July 6, 2024 01:57:40
post

Jasbeer Singh

(Chief Editor)

Latest update

ਜੀਐੱਨਡੀਯੂ ਦੇ ਨਾਟਕ ਮੇਲੇ ’ਚ ‘ਕਰ ਲਓ ਘਿਓ ਨੂੰ ਭਾਂਡਾ’ ਦਾ ਮੰਚਨ

post-img

ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵੱਲੋਂ ਦਸਮੇਸ਼ ਆਡੀਟੋਰੀਅਮ ਵਿੱਚ ਕਰਵਾਏ ਜਾ ਰਹੇ ਤੀਜੇ ਪੰਜ ਰੋਜ਼ਾ ਨਾਟਕ ਮੇਲੇ ਦੇ ਚੌਥੇ ਦਿਨ ਸਾਰਥਕ ਰੰਗਮੰਚ ਪਟਿਆਲਾ ਵਲੋਂ ਹਾਸਰਸ ਨਾਟਕ ‘ਕਰ ਲਓ ਘਿਓ ਨੂੰ ਭਾਂਡਾ’ ਖੇਡਿਆ ਗਿਆ। ਇਹ ਨਾਟਕ ਜਯਵਰਧਨ ਦੇ ਲਿਖੇ ਹਿੰਦੀ ਨਾਟਕ ‘ਹਾਏ ਹੈਂਡਸਮ’ ਦਾ ਪੰਜਾਬੀ ਰੂਪਾਂਤਰ ਹੈ। ਇਸ ਦਾ ਰੂਪਾਂਤਰ ਤੇ ਨਿਰਦੇਸ਼ਨ ਰੰਗਮੰਚ ਦੇ ਕਲਾਕਾਰ ਡਾ. ਲੱਖਾ ਲਹਿਰੀ ਵੱਲੋਂ ਕੀਤਾ ਗਿਆ। ਇਹ ਨਾਟਕ ਅਜੋਕੇ ਦੌਰ ਦੇ ਗੰਭੀਰ ਮਸਲਿਆਂ ਨੂੰ ਹਲਕੇ-ਫੁਲਕੇ ਅੰਦਾਜ਼ ਵਿੱੱਚ ਪੇਸ਼ ਕਰਦਾ ਹੈ। ਨਵੀਂ ਪੀੜ੍ਹੀ ਨੂੰ ਆਪਣੇ ਕਰੀਅਰ ਨੂੰ ਬਣਾਉਣ ਦੀ ਲਾਲਸਾ ਵਿੱਚ ਮਨੁੱਖੀ ਕਦਰਾਂ-ਕੀਮਤਾਂ ਨੂੰ ਭੁਲਾ ਕੇ ਆਪਣੇ ਮਾਪਿਆਂ ਨੂੰ ਅਣਗੌਲਿਆਂ ਕਰ ਕੇ ਇਕੱਲਤਾ ਦੀ ਅੱਗ ਵਿੱਚ ਝੋਕਣਾ, ਦੱਬੂ ਤੇ ਗੁਲਾਮ ਕਿਸਮ ਦੇ ਪਤੀ ਦਾ ਆਪਣੀ ਮਾਡਰਨ ਪਤਨੀ ਸਾਹਮਣੇ ਗਿੜ-ਗਿੜਾਉਣਾ, ਨੌਕਰ ਦਾ ਆਪਣੇ ਅਧਿਕਾਰਾਂ ਪ੍ਰਤੀ ਚੌਕਸ ਹੋਣਾ ਤੇ ਆਪਣਾ ਰਵੱਈਆ ਦਿਖਾਉਣਾ ਅਤੇ ਬਜ਼ੁਰਗਾਂ ਦਾ ਆਪਣੇ ਇਕੱਲੇਪਣ ਨੂੰ ਖ਼ਤਮ ਕਰਨ ਖਾਤਰ ਆਪਣੇ ਲਈ ਕਿਸੇ ਸਾਥੀ ਦੀ ਤਲਾਸ਼ ਕਰਨ ਵਰਗੀਆਂ ਸਥਿਤੀਆਂ ਨੇ ਦਰਸ਼ਕਾਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ। ਕਰਮਨ ਸਿੱਧੂ, ਬਹਾਰ ਗਰੋਵਰ, ਲਵਪ੍ਰੀਤ ਸਿੰਘ, ਟਾਪੁਰ ਸ਼ਰਮਾ, ਮਨਪ੍ਰੀਤ ਸਿੰਘ ਅਤੇ ਵਿਸ਼ਾਲ ਨੇ ਸਟੇਜ ’ਤੇ ਕਿਰਦਾਰਾਂ ਨੂੰ ਬਾਖ਼ੂਬੀ ਨਿਭਾਇਆ। ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਨਾਟਕ ਦੇਖਣ ਲਈ ਰੰਗਮੰਚ ਅਤੇ ਫ਼ਿਲਮਾਂ ਦੀ ਪ੍ਰਸਿੱਧ ਜੋੜੀ ਅਨੀਤਾ ਦੇਵਗਨ, ਹਰਦੀਪ ਗਿੱਲ, ਕਮੇਡੀਅਨ ਕਪਿਲ ਸ਼ਰਮਾ ਦੇ ਮਾਤਾ ਜਨਕ ਰਾਣੀ, ਸੀਏ ਦਵਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਤੌਰ ਵਜੋਂ ਸ਼ਿਰਕਤ ਕੀਤੀ। 23ਵਾਂ ਕੌਮੀ ਰੰਗਮੰਚ ਉਤਸਵ: ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਖੇਡਿਆ ਅੰਮ੍ਰਿਤਸਰ  23ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਪੰਜਵੇਂ ਦਿਨ ਬੀਤੀ ਸ਼ਾਮ ਨੂੰ ਅਕਸ ਰੰਗਮੰਚ ਸਮਰਾਲਾ ਦੀ ਟੀਮ ਵੱਲੋਂ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ ਹੇਠ ਨਾਟਕ ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਦਾ ਮੰਚਨ ਕੀਤਾ ਗਿਆ। ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ’ਚ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਅਤੇ ਵਿਰਸਾ ਵਿਹਾਰ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਨਾਟਕ ਉਤਸਵ ਦੌਰਾਨ ਇਹ ਨਾਟਕ ਵਿਰਸਾ ਵਿਹਾਰ ਕੇਂਦਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ। ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਨਾਟਕ ਸੁਖਵਿੰਦਰ ਅੰਮ੍ਰਿਤ ਦੇ ਜੀਵਨ ’ਤੇ ਆਧਾਰਤ ਹੈ। ਰਾਜਵਿੰਦਰ ਸਮਰਾਲਾ ਦਾ ਲਿਖਿਆ ਅਤੇ ਅਕਸ ਰੰਗਮੰਚ ਸਮਰਾਲਾ ਵਲੋਂ ਇਸ ਦੀ ਪੇਸ਼ਕਾਰੀ ਕੀਤੀ ਗਈ। ਕਰੀਬ 1 ਘੰਟਾ ਤੋਂ ਵੱਧ ਸਮਾਂ ਚੱਲੇ ਇਸ ਇਕ ਪਾਤਰੀ ਨਾਟਕ ਵਿੱਚ ਰੰਗਮੰਚ ਅਦਾਕਾਰ ਨੂਰ ਕਮਲ ਵੱਲੋਂ ਨਿਭਾਈ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਸਰਾਹਿਆ ਹੈ। ਨਾਟਕ ਵਿੱਚ 21ਵੀਂ ਸਦੀ ਦੀ ਚਕਾਚੌਂਧ ਵਾਲੀ ਜੀਵਨ ਸ਼ੈਲੀ ਤੋਂ ਬਿਲਕੁੱਲ ਵੱਖਰੀ ਉਸ ਔਰਤ ਦੀ ਕਹਾਣੀ ਹੈ ਜਿਹੜੀ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਦਿਆਂ ਜੀਵਨ ਵਾਸਤੇ ਸੰਘਰਸ਼ ਕਰਦੀ ਹੈ।

Related Post