July 6, 2024 00:50:06
post

Jasbeer Singh

(Chief Editor)

Latest update

ਲੁਟੇਰਿਆਂ ਨੇ ਕਿਸਾਨ ਆਗੂ ਦੇ ਪੁੱਤਰ ਨੂੰ ਜ਼ਖ਼ਮੀ ਕੀਤਾ, ਰੌਲਾ ਪੈਣ ’ਤੇ ਲੋਕਾਂ ਨੇ ਦੋ ਨੂੰ ਕਾਬੂ ਕੀਤਾ

post-img

ਇਥੋਂ ਨੇੜਲੇ ਪਿੰਡ ਘਰਾਚੋਂ ਦੇ ਬਲਾਕ ਆਗੂ ਮਨਜੀਤ ਸਿੰਘ ਘਰਾਚੋਂ ਦੇ ਪੁੱਤਰ ਰਾਜਵੀਰ ਸਿੰਘ ਨੂੰ ਬੀਤੀ ਸ਼ਾਮ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਨ ਬਾਅਦ ਮੋਟਰਸਾਈਕਲ ਖੋਹਕੇ ਭੱਜਣ ਸਮੇਂ ਰੌਲਾ ਪੈਣ ਕਾਰਨ ਲੋਕਾਂ ਨੇ ਦੋ ਲੁਟੇਰਿਆਂ ਨੂੰ ਕਾਬੂ ਕਰਕੇ ਬਾਲੀਆਂ ਥਾਣੇ ਦੇ ਹਵਾਲੇ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਦੱਸਿਆ ਕਿ ਉਸ ਦਾ ਪੁੱਤਰ ਰਾਜਵੀਰ ਸਿੰਘ ਭਾਈ ਗੁਰਦਾਸ ਕਾਲਜ ਵਿਖੇ ਡਿਊਟੀ ਕਰਨ ਤੋਂ ਬਾਅਦ ਮੋਟਰਸਾਈਕਲ ਰਾਹੀਂ ਵਾਪਸ ਆ ਰਿਹਾ ਸੀ ਤਾਂ ਘਰਾਚੋਂ ਨੇੜੇ ਡਰੇਨ ਦੇ ਪੁਲ ’ਤੇ ਲੁਟੇਰਿਆਂ ਨੇ ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ। ਵਾਰਦਾਤ ਮੌਕੇ ਰੌਲਾ ਪੈਣ ਕਾਰਣ ਲੁਟੇਰੇ ਮੋਟਰਸਾਈਕਲ ਛੱਡ ਕੇ ਖੇਤਾਂ ਵਿੱਚ ਭੱਜ ਗਏ, ਜਿਨ੍ਹਾਂ ਵਿੱਚੋਂ ਦੋ ਨੂੰ ਲੋਕਾਂ ਨੇ ਕਾਬੂ ਕਰਕੇ ਬਾਲੀਆਂ ਥਾਣੇ ਦੇ ਹਵਾਲੇ ਕਰ ਦਿੱਤਾ। ਅੱਜ ਥਾਣਾ ਬਾਲੀਆਂ ਅੱਗੇ ਯੂਨੀਅਨ ਦੇ ਬਲਾਕ ਆਗੂ ਹਰਜੀਤ ਸਿੰਘ ਮਹਿਲਾਂ, ਜਗਤਾਰ ਸਿੰਘ ਲੱਡੀ, ਰਘਵੀਰ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ ਅਤੇ ਹਰਜਿੰਦਰ ਸਿੰਘ ਘਰਾਚੋਂ ਨੇ ਪੁਲੀਸ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜੇ ਸਾਰੇ ਲੁਟੇਰਿਆਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਯੂਨੀਅਨ 10 ਜੂਨ ਨੂੰ ਥਾਣੇ ਅੱਗੇ ਧਰਨਾ ਲਾਏਗੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਇਸ ਮਾਮਲੇ ਸਬੰਧੀ ਪੂਰੀ ਮੁਸਤੈਦੀ ਨਾਲ ਆਪਣੀ ਕਾਰਵਾਈ ਕਰ ਰਹੀ ਹੈ।

Related Post