post

Jasbeer Singh

(Chief Editor)

ਅੰਧ-ਵਿਸ਼ਵਾਸ ਰੋਕੂ ਕਾਨੂੰਨ ਬਣੇ ਚੋਣ ਮੁੱਦਾ

post-img

ਇਸੇ ਤਰ੍ਹਾਂ ਦੀ ਦਿਲ ਕੰਬਾਊ ਘਟਨਾ ਵਿਚ ਪਿਛਲੇ ਸਾਲ 11 ਜੁਲਾਈ ਨੂੰ ਅੰਮ੍ਰਿਤਸਰ ਜ਼ਿਲੇ੍ਹ ਦੇ ਪਿੰਡ ਮੂਧਲ ਵਿਖੇ ਸਕੇ ਰਿਸ਼ਤੇਦਾਰਾਂ ਵੱਲੋਂ ਆਪਣਾ ਕਾਰੋਬਾਰ ਵਧਾਉਣ ਲਈ ਕਿਸੇ ਤਾਂਤਰਿਕ ਦੇ ਕਹਿਣ ’ਤੇ 9 ਸਾਲਾ ਮਾਸੂਮ ਲੜਕੀ ਸੁਖਮਨਦੀਪ ਕੌਰ ਦੀ ਬੜੀ ਬੇਰਹਿਮੀ ਨਾਲ ਬਲੀ ਦੇ ਨਾਂ ਹੇਠ ਹੱਤਿਆ ਕਰ ਦਿੱਤੀ ਗਈ ਮੌਜੂਦਾ ਚੋਣਾਂ ’ਚ ਸਮੂਹ ਸਿਆਸੀ ਪਾਰਟੀਆਂ ਵੱਲੋਂ ਇਕ-ਦੂਜੀ ਤੋਂ ਵਧ-ਚੜ੍ਹ ਕੇ ਵੱਖ-ਵੱਖ ਵਰਗਾਂ ਨੂੰ ਰਿਆਇਤਾਂ, ਨਕਦੀ ਤੇ ਮੁਫ਼ਤਖੋਰੀ ਦੀਆਂ ਸਕੀਮਾਂ ਦੇ ਝੂਠੇ ਵਾਅਦਿਆਂ, ਨਾਅਰਿਆਂ ਤੇ ਲਾਰਿਆਂ ਨਾਲ ਵਰਗਲਾ ਕੇ ਹਰ ਹਾਲ ਸੱਤਾ ’ਤੇ ਕਾਬਜ਼ ਹੋਣ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਜ਼ਿਆਦਾਤਰ ਲੋਕ ਭਾਵੇਂ ਉਹ ਪੜ੍ਹੇ-ਲਿਖੇ ਹੋਣ ਜਾਂ ਅਨਪੜ੍ਹ, ਪੀੜ੍ਹੀ ਦਰ ਪੀੜ੍ਹੀ ਧਾਰਮਿਕ ਆਸਥਾ ਹੇਠ ਰੂੜੀਵਾਦੀ ਸੋਚ ਰੱਖਦੇ ਹੋਣ ਕਰਕੇ ਕਈ ਤਰ੍ਹਾਂ ਦੇ ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ, ਰੂੜੀਵਾਦੀ ਰਸਮਾਂ, ਡੇਰਿਆਂ ਤੇ ਪਾਖੰਡੀ ਬਾਬਿਆਂ ਦੇ ਮੱਕੜਜਾਲ਼ ’ਚ ਬੜੀ ਬੁਰੀ ਤਰ੍ਹਾਂ ਫਸੇ ਹੋਏ ਹਨ। ਇਸੇ ਅੰਧ-ਵਿਸ਼ਵਾਸੀ ਮਾਨਸਿਕਤਾ ਦਾ ਫ਼ਾਇਦਾ ਉਠਾ ਕੇ ਜਗ੍ਹਾ-ਜਗ੍ਹਾ ਦੁਕਾਨਾਂ ਖੋਲ੍ਹ ਕੇ ਬੈਠੇ ਪਾਖੰਡੀ ਬਾਬੇ, ਤਾਂਤਰਿਕ, ਸਾਧ, ਜੋਤਸ਼ੀ ਅਤੇ ਚੌਕੀਆਂ ਲਗਾ ਕੇ ਪੁੱਛਾਂ ਦੇਣ ਵਾਲੇ ਅਖੌਤੀ ਸਿਆਣੇ ਅਜਿਹੇ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ, ਦੁੱਖਾਂ, ਬਿਮਾਰੀਆਂ, ਖ਼ਾਹਿਸ਼ਾਂ, ਗਰਜਾਂ ਦਾ ਆਪਣੀ ਅਖੌਤੀ ਦੈਵੀ ਸ਼ਕਤੀ ਨਾਲ ਨਿਵਾਰਨ ਕਰਨ ਦੇ ਦਾਅਵੇ ਕਰਦੇ ਹਨ। ਉਹ ਉਨ੍ਹਾਂ ਨੂੰ ਭੂਤਾਂ-ਪ੍ਰੇਤਾਂ, ਬੁਰੀਆਂ ਆਤਮਾਵਾਂ, ਜਾਦੂ ਟੂਣਿਆਂ, ਧਾਗੇ ਤਵੀਤਾਂ, ਗ੍ਰਹਿ ਚੱਕਰਾਂ, ਰਾਸ਼ੀਫਲ, ਜਨਮ ਟੇਵਿਆਂ, ਵਸ਼ੀਕਰਨ, ਕੀਤੇ-ਕਰਾਏ, ਵਾਸਤੂ ਸ਼ਾਸਤਰ, ਜੰਤਰ-ਮੰਤਰ, ਸੁਰੱਖਿਆ ਕਵਚ, ਕਾਲੇ ਇਲਮ, ਸਵਰਗ-ਨਰਕ, ਕਿਸਮਤ ਅਤੇ ਅਗਲੇ-ਪਿਛਲੇ ਜਨਮ ਦੇ ਅੰਧ-ਵਿਸ਼ਵਾਸਾਂ ਵਿਚ ਫਸਾ ਕੇ ਉਨ੍ਹਾਂ ਦਾ ਸ਼ਰੇਆਮ ਆਰਥਿਕ, ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰ ਰਹੇ ਹਨ। ਪਿਛਲੇ ਕੁਝ ਸਾਲਾਂ ਵਿਚ ਪੰਜਾਬ ਵਿਚ ਕਈ ਪਾਖੰਡੀ ਬਾਬਿਆਂ, ਤਾਂਤਰਿਕਾਂ, ਸਿਆਣਿਆਂ ਵੱਲੋਂ ਕਿਸੇ ਮਾਨਸਿਕ ਰੋਗ ਨਾਲ ਪੀੜਤ ਵਿਅਕਤੀ ’ਚੋਂ ਅਖੌਤੀ ਬੁਰੀ ਆਤਮਾ, ਓਪਰੀ ਸ਼ੈਅ ਜਾਂ ਭੂਤ-ਪ੍ਰੇਤ ਕੱਢਣ ਦੀ ਆੜ ਹੇਠ ਕਤਲ, ਔਰਤਾਂ ਨਾਲ ਬਲਾਤਕਾਰ, ਗਰਮ ਚਿਮਟਿਆਂ ਨਾਲ ਤਸੀਹੇ ਦੇਣ ਅਤੇ ਮਾਸੂਮ ਬੱਚਿਆਂ ਦੀ ਬਲੀ ਦੇਣ ਦੀਆਂ ਦਿਲ ਕੰਬਾਊ ਅਪਰਾਧਕ ਘਟਨਾਵਾਂ ਵਾਪਰ ਚੁੱਕੀਆਂ ਹਨ। ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟ ਫੱਤਾ ਵਿਖੇ ਸੰਨ 2017 ਵਿਚ ਪਰਿਵਾਰ ਵੱਲੋਂ ਤਾਂਤਰਿਕ ਦੇ ਕਹਿਣ ’ਤੇ ਦੋ ਮਾਸੂਮ ਬੱਚਿਆਂ ਦੀ ਬਲੀ ਦਿੱਤੀ ਗਈ ਸੀ ਜਿਸ ਸਬੰਧੀ ਅਦਾਲਤ ਵੱਲੋਂ 23 ਮਾਰਚ 2023 ਨੂੰ ਦਿੱਤੇ ਗਏ ਫ਼ੈਸਲੇ ਵਿਚ ਦੋਸ਼ੀ ਤਾਂਤਰਿਕ ਸਮੇਤ ਪਰਿਵਾਰ ਦੇ ਛੇ ਜੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਪਿਛਲੇ ਸਾਲ ਹੀ ਅਕਤੂਬਰ ਦੇ ਪਹਿਲੇ ਹਫ਼ਤੇ ਖੰਨਾ ਨੇੜਲੇ ਪਿੰਡ ਅਲੌੜ ਵਿਖੇ ਇਕ ਮਸ਼ਕੂਕ ਵਿਅਕਤੀ ਵੱਲੋਂ ਕਿਸੇ ਦੇਵੀ-ਦੇਵਤੇ ਦੀ ਪੂਜਾ ਦੇ ਨਾਂ ਹੇਠ ਇਕ ਤਾਂਤਰਿਕ ਦੇ ਕਹਿਣ ’ਤੇ ਚਾਰ ਸਾਲਾ ਮਾਸੂਮ ਲੜਕੇ ਰਵੀ ਰਾਜ ਦੀ ਬੜੀ ਬੇਰਹਿਮੀ ਨਾਲ ਹੱਤਿਆ ਕਰ ਕੇ ਬਲੀ ਦੇ ਦਿੱਤੀ ਗਈ। ਇਸੇ ਤਰ੍ਹਾਂ ਦੀ ਦਿਲ ਕੰਬਾਊ ਘਟਨਾ ਵਿਚ ਪਿਛਲੇ ਸਾਲ 11 ਜੁਲਾਈ ਨੂੰ ਅੰਮ੍ਰਿਤਸਰ ਜ਼ਿਲੇ੍ਹ ਦੇ ਪਿੰਡ ਮੂਧਲ ਵਿਖੇ ਸਕੇ ਰਿਸ਼ਤੇਦਾਰਾਂ ਵੱਲੋਂ ਆਪਣਾ ਕਾਰੋਬਾਰ ਵਧਾਉਣ ਲਈ ਕਿਸੇ ਤਾਂਤਰਿਕ ਦੇ ਕਹਿਣ ’ਤੇ 9 ਸਾਲਾ ਮਾਸੂਮ ਲੜਕੀ ਸੁਖਮਨਦੀਪ ਕੌਰ ਦੀ ਬੜੀ ਬੇਰਹਿਮੀ ਨਾਲ ਬਲੀ ਦੇ ਨਾਂ ਹੇਠ ਹੱਤਿਆ ਕਰ ਦਿੱਤੀ ਗਈ। ਕੁਝ ਸਾਲ ਪਹਿਲਾਂ ਪਿੰਡ ਭਿੰਡਰ ਕਲਾਂ (ਮੋਗਾ) ਦੀ ਸਰਪੰਚ ਜੋ ਕਿਸੇ ਵਿਸ਼ੇਸ਼ ਦਿਨ ’ਤੇ ਚੌਕੀ ਲਗਾ ਕੇ ਪੁੱਛਾਂ ਦੇਣ ਦਾ ਗ਼ੈਰ-ਕਾਨੂੰਨੀ ਧੰਦਾ ਵੀ ਕਰਦੀ ਸੀ, ਵੱਲੋਂ ਆਪਣੀ ਹੀ ਇਕ ਰਿਸ਼ਤੇਦਾਰ ਮਾਸੂਮ ਲੜਕੀ ਵਿੱਚੋਂ ਅਖੌਤੀ ਭੂਤ-ਪ੍ਰੇਤ ਕੱਢਣ ਦੇ ਬਹਾਨੇ ਚਿਮਟਿਆਂ ਨਾਲ ਕੁੱਟ-ਕੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਇਹ ਮਹਿਜ਼ ਕੋਈ ਸਾਧਾਰਨ ਕਤਲ ਨਹੀਂ ਹਨ ਬਲਕਿ ਇਕ ਖ਼ਤਰਨਾਕ ਅੰਧ-ਵਿਸ਼ਵਾਸੀ ਮਾਨਸਿਕਤਾ ਤਹਿਤ ਮਾਸੂਮ ਬੱਚਿਆਂ ਨੂੰ ਫੁਸਲਾ ਕੇ ਇਕ ਯੋਜਨਾਬੱਧ ਸਾਜ਼ਿਸ਼ ਹੇਠ ਬੇਰਹਿਮੀ ਨਾਲ ਕੀਤੀਆਂ ਗਈਆਂ ਹੱਤਿਆਵਾਂ ਹਨ। ਬੇਹੱਦ ਅਫ਼ਸੋਸ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਨੇ ਅਜਿਹੀਆਂ ਵਹਿਸ਼ੀ ਹੱਤਿਆਵਾਂ ਨੂੰ ਰੋਕਣ ਲਈ ਹੁਣ ਤੱਕ ਕੋਈ ਅੰਧ-ਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਨ ਦੀ ਸੰਵਿਧਾਨਕ ਜ਼ਿੰਮੇਵਾਰੀ ਨਹੀਂ ਨਿਭਾਈ। ਅਜਿਹੀਆਂ ਘਟਨਾਵਾਂ ਆਪਣੇ-ਆਪ ਨੂੰ ਸੱਭਿਅਕ ਕਹਾਉਂਦੇ ਭਾਰਤੀ ਸਮਾਜ ਅਤੇ ਮਨੁੱਖਤਾ ਦੇ ਮੱਥੇ ’ਤੇ ਵੱਡਾ ਕਲੰਕ ਵੀ ਹਨ। ਸਾਡੇ ਦੇਸ਼ ਦਾ ਵਿੱਦਿਅਕ ਢਾਂਚਾ ਵੀ ਲੋਕਾਂ ਵਿਚ ਵਿਗਿਆਨਕ ਚੇਤਨਾ ਤੇ ਸੰਘਰਸ਼ ਦੀ ਭਾਵਨਾ ਪੈਦਾ ਕਰਨ ਦੀ ਥਾਂ ਉਨ੍ਹਾਂ ਨੂੰ ਅੰਧ-ਵਿਸ਼ਵਾਸੀ, ਅਧਿਆਤਮਵਾਦੀ ਤੇ ਕਿਸਮਤਵਾਦੀ ਬਣਾਉਣ ਵੱਲ ਜ਼ਿਆਦਾ ਗੁਮਰਾਹ ਕਰਦਾ ਹੈ। ਲੋਕਾਂ ਨੂੰ ਵੀ ਇਹ ਤੱਥ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਕਿ ਜੇ ਇਨ੍ਹਾਂ ਪਾਖੰਡੀ ਤਾਂਤਰਿਕਾਂ, ਬਾਬਿਆਂ, ਜੋਤਸ਼ੀਆਂ ਤੇ ਸਵਾਮੀਆਂ ਕੋਲ ਲੋਕਾਂ ਦੀਆਂ ਹਰ ਕਿਸਮ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ, ਮਨ ਚਾਹੀਆਂ ਖ਼ਾਹਿਸ਼ਾਂ ਪੂਰੀਆਂ ਕਰਨ ਤੇ ਬਿਮਾਰੀਆਂ ਦੇ ਸਫਲ ਇਲਾਜ ਕਰਨ ਦੀ ਕੋਈ ਦੈਵੀ ਸ਼ਕਤੀ ਮੌਜੂਦ ਹੋਵੇ ਤਾਂ ਇਹ ਸਭ ਤੋਂ ਪਹਿਲਾਂ ਭਾਰਤ ਦੀਆਂ ਵੱਖ-ਵੱਖ ਤਰਕਸ਼ੀਲ ਸੰਸਥਾਵਾਂ ਵੱਲੋਂ ਆਪਣੀ ਦੈਵੀ ਸ਼ਕਤੀ ਵਿਖਾਉਣ ਲਈ ਰੱਖੇ ਕਰੋੜਾਂ ਰੁਪਏ ਦੇ ਇਨਾਮ ਜਿੱਤਣ ਦੀ ਚੁਣੌਤੀ ਸਵੀਕਾਰ ਕਿਉਂ ਨਹੀਂ ਕਰਦੇ? ਉਹ ਭੋਲੇ-ਭਾਲੇ ਲੋਕਾਂ ਨੂੰ ਆਪਣੇ ਝਾਂਸੇ ਵਿਚ ਫਸਾ ਕੇ ਲੁੱਟਣ ਦਾ ਧੰਦਾ ਹੀ ਕਿਉਂ ਕਰਦੇ ਹਨ? ਜੇਲ੍ਹਾਂ ’ਚ ਸਜ਼ਾਵਾਂ ਭੁਗਤ ਰਹੇ ਅਜਿਹੇ ਬਾਬੇ ਆਪਣੀਆਂ ਅਖੌਤੀ ਦੈਵੀ ਸ਼ਕਤੀਆਂ ਰਾਹੀਂ ਜੇਲ੍ਹਾਂ ’ਚੋਂ ਬਾਹਰ ਨਿਕਲਣ ਦੀ ਕਰਾਮਾਤ ਕਿਉਂ ਨਹੀਂ ਵਿਖਾਉਂਦੇ? ਪੰਜਾਬ ਸਰਕਾਰ ਤੇ ਪੁਲਿਸ ਨੂੰ ਇਹ ਤੱਥ ਭਲੀਭਾਂਤ ਪਤਾ ਹੈ ਕਿ ਅਜਿਹੇ ਪਾਖੰਡੀ ਬਾਬਿਆਂ, ਤਾਂਤਰਿਕਾਂ, ਜੋਤਸ਼ੀਆਂ ਦੀਆਂ ਖੁੱਲ੍ਹੀਆਂ ਗ਼ੈਰ-ਕਾਨੂੰਨੀ ਦੁਕਾਨਾਂ, ਅਪਰਾਧਕ ਗਤੀਵਿਧੀਆਂ ਤੇ ਝੂਠੀ ਤੇ ਗ਼ੈਰ-ਕਾਨੂੰਨੀ ਇਸ਼ਤਿਹਾਰਬਾਜ਼ੀ ਡਰੱਗਜ਼ ਤੇ ਮੈਜਿਕ ਰੈਮੇਡੀਜ਼ ਇਤਰਾਜ਼ਯੋਗ ਇਸ਼ਤਿਹਾਰਬਾਜ਼ੀ ਐਕਟ 1954, ਕੇਬਲ ਟੈਲੀਵਿਜ਼ਨ ਰੈਗੂਲੇਸ਼ਨ ਐਕਟ 1994 ਤੇ ਖ਼ਾਸ ਕਰਕੇ ਮੈਡੀਕਲ ਰਜਿਸਟ੍ਰੇਸ਼ਨ ਐਕਟ ਦੀ ਸਖ਼ਤ ਉਲੰਘਣਾ ਹੈ। ਤਾਂ ਵੀ ਇਨ੍ਹਾਂ ਪਾਖੰਡੀਆਂ ਤੇ ਸਬੰਧਤ ਮੀਡੀਆ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ। ਬੇਹੱਦ ਅਫ਼ਸੋਸ ਹੈ ਕਿ ਲੋਕਾਂ ਵਿਚ ਭਾਰਤੀ ਸੰਵਿਧਾਨ ਦੀ ਧਾਰਾ 51-ਏ (ਐੱਚ) ਤਹਿਤ ਵਿਗਿਆਨਕ ਸੋਚ ਪ੍ਰਫੁੱਲਿਤ ਕਰਨ ਦੀ ਥਾਂ ਸਾਡੀਆਂ ਹਕੂਮਤਾਂ ਵੀ ਆਪਣੀ ਜਨਤਾ ਨੂੰ ਪਾਖੰਡਵਾਦ, ਡੇਰਾਵਾਦ ਤੇ ਬਾਬਾਵਾਦ ਦੇ ਝਾਂਸਿਆਂ ’ਚ ਫਸਾ ਕੇ ਉਨ੍ਹਾਂ ਨੂੰ ਅੰਧ-ਵਿਸ਼ਵਾਸ ਤੇ ਫ਼ਿਰਕੂ ਨਫ਼ਰਤ ਦੇ ਹਨੇਰਿਆਂ ਦੀ ਦਲਦਲ ਵਿਚ ਸੁੱਟ ਰਹੀਆਂ ਹਨ। ਜ਼ਾਹਰ ਹੈ ਕਿ ਕਰੋੜਾਂ ਰੁਪਏ ਦੇ ਇਸ ਗੋਰਖਧੰਦੇ ਦੇ ਵਧਣ-ਫੁੱਲਣ ਪਿੱਛੇ ਸਰਕਾਰੀ ਤੰਤਰ, ਉੱਚ ਪੁਲਿਸ ਅਧਿਕਾਰੀਆਂ ਤੇ ਭ੍ਰਿਸ਼ਟ ਤੇ ਫ਼ਿਰਕੂ ਸਿਆਸਤਦਾਨਾਂ ਦੀ ਮਿਲੀਭੁਗਤ ਸ਼ਾਮਲ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਨੇ ਹੁਣ ਤੱਕ ਹਜ਼ਾਰਾਂ ਹੀ ਪਾਖੰਡੀ ਬਾਬਿਆਂ, ਤਾਂਤਰਿਕਾਂ, ਸਾਧਾਂ ਤੇ ਜੋਤਸ਼ੀਆਂ ਦੀ ਅਖੌਤੀ ਦੈਵੀ ਸ਼ਕਤੀ ਅਤੇ ਕਾਲੇ ਇਲਮ ਦਾ ਜਨਤਾ ਦੀ ਕਚਹਿਰੀ ਵਿਚ ਪਰਦਾਫਾਸ਼ ਕਰ ਕੇ ਉਨ੍ਹਾਂ ਦਾ ਇਹ ਗ਼ੈਰ ਕਾਨੂੰਨੀ ਧੰਦਾ ਬੰਦ ਕਰਵਾਇਆ ਹੈ ਪਰ ਪੰਜਾਬ ਵਿਚ ਅੰਧ-ਵਿਸ਼ਵਾਸ ਰੋਕੂ ਕਾਨੂੰਨ ਦੀ ਅਣਹੋਂਦ ਕਰਕੇ ਅਜਿਹੇ ਦੋਸ਼ੀ ਕਾਨੂੰਨੀ ਸਜ਼ਾ ਤੋਂ ਬਚ ਜਾਂਦੇ ਹਨ ਅਤੇ ਫਿਰ ਹੋਰ ਕਿਤੇ ਦੂਜੀ ਜਗ੍ਹਾ ’ਤੇ ਜਾ ਕੇ ਆਪਣਾ ਧੰਦਾ ਸ਼ੁਰੂ ਕਰ ਲੈਂਦੇ ਹਨ। ਦੱਸਣਯੋਗ ਹੈ ਕਿ ਇਹ ਕਾਨੂੰਨ ਮਹਾਰਾਸ਼ਟਰ, ਛੱਤੀਸਗੜ੍ਹ ਤੇ ਕਰਨਾਟਕ ’ਚ ਕਈ ਸਾਲ ਪਹਿਲਾਂ ਤੋਂ ਲਾਗੂ ਹੈ। ਇਸ ਬਾਰੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪਿਛਲੀਆਂ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰਾਂ ਨੂੰ ਵੀ ‘ਪੰਜਾਬ ਕਾਲਾ ਜਾਦੂ-ਮੰਤਰ ਤੇ ਅੰਧ-ਵਿਸ਼ਵਾਸ ਰੋਕੂ ਕਾਨੂੰਨ’ ਦਾ ਖਰੜਾ ਤੇ ਮੰਗ ਪੱਤਰ ਦਿੱਤੇ ਗਏ ਸਨ ਤੇ ਇਸ ਬਾਰੇ ਫਗਵਾੜਾ ਦੇ ਤਤਕਾਲੀ ਵਿਧਾਇਕ ਸੋਮ ਪ੍ਰਕਾਸ਼ ਵੱਲੋਂ ਮਿਤੀ 22-3- 2018 ਨੂੰ ਬੈਲਟ ਨੰਬਰ 192 ਅਤੇ 14-2-2019 ਨੂੰ ਬੈਲਟ ਨੰਬਰ 228 ਤਹਿਤ ਗ਼ੈਰ ਸਰਕਾਰੀ ਮਤਿਆਂ ਹੇਠ ਪੰਜਾਬ ਵਿਧਾਨ ਸਭਾ ’ਚ ਇਸ ਕਾਨੂੰਨ ਨੂੰ ਲਾਗੂ ਕਰਨ ਸਬੰਧੀ ਸਿਫਾਰਸ਼ ਕੀਤੀ ਗਈ ਸੀ। ਬੜਾ ਅਫ਼ਸੋਸ ਹੈ ਕਿ ਕਿਸੇ ਵੀ ਸਰਕਾਰ ਤੇ ਸਿਆਸੀ ਪਾਰਟੀ ਨੇ ਇਸ ਕਾਨੂੰਨ ਨੂੰ ਬਣਾਉਣ ਦੀ ਨੇਕ-ਨੀਅਤੀ ਨਹੀਂ ਵਿਖਾਈ। ਫਰਵਰੀ 2023 ’ਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੂਹ ਮੰਤਰੀਆਂ, ਵਿਧਾਇਕਾਂ ਸਮੇਤ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵਿਧਾਇਕਾਂ ਨੂੰ ਪੰਜਾਬ ਕਾਲਾ ਜਾਦੂ-ਮੰਤਰ ਤੇ ਅੰਧ-ਵਿਸ਼ਵਾਸ ਵਿਰੋਧੀ ਕਾਨੂੰਨ ਦੇ ਖਰੜੇ ਸਮੇਤ ਮੰਗ ਪੱਤਰ ਦਿੱਤੇ ਗਏ ਸਨ। ਹੁਣ ਫਿਰ ਫਰਵਰੀ ਦੇ ਬਜਟ ਸੈਸ਼ਨ ਤੋਂ ਪਹਿਲਾਂ ਦਿੱਤੇ ਗਏ ਸਨ ਪਰ ਆਮ ਆਦਮੀ ਪਾਰਟੀ ਦੀ ਮੌਜੂਦਾ ਪੰਜਾਬ ਸਰਕਾਰ ਵੱਲੋਂ ਵੀ ਪਹਿਲੀਆਂ ਸਰਕਾਰਾਂ ਵਾਂਗ ਹੀ ਇਹ ਲੋਕ-ਪੱਖੀ ਕਾਨੂੰਨ ਬਣਾਉਣ ਤੋਂ ਜਾਣਬੁੱਝ ਕੇ ਟਾਲਾ ਵੱਟਿਆ ਜਾ ਰਿਹਾ ਹੈ। ਭੋਲੇ-ਭਾਲੇ ਲੋਕਾਂ ਨੂੰ ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ ਵਿਚ ਫਸਾ ਕੇ ਉਨ੍ਹਾਂ ਦਾ ਆਰਥਿਕ, ਮਾਨਸਿਕ ਤੇ ਸਰੀਰਕ ਸ਼ੋਸ਼ਣ ਕਰਨ, ਬਲਾਤਕਾਰ, ਕਤਲ ਤੇ ਮਨੁੱਖੀ ਬਲੀ ਦੇਣ ਵਰਗੇ ਵਹਿਸ਼ੀ ਅਪਰਾਧ ਕਰਨ ਵਾਲੇ ਪਾਖੰਡੀ ਬਾਬਿਆਂ, ਤਾਂਤਰਿਕਾਂ, ਜੋਤਸ਼ੀਆਂ ਦੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ’ਤੇ ਸਖ਼ਤ ਪਾਬੰਦੀ ਲਾਉਣ ਲਈ ਬਿਨਾਂ ਕਿਸੇ ਦੇਰੀ ਦੇ ਪੰਜਾਬ ’ਚ ਅੰਧ-ਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ। ਇਸ ਸਬੰਧੀ ਲੋਕ-ਪੱਖੀ ਤੇ ਅਗਾਂਹਵਧੂ ਜਮਹੂਰੀ ਤੇ ਤਰਕਸ਼ੀਲ ਸੰਸਥਾਵਾਂ ਵੱਲੋਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਚੇਤਨ ਕਰ ਕੇ ਇਕ ਵਿਸ਼ਾਲ ਲੋਕ ਲਹਿਰ ਖੜ੍ਹੀ ਕਰਨ ਅਤੇ ਫ਼ੈਸਲਾਕੁਨ ਜਨਤਕ ਸੰਘਰਸ਼ ਕਰਨ ਦੀ ਵੀ ਲੋੜ ਹੈ।

Related Post