
ਪੰਜਾਬੀ ਯੂਨੀਵਰਸਿਟੀ ਵਿਖੇ ਆਸਟਰੇਲੀਆ ਦੀ ਕਰਟਿਨ ਯੂਨੀਵਰਸਿਟੀ ਦੇ ਸਹਿਯੋਗ ਨਾਲ ਤਿੰਨ ਦਿਨਾ ਕਾਨਫਰੰਸ ਆਰੰਭ
- by Jasbeer Singh
- November 27, 2024

ਪੰਜਾਬੀ ਯੂਨੀਵਰਸਿਟੀ ਵਿਖੇ ਆਸਟਰੇਲੀਆ ਦੀ ਕਰਟਿਨ ਯੂਨੀਵਰਸਿਟੀ ਦੇ ਸਹਿਯੋਗ ਨਾਲ ਤਿੰਨ ਦਿਨਾ ਕਾਨਫਰੰਸ ਆਰੰਭ ਵਿਕਾਸ ਵਿੱਚ ਸਾਇੰਸ, ਮੈਥੇਮੈਟਿਕਸ ਅਤੇ ਟੈਕਨੌਲਜੀ ਦੀ ਮਹੱਤਵਪੂਰਨ ਭੂਮਿਕਾ- ਪ੍ਰੋ. ਮੁਲਤਾਨੀ -ਐੱਨ. ਸੀ.ਟੀ. ਈ. ਦੇ ਚੇਅਰਮੈਨ ਪ੍ਰੋ. ਪੰਕਜ ਅਰੋੜਾ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ -ਕਰਟਿਨ ਯੂਨੀਵਰਸਿਟੀ, ਪਰਥ ਤੋਂ ਪੁੱਜੀ ਪ੍ਰੋ. ਰੈਕਲ ਸ਼ੈਫੀਲਡ ਨੇ ਦਿੱਤਾ ਕੁੰਜੀਵੱਤ ਭਾਸ਼ਣ ਪਟਿਆਲਾ, 27 ਨਵੰਬਰ : ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਵਿਕਾਸ ਦੇ ਵਰਤਮਾਨ ਦੌਰ ਵਿੱਚ ਸਾਇੰਸ, ਮੈਥੇਮੈਟਿਕਸ ਅਤੇ ਟੈਕਨੌਲਜੀ ਦੀ ਮਹੱਤਵਪੂਰਨ ਭੂਮਿਕਾ ਹੈ ਅਤੇ ਕਿਸੇ ਵੀ ਦੇਸ਼ ਦੇ ਬਿਹਤਰ ਭਵਿੱਖ ਦੀ ਨਿਰਮਾਣ ਵਿੱਚ ਇਨ੍ਹਾਂ ਦਾ ਵਡਮੁੱਲਾ ਯੋਗਦਾਨ ਹੈ । ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵੱਲੋਂ ਆਸਟਰੇਲੀਆ ਦੀ ਕਰਟਿਨ ਯੂਨੀਵਰਸਿਟੀ, ਪਰਥ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਤਿੰਨ ਦਿਨਾਂ ਅੰਤਰ-ਰਾਸ਼ਟਰੀ ਕਾਨਫਰੰਸ ਦੇ ਅੱਜ ਪਹਿਲੇ ਦਿਨ ਆਪਣੇ ਪ੍ਰਧਾਨਗੀ ਭਾਸ਼ਣਨ ਵਿੱਚ ਪ੍ਰੋ. ਮੁਲਤਾਨੀ ਨੇ ਕਿਹਾ ਕਿ ਇਹ ਅਸਲ ਅਰਥਾਂ ਵਿੱਚ ਬਹੁ-ਅਨੁਸ਼ਾਸਨੀ ਕਾਨਫ਼ਰੰਸ ਹੈ ਜੋ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਅਤੇ ਵਿਦਿਆਰਥੀਆਂ ਲਈ ਅਹਿਮ ਸਾਬਤ ਹੋਵੇਗੀ । ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ ਵੱਲੋਂ ਸਪਾਂਸਰਡ ਇਸ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਐੱਨ. ਸੀ.ਟੀ. ਈ., ਨਵੀਂ ਦਿੱਲੀ ਦੇ ਚੇਅਰਪਰਸਨ ਪ੍ਰੋ. ਪੰਕਜ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਐੱਨ. ਆਈ. ਈ. ਪੀ. ਏ., ਨਵੀਂ ਦਿੱਲੀ ਦੇ ਵਾਈਸ-ਚਾਂਸਲਰ ਪ੍ਰੋ. ਸ਼ਸ਼ੀਕਲਾ ਵੰਜਾਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਪ੍ਰੋ. ਪੰਕਜ ਅਰੋੜਾ ਨੇ ਆਪਣੇ ਸੰਬੋਧਨ ਦੌਰਾਨ ਇਸ ਕਾਨਫ਼ਰੰਸ ਦੇ ਵਿਸ਼ੇ ਵਿੱਚ ਸ਼ਾਮਿਲ ਸਾਇੰਸ, ਮੈਥੇਮੈਟਿਕਸ, ਟੈਕਨੌਲਜੀ ਅਤੇ ਸਿੱਖਿਆ ਦੇ ਖੇਤਰ ਸੰਬੰਧੀ ਹਵਾਲੇ ਨਾਲ ਬੋਲਦਿਆਂ ਕਿਹਾ ਕਿ ਵਿਗਿਆਨਕ ਫਿਤਰਤ ਪੈਦਾ ਕਰਨ ਦੇ ਲਿਹਾਜ਼ ਨਾਲ ਇਨ੍ਹਾਂ ਖੇਤਰਾਂ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਕਿਹਾ ਕਿ ਇਹ ਚਾਰੇ ਖੇਤਰ ਕਿਸੇ ਵੀ ਵਿਕਸਤ ਦੇਸ਼ ਦੀ ਤਰੱਕੀ ਲਈ ਅਹਿਮ ਮਹੱਤਵ ਰਖਦੇ ਹਨ। ਕੋਠਾਰੀ ਕਮਿਸ਼ਨ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਭਾਰਤ ਦੀ ਸਿੱਖਿਆ ਪ੍ਰਣਾਲੀ ਵਿੱਚ ਇਨ੍ਹਾਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ । ਉਨ੍ਹਾਂ ਇਸ ਮੌਕੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਵੱਖ-ਵੱਖ ਪਹਿਲੂਆਂ ਉੱਤੇ ਗੱਲ ਕਰਦਿਆਂ ਇਸ ਦੀ ਸ਼ਲਾਘਾ ਕੀਤੀ । ਵਿਸ਼ੇਸ਼ ਮਹਿਮਾਨ ਪ੍ਰੋ. ਸ਼ਸ਼ੀਕਲਾ ਵੰਜਾਰੀ ਨੇ ਕਿਹਾ ਕਿ ਸਿੱਖਿਆ ਦਾ ਅਸਲ ਮੰਤਵ ਸਮਾਜ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾਉਣ ਦੇ ਯੋਗ ਹੋਣਾ ਹੈ । ਭਵਿੱਖ ਨੂੰ ਬਿਹਤਰ ਬਣਾਉਣ ਲਈ ਸਿੱਖਿਆ ਦੀ ਭੂਮਿਕਾ ਅਹਿਮ ਹੈ । ਉਨ੍ਹਾਂ ਕਿਹਾ ਕਿ ਆਧੁਨਿਕ ਸਿੱਖਿਆ ਵਿੱਚ ਜੋ ਸਾਰੇ ਵਰਗਾਂ ਦੀ ਬਰਾਬਰ ਸ਼ਮੂਲੀਅਤ ਜਿਹੇ ਸੰਕਲਪ ਸਾਹਮਣੇ ਆ ਰਹੇ ਹਨ ਇਹ ਸਾਰਾ ਕੁੱਝ ਸਾਡੀ ਭਾਰਤ ਦੀ ਅਮੀਰ ਵਿਰਾਸਤ ਵਿੱਚ ਸ਼ਾਮਿਲ ਹੈ । ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਵਿਰਾਸਤ ਉੱਤੇ ਮਾਣ ਕਰਨਾ ਚਾਹੀਦਾ ਹੈ । ਕਰਟਿਨ ਯੂਨੀਵਰਸਿਟੀ, ਪਰਥ ਤੋਂ ਪੁੱਜੀ ਪ੍ਰੋ. ਰੈਕਲ ਸ਼ੈਫੀਲਡ ਨੇ ਕਾਨਫ਼ਰੰਸ ਦਾ ਮੁੱਖ-ਸੁਰ ਭਾਸ਼ਣ ਦਿੰਦਿਆਂ ਕਿਹਾ ਕਿ ਸਿੱਖਿਆ ਦੇ ਉਦੇਸ਼ਾਂ ਬਾਰੇ ਗੱਲ ਕਰਦਿਆਂ ਸਾਨੂੰ ਕੁਦਰਤ ਪ੍ਰਤੀ ਦੋਸਤਾਨਾ ਪਹੁੰਚ ਵਾਲੇ ਵਿਕਾਸ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ । ਉਨ੍ਹਾਂ ਭਾਰਤ ਅਤੇ ਸਮੁੱਚੇ ਸੰਸਾਰ ਵਿਚਲੇ ਪ੍ਰਦੂਸ਼ਣ ਅਤੇ ਜਲਵਾਯੂ ਤਬਦੀਲੀ ਕਾਰਨ ਆ ਰਹੀਆਂ ਤਬਦੀਲੀਆਂ ਬਾਰੇ ਅੰਕੜੇ ਪੇਸ਼ ਕੀਤੇ । ਉਨ੍ਹਾਂ ਕਿਹਾ ਕਿ ਸਿੱਖਿਆ ਦਾ ਮਕਸਦ ਚੌਗਿਰਦੇ ਪ੍ਰਤੀ ਉਸਾਰੂ ਸੋਚ ਪੈਦਾ ਕਰਨਾ ਹੋਣਾ ਚਾਹੀਦਾ ਹੈ । ਕਰਟਿਨ ਯੂਨੀਵਰਸਿਟੀ, ਪਰਥ ਤੋਂ ਪ੍ਰੋ. ਰੇਖਾ ਕੌਲ ਨੇ ਸਾਇੰਸ, ਮੈਥੇਮੈਟਿਕਸ, ਟੈਕਨੌਲਜੀ ਅਤੇ ਸਿੱਖਿਆ ਦੇ ਖੇਤਰ ਨਾਲ ਸੰਬੰਧਤ ਪੇਸ਼ਿਆਂ ਵਿੱਚ ਪ੍ਰਗਤੀ ਬਾਰੇ ਗੱਲ ਕੀਤੀ । ਉਨ੍ਹਾਂ ਇਸ ਕਾਨਫ਼ਰੰਸ ਦੇ ਵੱਖ-ਵੱਖ ਪਹਿਲੂਆਂ ਅਤੇ ਇਤਿਹਾਸ ਬਾਰੇ ਵੀ ਚਾਨਣਾ ਪਾਇਆ। ਵਿਭਾਗ ਮੁਖੀ ਡਾ. ਜਗਪ੍ਰੀਤ ਕੌਰ ਨੇ ਸਵਾਗਤੀ ਸ਼ਬਦਾਂ ਦੌਰਾਨ ਦੱਸਿਆ ਕਿ ਕਾਨਫ਼ਰੰਸ ਵਿੱਚ 200 ਤੋਂ ਵਧੇਰੇ ਖੋਜਾਰਥੀਆਂ ਵੱਲੋਂ ਖੋਜ ਪੱਤਰ ਪੜ੍ਹੇ ਜਾਣਗੇ । ਉਨ੍ਹਾਂ ਦੱਸਿਆ ਕਿ ਆਨਲਾਈਨ ਅਤੇ ਆਫ਼ਲਾਈਨ ਦੋਹੇਂ ਵਿਧੀਆਂ ਰਾਹੀਂ ਅਕਾਦਮਿਕ ਸੈਸ਼ਨ ਹੋਣਗੇ । ਅੰਤ ਵਿੱਚ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਵੱਲੋਂ ਧੰਨਵਾਦੀ ਸ਼ਬਦ ਬੋਲਦਿਆਂ ਕਾਨਫ਼ਰੰਸ ਦੇ ਵਿਸ਼ੇ ਦੀ ਸਾਰਥਿਕਤਾ ਬਾਰੇ ਗੱਲ ਕੀਤੀ ।