post

Jasbeer Singh

(Chief Editor)

Punjab

ਪੰਜਾਬ ਦੇ ਰਾਜਪਾਲ ਵੱਲੋਂ ਨਸ਼ਾ ਮੁਕਤ-ਰੰਗਲਾ ਪੰਜਾਬ ਮੁਹਿੰਮ ਦੀ ਸ਼ੁਰੂਆਤ ਕੀਤੀ

post-img

ਪੰਜਾਬ ਦੇ ਰਾਜਪਾਲ ਵੱਲੋਂ ਨਸ਼ਾ ਮੁਕਤ-ਰੰਗਲਾ ਪੰਜਾਬ ਮੁਹਿੰਮ ਦੀ ਸ਼ੁਰੂਆਤ ਕੀਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਰਾਜਪਾਲ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਸੂਬੇ ਭਰ ਦੇ ਭਾਈਚਾਰਿਆਂ ਨੂੰ ਲਾਮਬੰਦ ਕਰਨ ਲਈ ‘ਪੀਪਲਜ਼ ਵਾਕ ਅਗੇਂਸਟ ਡਰੱਗਜ਼’ ਵਿੱਚ ਸ਼ਾਮਲ ਹੋਣ ਦੀ ਅਪੀਲ ਰਾਜਪਾਲ ਨੇ ਨਸ਼ਾ ਮੁਕਤ ਪੰਜਾਬ ਦੀ ਉਸਾਰੀ ਵਿੱਚ ਔਰਤਾਂ ਅਤੇ ਜ਼ਮੀਨੀ ਪੱਧਰ ਦੀਆਂ ਲਹਿਰਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ ਅੰਮ੍ਰਿਤਸਰ/ ਬਾਬਾ ਬਕਾਲਾ, 6 ਦਸੰਬਰ : ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਪੁਰਬ ਮੌਕੇ ਨਸ਼ਾ ਮੁਕਤ-ਰੰਗਲਾ ਪੰਜਾਬ ਮੁਹਿੰਮ ਦੀ ਸ਼ੁਰੂਆਤ ਕੀਤੀ । ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਉਹਨਾਂ ਕਿਹਾ ਕਿ 'ਨਸ਼ਾ ਮੁਕਤ ਭਾਰਤ ਅਭਿਆਨ' ਦੇ ਨਾਲ ਮਿਲ ਕੇ, ਇਹ ਮੁਹਿੰਮ ਰਾਜ ਸਰਕਾਰਾਂ, ਵਿਦਿਅਕ ਸੰਸਥਾਵਾਂ, ਸਮਾਜ ਭਲਾਈ ਸੰਸਥਾਵਾਂ ਅਤੇ ਸਥਾਨਕ ਭਾਈਚਾਰਿਆਂ ਨੂੰ ਸ਼ਾਮਲ ਕਰਨ ਦੀ ਲੋੜ ਹੈ । ਇਹ ਠੋਸ ਯਤਨ ਰਾਜ ਭਰ ਵਿੱਚ ਜਾਗਰੂਕਤਾ ਮੁਹਿੰਮਾਂ, ਭਾਈਚਾਰਕ ਸ਼ਮੂਲੀਅਤ ਅਤੇ ਜ਼ਮੀਨੀ ਪੱਧਰ ਦੇ ਪ੍ਰੋਗਰਾਮਾਂ ਰਾਹੀਂ ਨਸ਼ਿਆਂ ਦੀ ਦੁਰਵਰਤੋਂ ਨੂੰ ਹੱਲ ਕਰਨ ਵਿੱਚ ਸਹਾਈ ਹੋਵੇਗਾ । ਉਹਨਾਂ ਦੱਸਿਆ ਕਿ ਰੈੱਡ ਕਰਾਸ ਸੋਸਾਇਟੀ ਦੇ ਨਾਲ ਸਾਂਝੇਦਾਰੀ ਅਤੇ ਸਮਾਜ ਸੇਵੀ ਲੇਖਕ ਸ਼੍ਰੀ ਖੁਸ਼ਵੰਤ ਸਿੰਘ ਦੀ ਅਗਵਾਈ ਵਿੱਚ ਆਯੋਜਿਤ 'ਪੀਪਲਜ਼ ਵਾਕ ਅਗੇਂਸਟ ਡਰੱਗਜ਼' ਮੁਹਿੰਮ 7 ਦਸੰਬਰ ਤੋਂ 11 ਦਸੰਬਰ ਤੱਕ ਚਲਾਈ ਜਾ ਰਹੀ ਹੈ, ਜਿਸ ਤਹਿਤ 10 ਦਸੰਬਰ ਨੂੰ ਪ੍ਰਸਿੱਧ ਦੌੜਾਕ ਸਰਦਾਰ ਫੌਜਾ ਸਿੰਘ ਦੇ ਘਰ ਪਿੰਡ ਬਿਆਸ ਤੋਂ ਸ਼ੁਰੂ ਹੋ ਕੇ ਸ਼ਾਮ ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਬਾਠ ਵਿਖੇ ਵਿਸ਼ੇਸ਼ ਰੈਲੀ ਕੱਢੀ ਜਾ ਰਹੀ ਹੈ । 11 ਦਸੰਬਰ ਨੂੰ ਬਾਠ ਤੋਂ ਕਰਤਾਰਪੁਰ ਵਿੱਚ ਜੰਗ-ਏ-ਆਜ਼ਾਦੀ ਯਾਦਗਾਰ ਤੱਕ ਇਹ ਰੈਲੀ ਨਿਕਲੇਗੀ । ਇਸ ਮੌਕੇ ਰਾਜਪਾਲ ਨੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਬਾਰੇ ਬੋਲਦੇ ਕਿਹਾ ਕਿ "ਔਰਤਾਂ ਹਰ ਘਰ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਹਨ ਅਤੇ ਉਹਨਾਂ ਦੀ ਸਰਗਰਮ ਸ਼ਮੂਲੀਅਤ ਨਸ਼ਿਆਂ ਵਿਰੁੱਧ ਲੜਾਈ ਨੂੰ ਬਹੁਤ ਤਾਕਤ ਦੇ ਸਕਦੀ ਹੈ । ਉਹਨਾਂ ਕਿਹਾ ਕਿ ਆਪਣੇ ਬੱਚਿਆਂ ਨਾਲ ਖੁੱਲ੍ਹੀ ਗੱਲਬਾਤ ਅਤੇ ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਦੀ ਵੀ ਲੋੜ ਹੈ । ਸ਼੍ਰੀ ਕਟਾਰੀਆ ਨੇ ਕਿਹਾ ਕਿ ਅਧਿਐਨ ਦਰਸਾਉਂਦੇ ਹਨ ਕਿ ਪਰਿਵਾਰਾਂ ਵਿੱਚ ਔਰਤਾਂ ਦੀ ਸਰਗਰਮ ਸ਼ਮੂਲੀਅਤ ਦੁਆਰਾ ਨਸ਼ੀਲੇ ਪਦਾਰਥਾਂ ਨਾਲ ਸਬੰਧਤ 80% ਸਮੱਸਿਆਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ । ਰਾਜਪਾਲ ਨੇ ਬੇਰੁਜ਼ਗਾਰੀ ਤਣਾਅ, ਅਕਾਦਮਿਕ ਅਸਫਲਤਾਵਾਂ ਅਤੇ ਨੌਜਵਾਨਾਂ ਨੂੰ ਦਰਪੇਸ਼ ਭਾਵਨਾਤਮਕ ਚੁਣੌਤੀਆਂ ਸਮੇਤ ਨਸ਼ਿਆਂ ਦੇ ਮੂਲ ਕਾਰਨਾਂ ਬਾਰੇ ਵੀ ਆਪਣੇ ਵਿਚਾਰ ਰੱਖੇ । ਉਸਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨਾਲ ਮਜ਼ਬੂਤ ​​ਰਿਸ਼ਤੇ ਬਣਾਉਣ ਨੂੰ ਪਹਿਲ ਦੇਣ, ਵਧੀਆ ਸਮਾਂ ਇਕੱਠੇ ਬਿਤਾਉਣ ਅਤੇ ਬਿਪਤਾ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰਨ ਅਤੇ ਹੱਲ ਕਰਨ ਲਈ ਖੁੱਲ੍ਹ ਕੇ ਗੱਲਬਾਤ ਕਰਨ । ਨਸ਼ਿਆਂ ਦੀ ਦੁਰਵਰਤੋਂ ਦੇ ਵਿਨਾਸ਼ਕਾਰੀ ਪ੍ਰਭਾਵਾਂ ਨੂੰ ਪਛਾਣਦੇ ਹੋਏ, ਰਾਜਪਾਲ ਨੇ ਸਰਕਾਰੀ ਅਤੇ ਭਾਈਚਾਰਕ ਯਤਨਾਂ ਨੂੰ ਸ਼ਾਮਲ ਕਰਦੇ ਹੋਏ ਬਹੁ-ਪੱਖੀ ਪਹੁੰਚ ਦੀ ਲੋੜ 'ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਪੰਚਾਇਤਾਂ, ਆਂਗਣਵਾੜੀ ਵਰਕਰ, ਸਕੂਲ, ਕਾਲਜ ਅਤੇ ਸਵੈ-ਸਹਾਇਤਾ ਸਮੂਹ ਵੀ ਇਸ ਮੁਹਿੰਮ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ । ਇਸ ਮੁਹਿੰਮ ਦੇ ਤਹਿਤ ਵਿਦਿਅਕ ਸੰਸਥਾਵਾਂ ਜਾਗਰੂਕਤਾ ਮੁਹਿੰਮਾਂ ਦੀ ਮੇਜ਼ਬਾਨੀ ਕਰਨਗੀਆਂ ਅਤੇ ਖੇਡ ਸੰਸਥਾਵਾਂ ਨੌਜਵਾਨਾਂ ਨੂੰ ਉਸਾਰੂ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਿਤ ਕਰਨਗੀਆਂ ।

Related Post