

ਹਿਮਾਚਲ ਵਿੱਚ ਲਾਪਤਾ ਵਿਅਕਤੀਆਂ ਦੇ ਪਰਿਵਾਰਾਂ ਦੀਆਂ ਉਮੀਦਾਂ ਖ਼ਤਮ ਸ਼ਿਮਲਾ, 8 ਅਗਸਤ : ਹਿਮਾਚਲ ਪ੍ਰਦੇਸ਼ ਵਿੱਚ 31 ਜੁਲਾਈ ਨੂੰ ਬੱਦਲ ਫਟਣ ਮਗਰੋਂ ਲਾਪਤਾ ਹੋਏ ਲੋਕਾਂ ਦੀ ਕੋਈ ਉੱਘ-ਸੁੱਘ ਨਾ ਮਿਲਣ ਕਾਰਨ ਕਰੀਬ 30 ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੀਆਂ ਉਮੀਦਾਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ ਕਿਉਂਕਿ ਲਗਾਤਾਰ ਮੀਂਹ ਦੇ ਬਾਵਜੂਦ ਬਚਾਅ ਮੁਹਿੰਮ ਅੱਜ ਸੱਤਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਇੱਥੇ ਸਮੇਜ ਪਿੰਡ ਵਿੱਚ ਚੱਲ ਰਹੀ ਬਚਾਅ ਮੁਹਿੰਮ ਦੇ ਵੇਰਵੇ ਸਾਂਝੇ ਕਰਦਿਆਂ ਕੌਮੀ ਆਫ਼ਤ ਪ੍ਰਬੰਧਨ ਬਲ (ਐੱਨਡੀਆਰਐੱਫ) ਦੇ ਸਹਾਇਕ ਕਮਾਂਡਿੰਗ ਅਫਸਰ ਕਰਮ ਸਿੰਘ ਨੇ ਕਿਹਾ, ‘‘ਮੀਂਹ ਪੈ ਰਿਹਾ ਹੈ , ਪਰ ਬਚਾਅ ਮੁਹਿੰਮ ਵੀ ਚੱਲ ਰਹੀ ਹੈ।’’ ਉਨ੍ਹਾਂ ਕਿਹਾ, ‘‘ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧ ਰਿਹਾ ਹੈ ਅਤੇ ਕਈ ਥਾਵਾਂ ’ਤੇ ਢਿੱਗਾਂ ਵੀ ਡਿੱਗ ਰਹੀਆਂ ਹਨ। ਜੇਸੀਬੀ ਅਤੇ ਹੋਰ ਮਸ਼ੀਨਾਂ ਨਾਲ ਸੜਕਾਂ ਤੋਂ ਮਲਬਾ ਹਟਾਇਆ ਜਾ ਰਿਹਾ। ਲਾਪਤਾ ਲੋਕਾਂ ਦੇ ਮਿਲਣ ਦੀਆਂ ਸੰਭਾਵੀ ਥਾਵਾਂ ’ਤੇ ਭਾਲ ਕੀਤੀ ਜਾ ਰਹੀ ਹੈ।’’ ਸਮੇਜ ਪਿੰਡ ਸ਼ਿਮਲਾ ਜ਼ਿਲ੍ਹੇ ਦੀ ਰਾਮਪੁਰ ਸਬ-ਡਿਵੀਜ਼ਨ ਦੇ ਸਰਪਾਰਾ ਪੰਚਾਇਤ ਅਧੀਨ ਆਉਂਦਾ ਹੈ ਅਤੇ ਇਸ ਨਾਲ ਕੁੱਲੂ ਜ਼ਿਲ੍ਹੇ ਦੀ ਹੱਦ ਲੱਗਦੀ ਹੈ। ਪਿਛਲੇ ਸੱਤ ਦਿਨਾਂ ਤੋਂ ਇੱਥੇ ਡੇਰੇ ਲਾਈਂ ਬੈਠੇ ਲਾਪਤਾ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੀਆਂ ਉਮੀਦਾਂ ਹੁਣ ਖ਼ਤਮ ਹੁੰਦੀਆਂ ਜਾ ਰਹੀਆਂ ਹਨ। ਉਹ ਆਪਣੇ ਅਜ਼ੀਜਾਂ ਦੀਆਂ ਲਾਸ਼ਾਂ ਮਿਲਣ ਲਈ ਪ੍ਰਾਰਥਨਾ ਕਰ ਰਹੇ ਹਨ ਤਾਂ ਜੋ ਅੰਤਿਮ ਰਸਮਾਂ ਨਿਭਾਈਆਂ ਜਾ ਸਕਣ। ਮੋਤੀ ਰਾਮ ਨੇ ਕਿਹਾ, ‘‘ਮੇਰਾ ਭਰਾ, ਦੋ ਭਰਜਾਈਆਂ, ਨੂੰਹ, ਭਤੀਜੇ ਤੇ ਭਤੀਜੀ ਸਮੇਤ ਪੂਰਾ ਪਰਿਵਾਰ ਲਾਪਤਾ ਹੈ।’’ ਘਟਨਾ ਮੌਕੇ ਘਰ ਤੋਂ ਬਾਹਰ ਹੋਣ ਕਾਰਨ ਮੋਤੀ ਰਾਮ ਆਪਣੀ ਨੂੰਹ ਅਤੇ ਪੋਤੇ ਸਮੇਤ ਬਚ ਗਿਆ। ਇੱਕ ਹੋਰ ਸਥਾਨਕ ਵਾਸੀ ਕੈਰ ਸਿੰਘ ਨੇ ਕਿਹਾ ਕਿ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ ਅਤੇ ਲਗਾਤਾਰ ਮੀਂਹ ਕਾਰਨ ਬਚਾਅ ਮੁਹਿੰਮ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁੱਲੂ ਦੇ ਨਿਰਮੰਡ, ਸੈਂਜ, ਮਲਾਨਾ, ਜਦੋਂਕਿ ਮੰਡੀ ਦੇ ਪਧਾਰ ਤੇ ਸ਼ਿਮਲਾ ਦੀ ਰਾਮਪੁਰ ਸਬ-ਡਿਵੀਜ਼ਨ ਵਿੱਚ 31 ਜੁਲਾਈ ਰਾਤ ਨੂੰ ਬੱਦਲ ਫਟਣ ਮਗਰੋਂ ਆਏ ਹੜ੍ਹ ਵਿੱਚ ਹੁਣ ਤੱਕ 16 ਜਣੇ ਮਾਰੇ ਗਏ ਹਨ, ਜਦੋਂਕਿ 35 ਤੋਂ ਵੱਧ ਲਾਪਤਾ ਹਨ। ਉਧਰ, ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਸਮੇਜ ਅਤੇ ਸ਼ਿਮਲਾ ਤੇ ਕੁੱਲੂ ਦੇ ਪ੍ਰਭਾਵਿਤ ਇਲਾਕਾਂ ਦਾ ਮੰਗਲਵਾਰ ਨੂੰ ਦੌਰਾ ਕੀਤਾ।
Related Post
Popular News
Hot Categories
Subscribe To Our Newsletter
No spam, notifications only about new products, updates.