ਪੰਜਾਬੀ ਯੂਨੀਵਰਸਿਟੀ ਵਿੱਚ ਤਿੰਨ ਦਿਨਾ ਅੰਤਰ ਖੇਤਰੀ ਯੁਵਕ ਮੇਲਾ ਸ਼ਾਨੋ ਸ਼ੌਕਤ ਨਾਲ਼ ਆਰੰਭ
- by Jasbeer Singh
- November 7, 2024
ਪੰਜਾਬੀ ਯੂਨੀਵਰਸਿਟੀ ਵਿੱਚ ਤਿੰਨ ਦਿਨਾ ਅੰਤਰ ਖੇਤਰੀ ਯੁਵਕ ਮੇਲਾ ਸ਼ਾਨੋ ਸ਼ੌਕਤ ਨਾਲ਼ ਆਰੰਭ -ਪੰਜਾਬੀ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਨੇ ਨਾਮੀ ਸ਼ਖ਼ਸੀਅਤਾਂ ਪੈਦਾ ਕੀਤੀਆਂ : ਪ੍ਰੋ. ਨਰਿੰਦਰ ਮੁਲਤਾਨੀ -ਪ੍ਰਸਿੱਧ ਗਾਇਕ ਪੰਮੀ ਬਾਈ, ਅਦਾਕਾਰ ਹੌਬੀ ਧਾਲੀਵਾਲ ਅਤੇ ਜਸਬੀਰ ਜੱਸੀ ਨੇ ਲਾਈਆਂ ਰੌਣਕਾਂ ਪਟਿਆਲਾ, 7 ਨਵੰਬਰ : ਪੰਜਾਬੀ ਯੂਨੀਵਰਸਿਟੀ ਦਾ ਤਿੰਨ ਦਿਨਾ ਅੰਤਰ ਖੇਤਰੀ ਯੁਵਕ ਮੇਲਾ ਅੱਜ ਗੁਰੂ ਤੇਗ ਬਹਾਦਰ ਹਾਲ ਵਿੱਚ ਸ਼ਾਨੋ ਸ਼ੌਕਤ ਨਾਲ਼ ਆਰੰਭ ਹੋ ਗਿਆ ਹੈ। ਉਦਘਾਟਨ ਤੋਂ ਬਾਅਦ ਮੁਟਿਆਰਾਂ ਦੇ ਗਿੱਧੇ ਨੇ ਮੇਲੇ ਵਿੱਚ ਰੰਗ ਬਿਖੇਰੇ ਅਤੇ ਇਸ ਉਪਰੰਤ ਥੀਏਟਰ ਦੀਆਂ ਵੰਨਗੀਆਂ ਮਾਈਮ ਅਤੇ ਸਕਿੱਟ ਨੇ ਆਪਣਾ ਜਾਦੂ ਬਿਖੇਰਿਆ । ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਯੁਵਕ ਮੇਲਿਆਂ ਦੇ ਮਹੱਤਵ ਬਾਰੇ ਗੱਲ ਕੀਤੀ । ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਨਿਖਾਰ ਵਿੱਚ ਇਨ੍ਹਾਂ ਮੇਲਿਆਂ ਦਾ ਭਰਵਾਂ ਯੋਗਦਾਨ ਹੁੰਦਾ ਹੈ । ਉਨ੍ਹਾਂ ਕਿਹਾ ਕਿ ਇਹ ਯੁਵਕ ਮੇਲੇ ਯੂਨੀਵਰਸਿਟੀਆਂ ਦੀ ਪਹਿਚਾਣ ਹੁੰਦੇ ਹਨ। ਪੰਜਾਬੀ ਯੂਨੀਵਰਸਿਟੀ ਨੂੰ ਇਸ ਗੱਲ ਦਾ ਫ਼ਖ਼ਰ ਹੈ ਕਿ ਇਸ ਨੇ ਆਪਣੇ ਇਨ੍ਹਾਂ ਮੇਲਿਆਂ ਦੇ ਸਫਲ ਆਯੋਜਨ ਨਾਲ਼ ਕਲਾ ਖੇਤਰ ਦੀਆਂ ਬੇਅੰਤ ਨਾਮੀ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਦੀ ਹੀ ਦੇਣ ਹੈ ਕਿ ਪੰਜਾਬ ਦੇ ਸੰਗੀਤ ਅਤੇ ਫ਼ਿਲਮ ਜਗਤ ਦੀਆਂ ਵੱਡੀਆਂ ਨਾਮੀ ਹਸਤੀਆਂ ਵਿੱਚੋਂ ਬਹੁ-ਗਿਣਤੀ ਸ਼ਖ਼ਸੀਅਤਾਂ ਪੰਜਾਬੀ ਯੂਨੀਵਰਸਿਟੀ ਨਾਲ਼ ਜੁੜੀਆਂ ਹੋਈਆਂ ਹਨ । ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਪ੍ਰਸਿੱਧ ਲੋਕ ਗਾਇਕ ਪਰਮਜੀਤ ਸਿੱਧੂ (ਪੰਮੀ ਬਾਈ) ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਕੈਰੀਅਰ ਨਿਰਮਾਣ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਨੌਜਵਾਨ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ । ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਉਨ੍ਹਾਂ ਨੂੰ ਆਪਣੇ ਪਰਿਵਾਰ ਵਾਂਗ ਹੀ ਲਗਦੀ ਹੈ । ਇੱਥੇ ਆ ਕੇ ਉਹ ਹਮੇਸ਼ਾ ਪਰਿਵਾਰ ਦੇ ਮੈਂਬਰ ਵਾਂਗ ਹੀ ਆਉਂਦੇ ਹਨ ਅਤੇ ਯੂਨਵਿਰਸਟੀ ਉੱਤੇ ਹਮੇਸ਼ਾ ਮਾਣ ਕਰਦੇ ਹਨ । ਪ੍ਰਸਿੱਧ ਅਦਾਕਾਰ ਹੌਬੀ ਧਾਲੀਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਆਪਣੇ ਭਾਸ਼ਣ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਵਿਸ਼ੇਸ਼ ਆਬੋ-ਹਵਾ ਅਤੇ ਕਲਾ ਨੂੰ ਪ੍ਰਫੁੱਲਿਤ ਕਰਨ ਵਾਲ਼ੇ ਮਾਹੌਲ ਦਾ ਜ਼ਿਕਰ ਕਰਦਿਆਂ ਯੂਨੀਵਰਸਿਟੀ ਦਾ ਵਿਸ਼ੇਸ਼ ਸ਼ੁਕਰਾਨਾ ਕੀਤਾ ਜਿਸ ਨੇ ਉਨ੍ਹਾਂ ਦੀ ਕਲਾ ਨੂੰ ਨਿਖਾਰਨ ਵਿੱਚ ਅਹਿਮ ਯੋਗਦਾਨ ਪਾਇਆ । ਉਨ੍ਹਾਂ ਇਸ ਮੌਕੇ ਯੁਵਕ ਮੇਲੇ ਦੇ ਪਹਿਲੇ ਦਿਨ ਗਿੱਧੇ ਦੀ ਵੰਨਗੀ ਦੇ ਹਵਾਲੇ ਨਾਲ਼ ਕਿਹਾ ਕਿ ਇਹ ਦਿਨ ਧੀਆਂ ਦਾ ਦਿਨ ਹੈ । ਉਨ੍ਹਾਂ ਕਿਹਾ ਕਿ ਸਾਨੂੰ ਧੀਆਂ ਨੂੰ ਧਰਤੀ ਉੱਤੇ ਜਨਮ ਲੈਣ ਅਤੇ ਮਾਣ ਨਾਲ਼ ਰਹਿਣ ਸਬੰਧੀ ਯਤਨ ਕਰਦੇ ਰਹਿਣਾ ਚਾਹੀਦਾ ਹੈ । ਪ੍ਰਸਿੱਧ ਗਾਇਕ ਜਸਬੀਰ ਜੱਸੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਜਿੱਥੇ ਆਪਣੇ ਪ੍ਰਸਿੱਧ ਗੀਤਾਂ ਨਾਲ਼ ਸਟੇਜ ਤੋਂ ਰੰਗ ਬੰਨਿ੍ਹਆ ਉੱਥੇ ਹੀ ਉਨ੍ਹਾਂ ਇੱਥੇ ਹਾਜ਼ਰ ਨੌਜਵਾਨਾਂ ਨੂੰ ਪੰਜਾਬ ਦੀ ਵਿਰਾਸਤ ਨੂੰ ਸਾਂਭਣ ਦਾ ਵੀ ਸੱਦਾ ਦਿੱਤਾ। ਗਿੱਧੇ ਦੀਆਂ ਬੋਲੀਆਂ ਦੇ ਹਵਾਲੇ ਨਾਲ਼ ਉਨ੍ਹਾਂ ਕਿਹਾ ਕਿ ਸਾਡੇ ਕੋਲ਼ ਏਨੇ ਜ਼ਿਆਦਾ ਵੰਨਗੀ ਭਰਪੂਰ ਰੰਗ ਹਨ ਕਿ ਜਿੰਨੇ ਸ਼ਾਇਦ ਦੁਨੀਆਂ ਦੀ ਕਿਸੇ ਵੀ ਹੋਰ ਭਾਸ਼ਾ ਕੋਲ਼ ਨਹੀਂ ਹਨ । ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਵਰਿੰਦਰ ਕੌਸ਼ਿਕ ਨੇ ਕਿਹਾ ਕਿ ਮੇਲੇ ਦੇ ਸਫਲ ਆਯੋਜਨ ਵਿੱਚ ਕਿਸੇ ਵੀ ਕਿਸਮ ਦੀ ਕੋਈ ਗੁੰਜਾਇਸ਼ ਨਹੀਂ ਛੱਡੀ ਜਾਵੇਗੀ । ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਹਰ ਵਾਰ ਵਾਂਗ ਸਾਰੀਆਂ ਟੀਮਾਂ ਦੀਆਂ ਪੇਸ਼ਕਾਰੀਆਂ ਨੂੰ ਬਣਦੀ ਤਵੱਜੋ ਦਿੰਦਿਆਂ ਨਤੀਜਿਆਂ ਵਿੱਚ ਪੂਰੀ ਪਾਰਦਰਸ਼ਤਾ ਰੱਖੀ ਜਾਵੇਗੀ ।
Related Post
Popular News
Hot Categories
Subscribe To Our Newsletter
No spam, notifications only about new products, updates.