post

Jasbeer Singh

(Chief Editor)

Patiala News

ਭਾਸ਼ਾ ਵਿਭਾਗ ਵੱਲੋਂ ਵਾਤਾਵਰਣ ਸੰਭਾਲ ਲਈ ਰੁੱਖ ਲਗਾਉਣ ਦੀ ਪ੍ਰੀਕ੍ਰਿਆ ਦਾ ਆਰੰਭ

post-img

ਭਾਸ਼ਾ ਵਿਭਾਗ ਵੱਲੋਂ ਵਾਤਾਵਰਣ ਸੰਭਾਲ ਲਈ ਰੁੱਖ ਲਗਾਉਣ ਦੀ ਪ੍ਰੀਕ੍ਰਿਆ ਦਾ ਆਰੰਭ ਪਟਿਆਲਾ,13 ਜੁਲਾਈ : ਗਲੋਬਲ ਵਾਰਮਿੰਗ ਦੇ ਚਲਦਿਆਂ ਸੰਸਾਰ ਭਰ ਵਿਚ ਵਾਤਾਵਰਣ ਸੰਭਾਲ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ, ਪੰਜਾਬ ਸਰਕਾਰ ਸ. ਭਗਵੰਤ ਸਿੰਘ ਮਾਨ ਵੱਲੋਂ ਸਮੁੱਚੇ ਪੰਜਾਬ ਵਿਚ ਸਮੂਹ ਵਿਭਾਗਾਂ/ਸਰਕਾਰੀ ਦਫ਼ਤਰੀ ਵਿਚ ਖ਼ਾਲੀ ਪਈਆਂ ਥਾਵਾਂ ਦਾ ਨਿਰੀਖਣ ਕਰਨ ਉਪਰੰਤ ਰੁੱਖ ਲਗਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ, ਪਟਿਆਲਾ ਦੇ ਸਹਿਯੋਗ ਨਾਲ ਜਸਵੰਤ ਸਿੰਘ ਜ਼ਫ਼ਰ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੀ ਸੁਯੋਗ ਅਗਵਾਈ ਅਧੀਨ ਭਾਸ਼ਾ ਭਵਨ, ਸ਼ੇਰਾਂਵਾਲਾ ਗੇਟ, ਪਟਿਆਲਾ ਵਿਖੇ ਰੁੱਖ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਸਮੇਂ ਵਿਭਾਗ ਦੇ ਸਮੂਹ ਅਧਿਕਾਰੀ ਮੌਜੂਦ ਸਨ। ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਸਮੇਤ ਸਮੂਹ ਅਧਿਕਾਰੀਆਂ ਨੇ ਭਾਸ਼ਾ ਭਵਨ ਕੰਪਲੈਕਸ ਦੇ ਅਹਾਤੇ ਵਿਚ ਖ਼ਾਲੀ ਪਈਆਂ ਥਾਵਾਂ ਤੇ ਸੌ ਤੋਂ ਵੱਧ ਵੱਖ ਵੱਖ ਤਰ੍ਹਾਂ ਦੇ ਰੁੱਖ ਲਗਾਏ। ਇਸ ਮੌਕੇ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਨੇ ਸੰਦੇਸ਼ ਦਿੰਦਿਆਂ ਕਿਹਾ ਕਿ ਗਲੋਬਲ ਵਾਰਮਿੰਗ ਦੌਰਾਨ ਸਮੁੱਚਾ ਸੰਸਾਰ ਅਤਿ ਦੀ ਗਰਮੀ ਦੇ ਨਾਲ ਨਾਲ ਸ਼ੁੱਧ ਹਵਾ ਅਤੇ ਪਾਣੀ ਦੀਆਂ ਸਮੱਸਿਆਂਵਾਂ ਨਾਲ ਜੂਝ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਕਾਰਨ ਵੱਡੀਆਂ-2 ਇਮਾਰਤਾਂ ਬਣਾੳਣ ਲਈ ਰੁੱਖਾਂ ਦੀ ਕਟਾਈ ਹੈ। ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਪੰਜਾਬ ਵਿਚ ਹੀ ਨਹੀਂ ਸਗੋਂ ਸਮੁੱਚੇ ਭਾਰਤ ਵਿਚ ਵੀ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਹੋਰਨਾਂ ਨੂੰ ਵੀ ਇਸ ਕਾਰਜ ਲਈ ਪ੍ਰੇਰਨਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਲਈ ਵਧੀਆ ਤੇ ਸਾਫ਼ ਸੁਥਰੇ ਵਾਤਾਵਰਣ ਦੀ ਸਿਰਜਨਾ ਕਰ ਸਕੀਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜਿਹਾ ਕਰਨ ਨਾਲ ਜਿਥੇ ਸਾਨੂੰ ਗਲੋਬਲ ਵਾਰਮਿੰਗ ਕਾਰਨ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲੇਗੀ ਉਥੇ ਹੀ ਅਸੀਂ ਘਟ ਰਹੇ ਜ਼ਮੀਨੀ ਪਾਣੀ ਦੀ ਵੀ ਸੰਭਾਲ ਕਰ ਸਕਣ ਦੇ ਸਮਰੱਥ ਬਣਾਂਗੇ। ਅੰਤ ਵਿਚ ਉਨ੍ਹਾਂ ਨੇ ਮਾਣਯੋਗ ਮੁੱਖ ਮੰਤਰੀ ਜੀ ਵੱਲੋਂ ਵਾਤਾਵਰਣ ਸੰਭਾਲਣ ਪ੍ਰਤੀ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਸਮੁੱਚੇ ਜਨ ਸਮੂਹ ਨੂੰ ਇਸ ਕਾਰਜ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਅਪੀਲ ਕੀਤੀ।

Related Post