post

Jasbeer Singh

(Chief Editor)

Punjab

ਖਨੌਰੀ ਬਾਰਡਰ `ਤੇ ਚੁੱਲ੍ਹੇ ਨਹੀਂ ਬਲੇ ਪਰ ਕਿਸਾਨਾਂ ਦਾ ਮਰਨ ਵਰਤ ਰਿਹਾ ਜਾਰੀ

post-img

ਖਨੌਰੀ ਬਾਰਡਰ `ਤੇ ਚੁੱਲ੍ਹੇ ਨਹੀਂ ਬਲੇ ਪਰ ਕਿਸਾਨਾਂ ਦਾ ਮਰਨ ਵਰਤ ਰਿਹਾ ਜਾਰੀ ਕਿਸਾਨ ਨੇਤਾ ਡੱਲੇਵਾਲ ਦਾ 11 ਕਿਲੋ ਭਾਰ ਘਟਿਆ ਸੰਗਰੂਰ : ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਖਨੌਰੀ ਸਰਹੱਦ ਵਿਖੇ ਚੱਲ ਰਹੇ ਮਰਨ ਵਰਤ ਨੂੰ ਅੱਜ 15 ਦਿਨ ਪੂਰੇ ਹੋ ਗਏ ਹਨ। ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ `ਚ ਖਨੌਰੀ ਸਰਹੱਦ `ਤੇ ਮੌਜੂਦ ਸਮੂਹ ਕਿਸਾਨਾਂ ਨੇ ਮੰਗਲਵਾਰ ਸਵੇਰ ਤੋਂ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ । ਅੱਜ ਸਵੇਰ ਤੋਂ ਹੀ ਖਨੌਰੀ ਸਰਹੱਦ ਵਿਖੇ ਕਿਸਾਨਾਂ ਨੇ ਟਰਾਲੀ ਵਿੱਚ ਪਏ ਚੁੱਲ੍ਹਿਆਂ `ਚ ਅੱਗ ਨਹੀਂ ਬਾਲ਼ੀ । ਕਿਸੇ ਵੀ ਟਰਾਲੀ ਵਿੱਚ ਲੰਗਰ ਨਹੀਂ ਪਕਾਇਆ ਗਿਆ ਤੇ ਸਮੂਹ ਕਿਸਾਨ ਅੱਜ ਭੁੱਖੇ ਰਹਿ ਗਏ ਤੇ ਜਗਜੀਤ ਸਿੰਘ ਡੱਲੇਵਾਲ ਦੀ ਹੌਸਲਾ ਅਫਜ਼ਾਈ ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰ ਰਹੇ ਹਨ। ਜਗਜੀਤ ਸਿੰਘ ਡੱਲੇਵਾਲ ਦੇ ਪੰਦਰਾਂ ਦਿਨਾਂ ਤੋਂ ਮਰਨ ਵਰਤ ਕਾਰਨ ਉਸ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ । ਗਿਆਰਾਂ ਕਿੱਲੋ ਭਾਰ ਘਟ ਗਿਆ ਹੈ, ਜਦੋਂ ਕਿ ਗੁਰਦੇ ਤੇ ਲੀਵਰ ਵੀ ਪ੍ਰਭਾਵਿਤ ਹੋ ਰਹੇ ਹਨ । ਉਹ ਦੋ ਦਿਨ ਤੱਕ ਨਾ ਤਾਂ ਸਟੇਜ `ਤੇ ਆਇਆ ਤੇ ਨਾ ਹੀ ਇਸ਼ਨਾਨ ਕੀਤਾ । ਸਗੋਂ ਬੰਦ ਟਰਾਲੀ ਵਿੱਚ ਆਰਾਮ ਕਰ ਰਿਹਾ ਹੈ । ਕਿਸਾਨ ਆਗੂ ਕਾਕਾ ਸਿੰਘ ਕੋਟੜਾ ਤੇ ਹੋਰ ਕਿਸਾਨ ਟਰਾਲੀ ਵਿੱਚ ਹੀ ਉਸ ਦੀ ਸੇਵਾ ਕਰਨ ਵਿੱਚ ਲੱਗੇ ਹੋਏ ਹਨ । ਖਨੌਰੀ ਸਰਹੱਦ `ਤੇ 65 ਸਾਲਾ ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਗਰੁੱਪ ਕਿਸਾਨਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਰਨ ਵਰਤ `ਤੇ ਬੈਠ ਕੇ ਆਪਣੀ ਜਾਨ ਦਾਅ `ਤੇ ਲਗਾ ਰਿਹਾ ਹੈ । ਅਜਿਹੇ ਵਿੱਚ ਸਮੂਹ ਕਿਸਾਨਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਅੱਜ ਭੁੱਖ ਹੜਤਾਲ ਕਰ ਕੇ ਉਨ੍ਹਾਂ ਦਾ ਸਾਥ ਦੇਣ । ਜਦੋਂ ਇਸ ਕਿਸਾਨ ਅੰਦੋਲਨ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਤਾਂ ਹਰ ਕਿਸੇ ਨੇ ਕਿਸਾਨ ਆਗੂਆਂ `ਤੇ ਸਵਾਲ ਖੜ੍ਹੇ ਕੀਤੇ ਕਿ ਕਿਸਾਨ ਆਗੂ ਨੌਜਵਾਨਾਂ ਨੂੰ ਅੱਗੇ ਕਰ ਕੇ ਬਲੀ ਦਾ ਬੱਕਰਾ ਬਣਾ ਰਹੇ ਹਨ ਪਰ ਜਗਜੀਤ ਸਿੰਘ ਡੱਲੇਵਾਲ ਨੇ ਫ਼ੈਸਲਾ ਕੀਤਾ ਕਿ ਉਹ ਕਿਸੇ ਹੋਰ ਨੌਜਵਾਨਾਂ ਨੂੰ ਬਲੀ ਦਾ ਬੱਕਰਾ ਨਹੀਂ ਬਣਨ ਦੇਣਗੇ ਪਰ ਕਿਸਾਨਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਆਪਣੀ ਜਾਨ ਕੁਰਬਾਨ ਕਰ ਦੇਣਗੇ, ਜਿਸ ਕਾਰਨ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ । ਉਸ ਨੇ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੱਕ ਮਰਨ ਵਰਤ ਜਾਰੀ ਰਹੇਗਾ, ਜੇਕਰ ਡੱਲੇਵਾਲ ਆਪਣੀ ਜਾਨ ਕੁਰਬਾਨ ਕਰ ਦਿੰਦਾ ਹੈ ਤਾਂ ਉਸ ਦੀ ਥਾਂ ਸੁਖਜੀਤ ਸਿੰਘ ਹਰਦੋ ਮਰਨ ਵਰਤ ਸ਼ੁਰੂ ਕਰੇਗਾ ਪਰ ਅੱਜ ਵੀ ਕਿਸਾਨਾਂ ਦਾ ਸਮੂਹ ਕੇਂਦਰ ਸਰਕਾਰ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਮੰਗ ਕਰ ਰਿਹਾ ਹੈ ਤਾਂ ਜੋ ਇਹ ਅੰਦੋਲਨ ਖ਼ਤਮ ਹੋ ਸਕੇ । ਮੋਰਚੇ ਵਿੱਚ ਖੜ੍ਹੀਆਂ ਔਰਤਾਂ ਨੇ ਵੀ ਡੱਲੇਵਾਲ ਦੇ ਮਰਨ ਵਰਤ ਦੀ ਹਮਾਇਤ ਕਰਦਿਆਂ ਕਿਹਾ ਕਿ ਅੱਜ ਉਹ ਵੀ ਮੋਰਚੇ ਵਿੱਚ ਦਿਨ ਭਰ ਭੁੱਖੀਆਂ ਰਹਿਣਗੀਆਂ। ਕੋਈ ਚੁੱਲ੍ਹਾ ਨਹੀਂ ਜਗਾਇਆ ਜਾਵੇਗਾ । ਅੱਜ ਨੇੜੇ ਦੇ ਪਿੰਡਾਂ ਤੋਂ ਲੰਗਰ ਨਹੀਂ ਮੰਗਵਾਇਆ ਜਾਵੇਗਾ, ਜੋ ਵੀ ਆਵੇਗਾ ਵਾਪਸ ਭੇਜ ਦਿੱਤਾ ਜਾਵੇਗਾ ।

Related Post