post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 'ਸੁਰਜੀਤ ਸਿੰਘ ਸੇਠੀ ਯਾਦਗਾਰੀ ਰੰਗਮੰਚ ਉਤਸਵ' ਸਫਲਤਾਪੂਰਵਕ ਸੰਪੰਨ

post-img

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 'ਸੁਰਜੀਤ ਸਿੰਘ ਸੇਠੀ ਯਾਦਗਾਰੀ ਰੰਗਮੰਚ ਉਤਸਵ' ਸਫਲਤਾਪੂਰਵਕ ਸੰਪੰਨ ਪਟਿਆਲਾ, 31 ਮਾਰਚ : ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਵੱਲੋਂ ਵਿਸ਼ਵ ਰੰਗਮੰਚ ਦਿਵਸ ਮੌਕੇ ਕਰਵਾਇਆ ਗਿਆ 'ਸੁਰਜੀਤ ਸਿੰਘ ਸੇਠੀ ਯਾਦਗਾਰੀ ਰੰਗਮੰਚ ਉਤਸਵ' ਸਫਲਤਾਪੂਰਵਕ ਸੰਪੰਨ ਹੋ ਗਿਆ ਹੈ । ਉਤਸਵ ਵਿਚ ਪਹਿਲੇ ਦਿਨ ਬਾਦਲ ਸਰਕਾਰ ਦੁਆਰਾ ਲਿਖਿਤ ਅਤੇ ਪ੍ਰੋ. ਜਸਪਾਲ ਦਿਉਲ ਦੁਆਰਾ ਪੰਜਾਬੀ ਵਿਚ ਅਨੁਵਾਦਿਤ ਤੇ ਨਿਰਦੇਸ਼ਿਤ ਬੰਗਲਾ ਨਾਟਕ 'ਏਵਮ ਇੰਦਰਜੀਤ' ਪੇਸ਼ ਕੀਤਾ ਗਿਆ । ਇਹ ਨਾਟਕ ਜੀਵਨ ਦੇ ਸਮੁੱਚੇ ਸੰਘਰਸ਼ਾਂ ਤੇ ਝਾਤ ਪਾਉਂਦਿਆਂ ਮੂਲ ਰੂਪ ਵਿਚ ਮਨੁੱਖੀ ਅਸਤਿਤਵ ਨਾਲ ਜੁੜੇ ਮੂਲ ਪ੍ਰਸ਼ਨ ਮੈਂ ਕੀ ਹਾਂ? ਮੈਂ ਕਿਉਂ ਹਾਂ ਤੇ ਮੈਂ ਕਿੱਥੇ ਹਾਂ? ਦੇ ਰੂਬਰੂ ਕਰਦਾ ਹੈ । ਨਾਟਕ ਮਨੁੱਖੀ ਜੀਵਨ ਵਿਚ ਵਿਗਸੀ ਨਿਰਰਥਕਤਾ, ਉਕਤਾਹਟ, ਉਦਾਸੀਨਤਾ ਅਤੇ ਅਸੰਗਤੀ ਨੂੰ ਬਹੁਤ ਹੀ ਬਾਰੀਕੀ ਨਾਲ ਉਘਾੜਦਾ ਹੋਇਆ ਸਧਾਰਨ ਅਤੇ ਅਸਧਾਰਨ ਮਨੁੱਖ ਦੀ ਜੀਵਨ ਯਾਤਰਾ ਨੂੰ ਪੇਸ਼ ਕਰਦਾ ਹੈ। ਸਧਾਰਨ ਮਨੁੱਖ ਜਿੱਥੇ ਤਾ ਉਮਰ ਰੋਟੀ, ਕੱਪੜਾ ਤੇ ਮਕਾਨ ਜਿਹੀਆਂ ਬੁਨਿਆਦੀ ਲੋੜਾਂ ਵਿਚ ਉਲਝ ਕੇ ਰਹਿ ਜਾਂਦਾ ਹੈ ਉਥੇ ਅਸਧਾਰਨ ਉਪਲਬਧ ਭੌਤਿਕ ਗਿਆਨ ਦੀਆਂ ਸੀਮਾਵਾਂ ਵਿਚ ਘਿਰ ਕੇ ਰਹਿ ਜਾਂਦਾ ਹੈ, ਤੇ ਮਨੁੱਖੀ ਜਨਮ-ਮਰਨ ਦੇ ਵਰਤਾਰੇ ਨੂੰ ਸਮਝ ਨਾ ਪਾਉਣ ਦੀ ਕਸ਼ਮਕਸ਼ ਵਿਚ ਬੇਵਸ ਮਹਿਸੂਸ ਕਰਦਾ ਹੈ। ਨਾਟਕ ਇਸ ਉਤਰ ਨਾਲ ਮੁਕਦਾ ਹੈ ਕਿ ਜੀਵਨ ਤੀਰਥ ਯਾਤਰਾ ਨਹੀਂ ਸਗੋਂ ਸਾਡੇ ਮਨ ਦੀ ਯਾਤਰਾ ਹੈ। ਸਿਮਰਨਜੀਤ ਸਿੰਘ, ਅਕਾਸ਼ਦੀਪ ਸਿੰਘ, ਪ੍ਰੋ. ਜਸਪਾਲ ਦਿਉਲ, ਸੁਖਦੀਪ ਕੌਰ, ਲਵਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਅਤੇ ਵਰਿੰਦਰ ਇੰਨਸਾਂ ਨੇ ਇਸ ਅਤਿ ਸੰਵੇਦਨਸ਼ੀਲ ਨਾਟਕ ਦੇ ਕਿਰਦਾਰਾਂ ਨੂੰ ਬਾਖੂਭੀ ਨਿਭਾਇਆ ।    ਇਸ ਦਿਨ ਹਾਜ਼ਰ ਪ੍ਰੋ. ਕਮਲੇਸ਼ ਉੱਪਲ ਨੇ ਕਿਹਾ ਕਿ ਇਸ ਨਾਟਕ ਨੂੰ ਡਾ. ਸੇਠੀ ਦੀ ਯਾਦ ਨਾਲ ਜੋੜ ਕੇ ਪੇਸ਼ ਕਰਨਾ ਇਕ ਸਾਰਥਿਕ ਯਤਨ ਹੈ ।  ਪ੍ਰੋ. ਕਿਰਪਾਲ ਕਜ਼ਾਕ ਨੇ ਕਿਹਾ ਕਿ ਉਨ੍ਹਾਂ ਨੇ ਇਸ ਨਾਟਕ ਦੀਆਂ ਭਾਰਤ ਵਿਚ ਹੋਈਆਂ ਬਹੁਤ ਜ਼ਿਆਦਾ ਪੇਸ਼ਕਾਰੀਆਂ ਦੇਖੀਆਂ ਹਨ ਪਰ ਇਹ ਅਨੁਵਾਦ ਅਤੇ ਪੇਸ਼ਕਾਰੀ ਉਨ੍ਹਾਂ ਸਭ ਤੋਂ ਵੱਖਰੀ ਅਤੇ ਸ਼ਾਨਦਾਰ ਹੈ । ਇਸ ਨਾਲ ਵਿਦਿਆਰਥੀਆਂ ਅਤੇ ਨਿਰਦੇਸ਼ਕ ਵਲੋਂ ਪੂਰਾ ਇਨਸਾਫ਼ ਕੀਤਾ ਗਿਆ ਹੈ ।  ਉਤਸਵ ਦੇ ਦੂਜੇ ਦਿਨ ਮਾਨਵ ਕੌਲ ਦੁਆਰਾ ਲਿਖਿਤ ਤੇ ਸ਼ੋਭਿਤ ਮਿਸ਼ਰਾ ਦੁਆਰਾ ਨਿਰਦੇਸ਼ਤ ਨਾਟਕ 'ਪਾਰਕ' ਪੇਸ਼ ਕੀਤਾ ਗਿਆ। ਨਾਟਕ ਵਿਚ ਸ਼ੋਭਿਤ ਮਿਸ਼ਰਾ, ਦਲਜੀਤ ਸਿੰਘ ਅਤੇ ਹੈਪੀ ਭੰਕੋਲੀਆ ਦੇ ਸ਼ਾਨਦਾਰ ਅਭਿਨੈ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ।  ਉਤਸਵ ਦੇ ਤੀਜੇ ਦਿਨ ਲੋਕ ਕਲਾ ਮੰਚ, ਮੰਡੀ ਮੁੱਲਾਂਪੁਰ ਦੀ ਟੀਮ ਨੇ ਕੁਲਵਿੰਦਰ ਖਹਿਰਾ ਦੁਆਰਾ ਲਿਖਿਤ ਅਤੇ ਰਜਿੰਦਰ ਸਿੰਘ ਦੁਆਰਾ ਨਿਰਦੇਸ਼ਤ ਨਾਟਕ 'ਮੈਂ ਕਿਤੇ ਨੀ ਗਿਆ' ਪੇਸ਼ ਕੀਤਾ। ਕੈਨੇਡੀਅਨ ਪ੍ਰਵਾਸ ਦੀਆਂ ਦੁਸ਼ਵਾਰੀਆਂ ਨੂੰ ਦ੍ਰਿਸ਼ਟੀਗੋਚਰ ਕਰਦੇ ਇਸ ਨਾਟਕ ਵਿਚ ਸੁਰਿੰਦਰ ਸ਼ਰਮਾ ਮੁੱਖ ਕਿਰਦਾਰ ਵਿਚ ਸਨ । ਇਸ ਦਿਨ ਹਾਜ਼ਰ ਪ੍ਰੋ. ਗੁਰਚਰਨ ਸਿੰਘ ਨੇ ਕਿਹਾ ਕਿ ਵਿਭਾਗ ਵਲੋਂ ਪ੍ਰੋ. ਸੇਠੀ ਦੀ ਯਾਦ ਵਿਚ ਰੰਗਮੰਚ ਉਤਸਵ ਕਰਨਾ ਬਹੁਤ ਵਧੀਆ ਉਪਰਾਲਾ ਹੈ । ਇਸ ਵਾਸਤੇ ਡਾ. ਹਰਜੀਤ ਸਿੰਘ, ਵਿਦਿਆਰਥੀ ਅਤੇ ਸਟਾਫ ਵਧਾਈ ਦੇ ਹੱਕਦਾਰ ਹਨ ।  ਪ੍ਰੋ. ਜਸਪਾਲ ਦਿਉਲ ਨੇ ਡਾ. ਸੇਠੀ ਦੀ ਸਖਸ਼ੀਅਤ ਬਾਰੇ ਦਰਸ਼ਕਾਂ ਨਾਲ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਸੁਰਜੀਤ ਸਿੰਘ ਸੇਠੀ ਪੰਜਾਬੀ ਦੇ ਨਾਮਵਾਰ ਸਾਹਿਤਕਾਰ ਹਨ । ਵਿਸ਼ੇਸ਼ ਤੌਰ ਤੇ ਉਨ੍ਹਾਂ ਨੂੰ ਪੰਜਾਬੀ ਵਿਚ ਅਸੰਗਤੀ ਦੇ ਨਾਟਕ ਅਤੇ ਰੰਗਮੰਚ ਦੇ ਮੋਢੀ ਵਜੋਂ ਦੇਖਿਆ ਜਾਂਦਾ ਹੈ । ਇਸ ਪੱਖੋਂ ਉਨ੍ਹਾਂ ਦਾ ਨਾਟਕ ਕਿੰਗ ਮਿਰਜ਼ਾ ਅਤੇ ਸਪੇਰਾ ਇਕ ਪ੍ਰਸਿੱਧ ਰਚਨਾ ਹੈ । ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਸੇਠੀ ਦੁਆਰਾ ਥੀਏਟਰ ਵਿਭਾਗ ਤੇ ਫਿਰ ਯੁਵਕ ਭਲਾਈ ਵਿਭਾਗ ਦੀ ਸਥਾਪਨਾ ਕੀਤੀ ਗਈ। ਇਕ ਤਰ੍ਹਾਂ ਨਾਲ ਉਹ ਪੰਜਾਬ ਵਿਚ ਅਕਾਦਮਿਕ ਰੰਗਮੰਚ ਦੇ ਵੀ ਬਾਨੀ ਹਨ ।

Related Post