ਮਾਮਲਾ 1000 ਕਰੋੜ ਰੁਪਏ ਤੋਂ ਵੱਧ ਦਾ ਗੈਰ-ਕਾਨੂੰਨੀ ਲੈਣ-ਦੇਣ ਦਾ ਨਵੀਂ ਦਿੱਲੀ, 17 ਜਨਵਰੀ 2026 : ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਸਾਈਬਰ ਅਪਰਾਧ ਅਤੇ ਹੋਰ ਗੈਰ-ਕਾਨੂੰਨੀ ਸਰਗਰਮੀਆਂ ਤੋਂ ਕਮਾਈ ਗਈ 1000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦੇ ਲੈਣ-ਦੇਣ ਦੇ ਮਕਸਦ ਨਾਲ `ਮਿਊਲ` ਖਾਤੇ ਖੋਲ੍ਹਣ ਦੇ ਦੋਸ਼ ਹੇਠ ਪੰਜਾਬ ਐਂਡ ਸਿੰਧ ਬੈਂਕ (ਪੀ. ਐੱਸ. ਬੀ.) ਦੇ ਇਕ ਬ੍ਰਾਂਚ ਮੁਖੀ ਅਤੇ 18 ਹੋਰ ਲੋਕਾਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ । ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਦੀ ਮੁਢਲੀ ਜਾਂਚ `ਚ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਅਜਿਹੀਆਂ ਕੰਪਨੀਆਂ ਦੇ ਨਾਂ `ਤੇ 13 `ਮਿਊਲ` ਖਾਤੇ ਖੋਲ੍ਹੇ ਜਾਣ ਦਾ ਖੁਲਾਸਾ ਹੋਇਆ ਹੈ, ਜੋ ਹੋਂਦ `ਚ ਹੀ ਨਹੀਂ ਸਨ। ਪੀ. ਐੱਸ. ਬੀ. ਦੇ ਬ੍ਰਾਂਚ ਮੁਖੀ ਸਮੇਤ 19 ਖਿਲਾਫ ਹੋਈ ਐੱਫ. ਆਈ. ਆਰ. ਸੀ. ਬੀ. ਆਈ. ਨੇ ਜਾਂਚ `ਚ ਪਾਇਆ ਕਿ ਕਈ ਵਿਅਕਤੀਆਂ ਨੇ ਰਾਜਸਥਾਨ ਦੇ ਸ੍ਰੀਗੰਗਾਨਗਰ ਸਥਿਤ ਬੈਂਕ ਦੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬ੍ਰਾਂਚ `ਚ ਖਾਤੇ ਖੋਲ੍ਹਣ ਲਈ ਜਾਅਲੀ ਕੇ. ਵਾਈ. ਸੀ. ਦਸਤਾਵੇਜ਼, ਫਰਜ਼ੀ ਕਿਰਾਏਨਾਮਾ ਅਤੇ ਹੋਰ ਸਹਾਇਕ ਫਰਜ਼ੀ ਦਸਤਾਵੇਜ਼ ਤਿਆਰ ਕਰਵਾਏ ਸਨ । ਉਸ ਸਮੇਂ ਇਸ ਬ੍ਰਾਂਚ ਦੇ ਮੁਖੀ ਵਿਕਾਸ ਵਧਵਾ ਸਨ । ਏਜੰਸੀ ਨੇ ਐੱਫ. ਆਈ. ਆਰ. `ਚ ਦੋਸ਼ ਲਾਇਆ, "ਉਕਤ ਖਾਤੇ ਅਣਪਛਾਤੇ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਅਤੇ ਅਪਰਾਧਿਕ ਸਾਜ਼ਿਸ਼ ਨਾਲ ਖੋਲ੍ਹੇ ਗਏ ਸਨ।”
