

ਪਟਿਆਲਾ, 1 ਮਈ (ਜਸਬੀਰ)-ਪਟਿਆਲਾ ਦੇ ਐਸ. ਐਸ. ਪੀ. ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵਲੋਂ ਨਸ਼ੇ ਦੇ ਖਾਤਮੇ ਲਈ ਵਿੱਢੀ ਗਈ ਮੁਹਿੰਮ ਤਹਿਤ ਪਿੰਡ ਰੱਖੜਾ ਨੇੜਲੇ ਪਿੰਡ ਕਲਿਆਣ ਸੈਂਸੀ ਬਿਰਾਦਰੀ ਦੇ ਘਰਾਂ ਵਿਚ ਚਾਰ ਥਾਣਿਆਂ ਦੀ ਪੁਲਸ ਵਲੋਂ ਇਕਦਮ ਸਰਚ ਆਪ੍ਰੇਸ਼ਨ ਰਾਹੀਂ ਘਰ ਘਰ ਦੀ ਤਲਾਸ਼ੀ ਕੀਤੀ ਗਈ। ਜਿਥੇ 24 ਬੋਤਲਾਂ ਦੇਸੀ ਸ਼ਰਾਬ ਸਮੇਤ ਇਕ ਔਰਤ ਗਿ੍ਰਫ਼ਤਾਰੀ ਕੀਤੀ ਗਈ ਹੈ। ਪਿੰਡ ਕਲਿਆਣ ਵਿਖੇ ਸੈਂਸੀ ਬਰਾਦਰੀ ਕਾਫੀ ਗਿਣਤੀ ਵਿਚ ਰਹਿੰਦੀ ਹੈ। ਜਿਥੇ ਕਈ ਵਾਰ ਨਸ਼ੇ ਵੇਚਣ ਨੂੰ ਲੈ ਕੇ ਪੁਲਸ ਕੋਲ ਸ਼ਿਕਾਇਤਾਂ ਪਹੁੰਚਦੀਆਂ ਰਹਿੰਦੀਆਂ ਹਨ ਅਤੇ ਸਮੇਂ ਸਮੇਂ ’ਤੇ ਪੁਲਸ ਵਲੋਂ ਵੀ ਇਸ ਪਿੰਡ ਵਿਚ ਸਰਚ ਆਪ੍ਰੇਸ਼ਨ ਚੱਲਦਾ ਰਹਿੰਦਾ ਹੈ, ਜਿਸ ਤਹਿਤ ਅੱਜ ਸਵੇਰੇ ਤੜਕੇ ਅਚਨਚੇਤ ਡੀ. ਐਸ. ਪੀ. ਜਗਜੀਤ ਸਿੰਘ ਰੰਧਾਵਾ ਸਿਟੀ 2, ਥਾਣਾ ਤਿ੍ਰਪੜੀ ਦੇ ਐਸ. ਐਚ. ਓ. ਗੁਰਪ੍ਰੀਤ ਸਿੰਘ ਭਿੰਡਰ, ਥਾਣਾ ਅਨਾਜ ਮੰਡੀ ਦੇ ਮੁਖੀ ਸਬ ਇੰਸਪੈਕਟਰ ਗੁਰਮੀਤ ਸਿੰਘ, ਬਖਸ਼ੀਵਾਲ ਥਾਣੇ ਤੋਂ ਇੰਸ. ਅਜੇ ਕੁਮਾਰ, ਚੌਂਕੀ ਸੈਂਚੁਰੀ ਇਨਕਲੇਵ ਇੰਚਾਰਜ ਏ. ਐਸ. ਆਈ. ਹਰਸ਼ਰਨਵੀਰ ਆਦਿ ਭਾਰੀ ਪੁਲਸ ਫੋਰਸ ਨਾਲ ਸਮੁੱਚੇ ਘਰਾਂ ਵਿਚ ਤਲਾਸ਼ੀ ਲਈ ਗਈ, ਜਿਥੇ ਸ਼ੱਕ ਦੇ ਆਧਾਰ ’ਤੇ ਕਈ ਘਰਾਂ ਦੀ ਬਰੀਕੀ ਨਾਲ ਤਲਾਸ਼ੀ ਕੀਤੀ ਗਈ ਪਰ ਪੁਲਸ ਨੂੰ 24 ਬੋਤਲਾਂ ਦੇਸੀ ਸ਼ਰਾਬ ਤੋਂ ਇਲਾਵਾ ਕੁੱਝ ਵੀ ਬਰਾਮਦ ਨਹੀਂ ਹੋਇਆ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਡੀ. ਐਸ. ਪੀ. ਰੰਧਾਵਾ ਨੇ ਕਿਹਾ ਕਿ ਸਰਕਾਰ ਵਲੋਂ ਨਸ਼ੇ ਨੂੰ ਠੱਲ ਪਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਐਸ. ਐਸ. ਪੀ. ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ। ਜਿਥੇ ਵੀ ਕੋਈ ਨਸ਼ੇ ਵੇਚਣ ਸੰਬੰਧੀ ਪਤਾ ਚੱਲਦਾ ਹੈ, ਉਥੇ ਪੁਲਸ ਵਲੋਂ ਲਗਾਤਾਰ ਸਰਚ ਆਪ੍ਰੇਸ਼ਨ ਕੀਤੇ ਜਾ ਰਹੇ ਹਨ ਤਾਂ ਜੋ ਨਸ਼ੇ ਨਾਲ ਘਰਾਂ ਦੇ ਬੁਜਦੇ ਚਿਰਾਗਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਹੜੇ ਵੀ ਵਿਅਕਤੀ ਨਸ਼ਾ ਵੇਚਦੇ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜੇਕਰ ਫਿਰ ਵੀ ਕੋਈ ਵਿਅਕਤੀ ਨਸ਼ਾ ਵੇਚਣ ਦੀ ਹਿਮਾਕਤ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਡੀ. ਜੀ. ਪੀ. ਵਲੋਂ ਪਹਿਲਾਂ ਹੀ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਹੜੇ ਵਿਅਕਤੀ ਨਸ਼ਾ ਵੇਚ ਕੇ ਪੈਸੇ ਕਮਾਉਣਗੇ, ਉਨ੍ਹਾਂ ਦੀਆਂ ਪ੍ਰਾਪਰਟੀਆਂ ਵੀ ਜਬਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਲਿਹਾਜਾ ਨਸ਼ੇ ਕਰਨ ਵਾਲੇ ਵਿਅਕਤੀਆਂ ਨੂੰ ਸਰਕਾਰ ਵਲੋਂ ਨਸ਼ਾ ਛਡਾਊ ਕੇਂਦਰਾਂ ਵਿਚ ਨਸ਼ਾ ਛੱਡਣ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ, ਜਿਨ੍ਹਾਂ ਦਾ ਸਹਾਰਾ ਇਨ੍ਹਾਂ ਨਸ਼ਾ ਕਰਨ ਵਾਲੇ ਵਿਅਕਤੀ ਆਸਾਨ ਤਰੀਕੇ ਨਾਲ ਲੈ ਸਕਦੇ ਹਨ ਕਿਉਕਿ ਉਥੇ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਸਰਕਾਰ ਵਲੋਂ ਮੁਫਤ ਇਲਾਜ ਕੀਤਾ ਜਾਂਦਾ ਹੈ।