ ਦੇ ਅਖਾੜੇ ਲੱਗਦੇ ਰਹਿੰਦੇ ਸਨ। ਇਨ੍ਹਾਂ ਅਖਾੜਿਆਂ ਵਿੱਚ ਗਵੰਤਰੀਆਂ ਦੇ ਗੌਣ ਸੁਣਨ ਦਾ ਸੁਖਦੇਵ ਨੂੰ ਅਜਿਹਾ ਸੁਆਦ ਪਿਆ ਕਿ ਉਹ ਵਾਹ ਲੱਗਦੀ ਦੂਰ ਨੇੜੇ ਲੱਗਣ ਵਾਲਾ ਕੋਈ ਅਖਾੜਾ ਨਾ ਛੱਡਦਾ। ਤੂੰਬੇ ਅਲਗੋਜ਼ੇ ਨਾਲ ਗਾਉਣ ਵਾਲਾ ਗਵੰਤਰੀ ਕਾਕੇ ਰਾਵਾਂ ਖੇਲਾ ਵਾਲੇ ਦਾ ਮੁੰਡਾ ਦਰਸ਼ਨ ਰਾਵਾਂ ਖੇਲਾ ਵਾਲਾ ਸੁਖਦੇਵ ਦਾ ਸਭ ਤੋਂ ਵੱਧ ਪਸੰਦੀਦਾ ਗਾਇਕ ਸੀ। ਦਰਸ਼ਨ ਦੀਆਂ ਗਾਈਆਂ ਰਚਨਾਵਾਂ ਨੂੰ ਉਹ ਜ਼ੁਬਾਨੀ ਯਾਦ ਕਰ ਕਰ ਕੇ ਗਾਉਂਦਾ ਰਹਿੰਦਾ। ਸੁਖਦੇਵ ਦਾ ਇਹ ਸ਼ੌਕ ਜਨੂੰਨ ਦੀ ਹੱਦ ਤੱਕ ਚਲਾ ਗਿਆ। ਅਖ਼ੀਰ ਕਈ ਸਾਲਾਂ ਬਾਅਦ ਉਸ ਨੇ ਦਰਸ਼ਨ ਨੂੰ ਪੱਗ ਦੇ ਕੇ ਉਸਤਾਦੀ ਸ਼ਾਗਿਰਦੀ ਦੀ ਰਸਮ ਕਰ ਲਈ। ਲਗਾਤਾਰ ਅੱਠ ਸਾਲ ਉਸਤਾਦ ਤੋਂ ਗਾਇਕੀ ਦੀ ਸਿੱਖਿਆ ਲਈ। ਬਹੁਤ ਸਾਰਾ ‘ਲੜੀ ਦਾ ਗੌਣ’ ਕੰਠ ਕੀਤਾ। ਗਾਇਕੀ ਦੀਆਂ ਬਾਰੀਕੀਆਂ ਬਾਰੇ ਜਾਣਿਆਂ। ਉਸਤਾਦ ਦੀ ਛਤਰ ਛਾਇਆ ਹੇਠ ਵੱਡੇ ਵੱਡੇ ਅਖਾੜਿਆਂ ਵਿੱਚ ਗਾਇਆ। ਆਪਣੀ ਮਿਹਨਤ ਤੇ ਲਗਨ ਸਦਕਾ ਉਹ ਇੱਕ ਚੰਗਾ ਗਵੱਈਆ ਤੇ ਵਿਖਿਆਨਕਾਰ ਬਣ ਗਿਆ। ਉਸਤਾਦ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਸੁਖਦੇਵ ਨੇ ਆਪਣੇ ਗੁਰਭਾਈ ਕਾਲੇ ਬਾਜੜੇ ਵਾਲੇ ਨੂੰ ਨਾਲ ਲਾ ਕੇ ਆਪਣਾ ਜਥਾ ਬਣਾ ਲਿਆ। ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਉਹ ਬਤੌਰ ਆਗੂ ਗਾ ਰਿਹਾ ਹੈ। ਇਸ ਸਮੇਂ ਦੌਰਾਨ ਉਸ ਦੇ ਜਥੇ ਵਿੱਚ ਕਈ ਪਾਛੂ (ਤੂੰਬੇ ਵਾਲੇ) ਤੇ ਸਾਜ਼ੀ (ਜੋੜੀ ਵਾਲੇ) ਸ਼ਾਮਲ ਹੁੰਦੇ ਤੇ ਨਿਖ਼ੜਦੇ ਰਹੇ। ਹੁਣ ਪਿਛਲੇ ਪੰਦਰਾਂ ਸਾਲਾਂ ਤੋਂ ਬੂਟਾ ਮੁਹੰਮਦ ਤੂੰਬੇ ’ਤੇ ਉਸ ਦਾ ਸਾਥ ਨਿਭਾ ਰਿਹਾ ਹੈ। ਬੂਟਾ ਮੁਹੰਮਦ ਦੁਆਬੀਆ ਹੈ। ਉਸ ਦਾ ਪਿੰਡ ਢੱਕ ਮਜਾਰਾ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਿਲੌਰ ਵਿੱਚ ਪੈਂਦਾ ਹੈ। ਬੂਟੇ ਨੂੰ ਗਾਇਕੀ ਵਿਰਾਸਤ ਵਿੱਚੋਂ ਮਿਲੀ ਹੈ। ਉਸ ਦਾ ਪਿਤਾ ਅਬਾਦ ਮੁਹੰਮਦ ਕਾਕੇ ਗਵੰਤਰੀ ਦਾ ਸ਼ਾਗਿਰਦ ਸੀ। ਜੋੜੀ ’ਤੇ ਸੁਖਦੇਵ ਦਾ ਸਾਥ ਪ੍ਰਸਿੱਧ ਜੋੜੀ ਵਾਦਕ ਧੰਨਾ ਬੜੂੰਦੀ ਵਾਲੇ ਨੇ ਕਈ ਸਾਲ ਦਿੱਤਾ। ਧੰਨਾ ਇੱਕ ਹੰਢਿਆ ਹੋਇਆ ਤਜਰਬੇਕਾਰ ਸਾਜ਼ੀ ਹੈ। ਉਹ ਜੋੜੀ (ਅਲਗੋਜ਼ੇ) ਬਣਾਉਂਦਾ ਵੀ ਆਪ ਹੈ। ਅੱਜਕੱਲ੍ਹ ਬੂਟੇ ਦਾ ਮੁੰਡਾ ਇਕਬਾਲ ਮੁਹੰਮਦ/ਪਾਲਾ ਜੋੜੀ ਵਜਾ ਰਿਹਾ ਹੈ। 2000 ਵਿੱਚ ਜਨਮੇ ਪਾਲੇ ਨੇ 2018 ਵਿੱਚ ਅਖਾੜਿਆਂ ਵਿੱਚ ਜੋੜੀ ਵਜਾਉਣੀ ਸ਼ੁਰੂ ਕਰ ਦਿੱਤੀ ਸੀ। ਭਵਿੱਖ ਵਿੱਚ ਉਸ ਤੋਂ ਵੱਡੀਆਂ ਆਸਾਂ ਹਨ। ਸੁਖਦੇਵ ਹੁਰੀਂ ਪੂਰਨ, ਕੌਲਾਂ, ਹੀਰ, ਸੱਸੀ, ਸੋਹਣੀ, ਮਲਕੀ, ਮਿਰਜ਼ਾ, ਦੁੱਲਾ ਭੱਟੀ, ਜੈਮੱਲ ਫੱਤਾ, ਜਿਉਣਾ ਮੌੜ ਆਦਿ ਲੰਬੇ ਪ੍ਰਸੰਗਾਂ ਤੋਂ ਇਲਾਵਾ ਬਹੁਤ ਸਾਰੀਆਂ ਵਿਕੋਲਿਤਰੀਆਂ ਰਚਨਾਵਾਂ ਜਿਨ੍ਹਾਂ ਨੂੰ ਇਹ ‘ਰੰਗ’ ਆਖਦੇ ਹਨ, ਸੁਣਾਉਂਦੇ ਹਨ। ਸੁਖਦੇਵ ਦਾ ਪ੍ਰਸੰਗ ਦੀ ਵਿਆਖਿਆ ਕਰਨ ਦਾ ਢੰਗ ਬੜਾ ਪ੍ਰਭਾਵਸ਼ਾਲੀ ਹੈ। ਉਸ ਦੀ ਵਿਖਿਆਨ ਸ਼ੈਲੀ ਸਰੋਤਿਆਂ ਨੂੰ ਆਪਣੇ ਨਾਲ ਤੋਰਨ ਦੇ ਸਮਰੱਥ ਹੈ। ਉਹ ਆਪਣੇ ਬੋਲਾਂ ਤੇ ਆਵਾਜ਼ਾਂ ਰਾਹੀਂ ਅਜਿਹੇ ਸ਼ਬਦ ਚਿੱਤਰ ਬਣਾਉਂਦਾ ਹੈ ਕਿ ਸਰੋਤਿਆਂ ਨੂੰ ਹੂ-ਬ-ਹੂ ਘਟਨਾ ਵਾਪਰਦੀ ਪ੍ਰਤੀਤ ਹੁੰਦੀ ਹੈ। ਢਾਈ-ਤਿੰਨ ਘੰਟੇ ਚੱਲਣ ਵਾਲੇ ਅਖਾੜੇ ਵਿੱਚ ਇਹ ਲੰਬੀਆਂ ਲੋਕ ਗਾਥਾਵਾਂ ਗਾਉਂਦੇ ਹਨ, ਜਿਨ੍ਹਾਂ ਨੂੰ ਇਹ ‘ਲੜੀ ਦਾ ਗੌਣ’ ਆਖਦੇ ਹਨ। ਗਾਈਆਂ ਜਾਣ ਵਾਲੀਆਂ ਕੁਝ ਰਚਨਾਵਾਂ ਦੇ ਮੁੱਖੜੇ ਹਨ: * ਮਿਰਜ਼ੇ ਦਾ ਬੁੱਤ ਪੁਕਾਰਦਾ, ਆ ਨੀਂ ਸਾਹਿਬਾਂ ਆ ਜੱਟੀਏ ਬੱਦਲੀ ਬਣ ਜਾ ਪ੍ਰੇਮ ਦੀ, ਮੇਰੀ ਚਿਖ਼ਾ ਦੀ ਅੱਗ ਬੁਝਾ। * ਨਾਲ ਪ੍ਰਦੇਸੀ ਨਹੀਂ ਨਿਭਣੀ, ਤੈਨੂੰ ਅੰਤ ਵਿਛੋੜਾ ਪੈ ਜੂਗਾ। ਨਾ ਦੇ ਦਿਲ ਪ੍ਰਦੇਸੀ ਨੂੰ, ਤੈਨੂੰ ਨਿੱਤ ਦਾ ਰੋਣਾ ਪੈ ਜੂਗਾ। * ਹਾਕਾਂ ਮਾਰਾਂ ਪੁੰਨਣਾ ਵੇ, ਕਿਉਂ ਸੁੱਤੜੀ ਛੋੜ ਸਿੱਧਾ ਚੱਲਿਆ। ਦੱਸ ਜਾ ਕੀ ਤਕਸੀਰ ਹੋਈ, ਕਿਹੜੀ ਗੱਲੋਂ ਮੁੱਖ ਭੁਆ ਚੱਲਿਆ। * ਰਾਹੀਆ ਤੁਰਿਆ ਜਾਂਦਿਆ, ਜਾਣਾ ਕਿਹੜੇ ਦੇਸ। ਕੀਹਨੂੰ ਫਿਰਦੈਂ ਭਾਲਦਾ, ਘੋੜਾ ਤੇਰੇ ਹੇਠ। ਤੇਰੇ ਮੂੰਹ ’ਤੇ ਠੰਢੀ ਦੇ ਦਾਗ਼ ਐ, ਮੈਨੂੰ ਦੀਹਨੈ ਬਹੁਤਾ ਨੇਕ। ਤੇਰੀਆਂ ਝੁਣਾਂ ਬਾਬਲ ਤੇ ਪੈਂਦੀਆਂ, ਸਾਵੇਂ ਦੀਂਹਦੇ ਪਗੜੀ ਦੇ ਪੇਚ। * ਅਸਾਂ ਭਰਿਆ ਤ੍ਰਿੰਝਣ ਛੱਡ ਜਾਣਾ, ਚਿੱਠੀ ਆ ਗਈ ਜ਼ੋਰਾਵਰ ਦੀ। ਏਥੇ ਮੁੜਕੇ ਕਦੇ ਨ੍ਹੀਂ ਆਣਾ, ਚਿੱਠੀ ਆ ਗਈ ਜ਼ੋਰਾਵਰ ਦੀ। 1981 ਵਿੱਚ ਸੁਖਦੇਵ ਸਿੰਘ ਦਾ ਵਿਆਹ ਹੋਇਆ। ਉਸ ਦੀ ਜੀਵਨ ਸਾਥਣ ਬਣੀ ਪਿੰਡ ਕਰੀਰ ਵਾਲਾ ਨਿਵਾਸੀ ਹੀਰਾ ਸਿੰਘ ਦੀ ਧੀ ਇੰਦਰਜੀਤ ਕੌਰ। ਇਨ੍ਹਾਂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ। ਦੋਵਾਂ ਵਿੱਚੋਂ ਕੋਈ ਵੀ ਸੁਖਦੇਵ ਵਾਲੀ ਗਾਇਕੀ ਲਾਈਨ ’ਤੇ ਨਹੀਂ ਚੱਲਿਆ। ਵਰਤਮਾਨ ਸਮੇਂ ਸੁਖਦੇਵ ਸਿੰਘ ਮੱਦੋਕੇ ਇੱਕ ਚੋਟੀ ਦਾ ਗਵੰਤਰੀ ਹੈ। ਉਸ ਦੇ ਕਦਰਦਾਨ ਸਰੋਤੇ ਗਾਹੇ-ਬਗਾਹੇ ਉਸ ਨੂੰ ਆਪਣੇ ਪਿੰਡਾਂ ਵਿੱਚ ਬੁਲਾ ਕੇ ਅਖਾੜੇ ਲਗਵਾਉਂਦੇ ਰਹਿੰਦੇ ਹਨ। ਜਰਗ, ਛਪਾਰ ਦੇ ਲੋਕ ਮੇਲਿਆਂ ਤੋਂ ਇਲਾਵਾ ਉਹ ਹਰ ਸਾਲ ਪਹੋਏ, ਕਪਾਲ ਮੋਚਨ ਆਦਿ ਧਾਰਮਿਕ ਮੇਲਿਆਂ ’ਤੇ ਜ਼ਰੂਰ ਪਹੁੰਚਦੇ ਹਨ। ਬਹੁਤ ਸਾਰੇ ਸੰਤਾਂ, ਮਹੰਤਾਂ, ਬਾਬਿਆਂ ਦੇ ਡੇਰਿਆਂ ਅਤੇ ਪੀਰਾਂ ਫ਼ਕੀਰਾਂ ਦੀਆਂ ਦਰਗਾਹਾਂ, ਖ਼ਾਨਗਾਹਾਂ ’ਤੇ ਵੀ ਇਨ੍ਹਾਂ ਨੂੰ ਬੁਲਾਇਆ ਜਾਂਦਾ ਹੈ। ਪ੍ਰਮਾਤਮਾ ਉਸ ਨੂੰ ਸਿਹਤਯਾਬ ਰੱਖੇ ਤਾਂ ਕਿ ਉਹ ਆਪਣੇ ਸਰੋਤਿਆਂ ਦਾ ਚਿੱਤ ਰਾਜ਼ੀ ਕਰਦਾ ਰਹੇ।

Related Post