post

Jasbeer Singh

(Chief Editor)

Patiala News

ਬਲੱਡ ਬੈਂਕ ’ਚ ਲੱਗਦੇ ਲੜੀਵਾਰ ਖੂਨਦਾਨ ਕੈਂਪਾਂ ਦੀ ਸੇਵਾ ਨੇ ਰਚਿਆ ਵਿਸ਼ਵ ਪੱਧਰੀ ਨਵਾਂ ਇਤਿਹਾਸ

post-img

ਪਟਿਆਲਾ, 29 ਅਪ੍ਰੈਲ (ਜਸਬੀਰ)-ਮਨੁੱਖਤਾ ਦੇ ਭਲੇ ਦੀ ਵਚਨਬੱਧਤਾ ਨੇ ਇੱਕ ਵਾਰ ਮੁੜ ਤੋਂ ਪੂਰੀ ਦੁਨੀਆਂ ਸਾਹਮਣੇ ਸੇਵਾ ਦਾ ਨਵਾਂ ਵਿਸ਼ਵ ਪੱਧਰੀ ਇਤਿਹਾਸ ਰਚ ਵਿਖਾਇਆ ਹੈ। ਬੇਸ਼ੱਕ ਤੈਅ ਤਰੀਕਾਂ ਨੂੰ ਲੜੀਵਾਰ ਖੂਨਦਾਨ ਕੈਂਪ ਲਗਾਉਣਾ ਮੁਸ਼ਕਲ ਹੈ, ਪਰ ਫਿਰ ਵੀ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ (ਰਜਿ.) ਮਿਸ਼ਨ ਲਾਲੀ ਤੇ ਹਰਿਆਲੀ (ਸਵੈ ਇਛੁੱਕ ਖੂਨਦਾਨ ਅਤੇ ਬੂਟੇ ਲਾਉਣ ਦੀ ਜਾਗ੍ਰਤੀ ਲਹਿਰ) ਨਾਲ ਜੁੜੇ ਵਲੰਟੀਅਰ ਆਪਣੀ ਸੇਵਾ ਵਿਚ ਲਗਾਤਾਰ ਡਟੇ ਹੋਏ ਹਨ। ਜਿਨ੍ਹਾਂ ਸਦਕਾ ਥੈਲਾਸੀਮਕ ਬੱਚਿਆਂ ਲਈ, ਕੈਂਸਰ, ਡਿਲਵਰੀ, ਐਕਸੀਡੈਂਟ ਤੇ ਹੋਰ ਆਪਰੇਸ਼ਨਾਂ ਦੇ ਮਰੀਜ਼ਾਂ ਲਈ ਖੂਨ ਦੀ ਮੰਗ ਨੂੰ ਪੂਰਾ ਕਰਨ ਲਈ ਪਿਛਲੇ 12 ਸਾਲਾਂ ਤੋਂ ਲਗਾਤਾਰ ਹਰ ਮਹੀਨੇ 5 ਅਤੇ 20 ਤਰੀਕ ਨੂੰ ਬਲੱਡ ਬੈਂਕ, ਸਰਕਾਰੀ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਸਵੇਰੇ 9 ਵਜੇ ਤੋਂ 1 ਵਜੇ ਤੱਕ ਪਹੁੰਚ ਕੇ ਖੂਨ ਦਾਨ ਕਰਦੇ ਹਨ।ਇਨ੍ਹਾਂ ਕੈਂਪਾਂ ਵਿਚ 5 ਮਈ 2012 ਤੋਂ 20 ਅਪ੍ਰੈਲ 2024 ਤੱਕ 296 ਕੈਂਪਾਂ ਵਿਚ 5891 ਯੂਨਿਟ ਇਕੱਤਰ ਕੀਤੇ, ਜਿਨ੍ਹਾਂ ਵਿਚ 4 ਕੈਂਪ ਸਪੈਸ਼ਲ, ਲਾਕਡਾਊਨ ਤੇ ਕਰਫਿਊ ਦੌਰਾਨ 4 ਐਮਰਜੈਂਸੀ ਕੈਂਪ ਵੀ ਸ਼ਾਮਲ ਹਨ। ਡੋਨਰਾਂ ਨੂੰ ਲਗਾਤਾਰ ਪਰਉਪਕਾਰ ਦੀ ਇਸ ਮਹਾਨ ਸੇਵਾ ਨਾਲ ਜੋੜੀ ਰੱਖਣ ਲਈ ‘ਡੋਨਰ ਰਿਟੈਂਸ਼ਨ ਪ੍ਰੋਗ੍ਰਾਮ’ ਤਹਿਤ ‘ਰੀਮਾਈਂਡਰ ਕਾਰਡ’ ਦਿੱਤਾ ਜਾਂਦਾ ਹੈ, ਜਿਸ ’ਤੇ ਖੂਨ ਦਾਨ ਕਰਨ ਦੀ ਮੌਜੂਦਾ ਮਿਤੀ ਅਤੇ ਤਿੰਨ ਮਹੀਨੇ ਬਾਅਦ ਮੁੜ ਖੂਨ ਦਾਨ ਕਰਨ ਦੀ ਮਿਤੀ, ਖੂਨਦਾਨ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਧਿਆਨ ਰੱਖਣ ਯੋਗ ਗੱਲਾਂ ਦਰਜ ਹਨ। ਹੁਣ ਰੈਗੂਲਰ ਡੋਨਰਾਂ ਨੂੰ ਬਲੱਡ ਬੈਂਕ ਵੱਲੋਂ ‘ਰੈਗੂਲਰ ਬਲੱਡ ਡੋਨਰ ਕਾਰਡ’ ਵੀ ਬਣਾ ਕੇ ਦਿੱਤਾ ਜਾ ਰਿਹਾ ਹੈ। ਇਨ੍ਹਾਂ ਕੈਂਪਾਂ ਵਿਚ 71 ਵਲੰਟੀਅਰਾਂ ਨੇ 10 ਜਾਂ ਵੱਧ ਵਾਰ ਅਤੇ ਸੈਂਕੜੇ ਖੂਨਦਾਨੀਆਂ ਨੇ ਅਨੇਕਾਂ ਵਾਰ ਰੈਗੂਲਰ ਤੌਰ ’ਤੇ ਖੂਨਦਾਨ ਕਰਕੇ ਇਸ ਮਹਾਂਯੱਗ ਵਿਚ ਆਪਣਾ ਹਿੱਸਾ ਪਾਇਆ ਹੈ। ਜਦੋਂ ਕਿ ਕੁੱਲ 3102 ਵਿਚੋਂ 448 ਖੂਨਦਾਨੀਆਂ ਨੇ ਪਹਿਲੀ ਵਾਰ ਖੂਨਦਾਨ ਕੀਤਾ ਅਤੇ ਅਨੇਕਾਂ ਹੀ ਡੋਨਰਾਂ ਵੱਲੋਂ ਐਮਰਜੈਂਸੀ ਹਾਲਤਾਂ ਵਿਚ ਖੂਨ ਦਾਨ ਕੀਤਾ ਗਿਆ। (ਡੱਬੀ) ਖੂਨਦਾਨ ਕੈਂਪਾਂ ਦੇ ਅਸਲ ਹੀਰੋ ਰੈਗੂਲਰ ਖੂਨਦਾਨੀ : ਹਰਦੀਪ ਸਨੌਰ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ, ਮਾਸਟਰ ਮੋਟੀਵੇਟਰ ਤੇ ਯੂਨੀਵਰਸਲ ਵੈਲਫੇਅਰ ਕਲੱਬ ਦੇ ਪ੍ਰਧਾਨ ਹਰਦੀਪ ਸਿੰਘ ਸਨੌਰ ਨੇ ਦੱਸਿਆ ਕਿ ਪਿਛਲੇ 12 ਸਾਲਾਂ ਤੋਂ ਰੈਗੂਲਰ ਖੂਨਦਾਨ ਕੈਂਪਾਂ ਦੀ ਸੇਵਾ ਪੂਰੀ ਦੁਨੀਆਂ ਵਿਚ ਇਕਲੌਤਾ ਪ੍ਰੋਗ੍ਰਾਮ ਹੋ ਨਿਬੜਿਆ ਹੈ। ਇਨ੍ਹਾਂ ਸਫਲਤਾਪੂਰਵਕ ਲੱਗੇ ਕੈਂਪਾਂ ਦੇ ਅਸਲ ਹੀਰੋ ਰੈਗੂਲਰ ਖੂਨਦਾਨੀ ਹਨ ਜੋ ਮਨੁੱਖਤਾ ਦੇ ਭਲੇ ਲਈ ਹਰ ਤਿੰਨ ਮਹੀਨੇ ਬਾਅਦ ਮੁੜ ਬਲੱਡ ਬੈਂਕ ਵਿਚ ਪਹੁੰਚ ਕੇ ਖੂਨਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਗਰੁੱਪ ਵੱਲੋਂ ਪਿਛਲੇ 18 ਸਾਲਾਂ ਤੋਂ ਹੁਣ ਤੱਕ 980 ਤੋਂ ਵੱਧ ਖੂਨਦਾਨ ਕੈਂਪਾਂ ਵਿਚ 33000 ਤੋਂ ਵੱਧ ਖੂਨ ਦੇ ਯੂਨਿਟ ਇਕੱਤਰ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ਵਿਚ 3 ਕੈਂਪ ਵਿਆਹਾਂ ਵਿਚ, 24 ਕੈਂਪ ਭੋਗ ਸਮਾਗਮਾਂ, 1 ਕੈਂਪ ਜਨਮ ਦਿਨ ਮੌਕੇ, 4 ਕੈਂਪ ਯਾਦਗਾਰੀ ਤੇ 4 ਕੈਂਪ ‘ਮੇਰੇ ਘਰ ਖੂਨਦਾਨ ਕੈਂਪ’ ਮੁਹਿੰਮ ਤਹਿਤ ਘਰਾਂ ਵਿਚ ਲਗਾਏ। ਹਰਦੀਪ ਸਨੌਰ ਨੇ ਦੱਸਿਆ ਕਿ 13ਵੇਂ ਸਾਲ ਦੀ ਸ਼ੁਰੂਆਤ 5 ਮਈ ਨੂੰ ਹੋਵੇਗੀ ਅਤੇ ਮੇਰੀ ਜ਼ਿੰਦਗੀ ਦਾ ਇਹ ਹੀ ਮਿਸ਼ਨ ਹੈ ਕਿ ਖੁਸ਼ੀ-ਗਮੀ ਦੇ ਹਰ ਸਮਾਗਮ ਮੌਕੇ ਖੂਨਦਾਨ ਕੈਂਪ ਲੱਗੇ ਅਤੇ ਹਰ ਤੰਦਰੁਸਤ ਇਨਸਾਨ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰੇ ਤਾਂ ਜੋ ਹਰ ਲੋੜਵੰਦ ਮਰੀਜ਼ ਨੂੰ ਸਮੇਂ ਸਿਰ ਖੂਨ ਮਿਲੇ ਤੇ ਬੇਸ਼ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ। ਹਰ ਖੂਨਦਾਨ ਹਰ ਸਾਲ ਇੱਕ ਬੂਟਾ ਲਾਵੇ ਤੇ ਸੰਭਾਲ ਕਰੇ। ਇਸ ਮਹਾਨ ਸੇਵਾ ਵਿਚ ਮਿਸ਼ਨ ਲਾਲੀ ਤੇ ਹਰਿਆਲੀ ਦੀ ਸਮੁੱਚੀ ਟੀਮ ਨੇ ਵੱਧ ਚੜ੍ਹ ਕੇ ਸੇਵਾ ਕੀਤੀ ਹੈ, ਜਿਸ ਲਈ ਮੈਂ ਉਨ੍ਹਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੇ ਭਵਿੱਖ ਵਿਚ ਵੀ ਸੁਚੱਜੇ ਸਹਿਯੋਗ ਦੀ ਆਸ ਰੱਖਦਾ ਹਾਂ।

Related Post