
ਜਿਹੜੇ 20 ਸਾਲਾਂ ਤੋਂ ਜਿੱਤਦੇ ਆ ਰਹੇ ਹਨ, ਉਨ੍ਹਾਂ ਨੂੰ ਵੋਟ ਮੰਗਣ ਦਾ ਅਧਿਕਾਰ ਨਹੀਂ : ਡਾ. ਬਲਬੀਰ ਸਿੰਘ
- by Jasbeer Singh
- April 23, 2024

ਪਟਿਆਲਾ, 23 ਅਪ੍ਰੈਲ (ਜਸਬੀਰ)-ਪਟਿਆਲਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਪਟਿਆਲਾ ਤੋਂ ਪਿਛਲੇ 20 ਸਾਲਾਂ ਤੋਂ ਜਿੱਤਦੇ ਆ ਰਹੇ ਹਨ ਪਰ ਉਨ੍ਹਾਂ ਪਟਿਆਲਾ ਦਾ ਕੁੱਝ ਨਹੀਂ ਸੰਵਾਰਿਆ, ਹੁਣ ਉਨ੍ਹਾਂ ਨੂੰ ਪਟਿਆਲਾ ਦੇ ਲੋਕਾਂ ਤੋਂ ਵੋਟਾਂ ਮੰਗਣ ਦਾ ਅਧਿਕਾਰ ਨਹੀਂ ਹੈ। ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਬਾਰੇ ਗੱਲ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪ੍ਰਨੀਤ ਕੌਰ 1999 ਵਿਚ ਪਹਿਲੀ ਵਾਰ ਐਮ. ਪੀ. ਬਣੀ ਸੀ ਅਤੇ ਉਦੋਂ ਤੋਂ ਹੀ ਲਗਾਤਾਰ ਚੋਣ ਲੜਦੇ ਆ ਰਹੇ ਹਨ ਤੇ ਚਾਰ ਵਾਰ ਜਿੱਤ ਕੇ ਲੋਕ ਸਭਾ ਵਿਚ ਜਾ ਚੁੱਕੇ ਹਨ। ਉਨ੍ਹਾਂ ਦੇ ਪਤੀ ਕੈ. ਅਮਰਿੰਦਰ ਸਿੰਘ ਦੋ ਵਾਰ ਸੂਬੇ ਦੇ ਮੁੱਖ ਮੰਤਰੀ ਅਤੇ ਲਗਾਤਾਰ 4 ਵਾਰ ਪਟਿਆਲਾ ਤੋਂ ਵਿਧਾਇਕ ਬਣ ਚੁੱਕੇ ਹਨ ਪਰ ਉਨ੍ਹਾਂ ਨੇ ਵੀ ਪਟਿਆਲਾ ਲਈ ਕੁੱਝ ਨਹੀਂ ਕੀਤਾ, ਅਜਿਹੇ ਵਿਚ ਉਹ ਹੁਣ ਪਟਿਆਲਵੀਆਂ ਦੀਆਂ ਵੋਟਾਂ ਦੇ ਹੱਕਦਾਰ ਨਹੀਂ। ਲੋਕਾਂ ਵਲੋਂ ਪਟਿਆਲਾ ਦੇ ਸ਼ਾਹੀ ਪਰਿਵਾਰ ਨੂੰ ਕਈ ਵਾਰ ਮੌਕੇ ਦਿੱਤੇ ਗਏ ਪਰ ਉਨ੍ਹਾਂ ਲੋਕਾਂ ਅਤੇ ਪਟਿਆਲਾ ਲੋਕ ਸਭਾ ਹਲਕੇ ਦਾ ਭਲਾ ਨਹੀਂ ਕੀਤਾ, ਜਿਸ ਕਰਕੇ ਇਸ ਵਾਰ ਉਨ੍ਹਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਸ਼ਾਹੀ ਪਰਿਵਾਰ ਨੇ ਸਿਰਫ ਆਪਣੇ ਹਿੱਤ ਦੇਖੇ ਹਨ, ਉਨ੍ਹਾਂ ਕਦੇ ਵੀ ਜਨਤਾ ਦਾ ਹਿੱਤ ਨਹੀਂ ਦੇਖਿਆ।