

ਸਰਸ ਮੇਲੇ ਦਾ ਨੌਵਾਂ ਦਿਨ ਰਿਹਾ ਬਜ਼ੁਰਗਾਂ ਦੇ ਨਾਮ -ਬਾਬਿਆਂ ਨੇ ਥਿਰਕਣ ਲਾ ਦਿੱਤੀ ਸ਼ੀਸ਼ ਮਹਿਲ ਦੀ ਫ਼ਿਜ਼ਾ ਪਟਿਆਲਾ, 22 ਫਰਵਰੀ : ਸ਼ੀਸ਼ ਮਹਿਲ ਪਟਿਆਲਾ ਦੇ ਵਿਹੜੇ ਸਰਸ ਮੇਲੇ ਵਿੱਚ ਹਰ ਰੰਗ ਦੇਖਣ ਨੂੰ ਮਿਲ ਰਿਹਾ। ਸਭਿਆਚਾਰਕ ਪ੍ਰੋਗਰਾਮ ਦੇ ਮੇਜ਼ਬਾਨ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਅੱਜ ਮੇਲੇ ਵਿੱਚ ਬਾਬੇ ਭੰਗੜਾ ਪਾਉਂਦੇ ਸਿਰਲੇਖ ਹੇਠ ਸੀਨੀਅਰ ਸਿਟੀਜ਼ਨ ਦਾ ਫ਼ੈਸ਼ਨ ਸ਼ੋਅ ਕਰਵਾਇਆ ਗਿਆ, ਜਿਸ ਵਿਚ ਪੰਜਾਹ ਸਾਲ ਤੋਂ ਅੱਸੀ ਸਾਲ ਤੱਕ ਦੇ ਬਜ਼ੁਰਗਾਂ ਨੇ ਕਪਲ ਡਾਂਸ ਅਤੇ ਕੈਟ ਵਾਕ ਕੀਤੀ । ਬਾਬਿਆਂ ਅਤੇ ਬਜ਼ੁਰਗ ਮਾਤਾਵਾਂ ਨੇ ਬਾਬੇ ਭੰਗੜਾ ਪਾਉਂਦੇ ਨੇ, ਰੰਗਲਾ ਪੰਜਾਬ ਅਤੇ ਕਿੰਨਾ ਸੋਹਣਾ ਹੈ ਪਟਿਆਲਾ ਗੀਤਾਂ ਤੇ ਖ਼ੂਬਸੂਰਤ ਨਾਚ ਨੱਚੇ ਅਤੇ ਮੇਲੀਆਂ ਨੂੰ ਨੱਚਣ ਲਾ ਦਿੱਤਾ । ਬਜ਼ੁਰਗਾਂ ਵਿੱਚ ਸੁਰਿੰਦਰ ਆਹਲੂਵਾਲੀਆ, ਨਾਹਰ ਸਿੰਘ, ਹਰਿੰਦਰ ਕੌਰ 72 ਸਾਲ, ਬਲਵਿੰਦਰ ਸਿੰਘ, ਬਲਦੇਵ ਸਿੰਘ (78 ਸਾਲ), ਨਿਰਭਲ ਮਾਂਗਟ ਆਦਿ ਨੇ ਖ਼ੂਬ ਰੰਗ ਬੰਨ੍ਹਿਆ। ਯੋਗਾ ਦੇ ਮੁਕਾਬਲੇ ਵਿਚ ਮਨਸੀਰਤ ਕੌਰ ਨੇ ਪਹਿਲਾ, ਨੈਤਿਕ ਸ਼ਰਮਾ ਅਤੇ ਤਨਵੀਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ । ਵਿਸ਼ੇਸ਼ ਪ੍ਰਤਿਭਾ ਮੁਕਾਬਲੇ ਵਿੱਚ ਹਾਰਦਿਕ ਹਾਂਡਾ ਨੇ ਤਬਲਾ ਅਤੇ ਢੱਡ ਬਜਾਕੇ ਬਾਜ਼ੀ ਮਾਰੀ ।