
ਯੂ. ਐਸ. ਏ. ਅਧਾਰਤ ਹੈਂਡਲਰਾਂ ਦੀ ਹਮਾਇਤ ਪ੍ਰਾਪਤ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰ ਤਸਕਰੀ ਕਰਨ ਵਾਲੇ ਮਾਡਿਊਲ ਦੇ ਦੋ ਮੈਂ
- by Jasbeer Singh
- December 15, 2024

ਯੂ. ਐਸ. ਏ. ਅਧਾਰਤ ਹੈਂਡਲਰਾਂ ਦੀ ਹਮਾਇਤ ਪ੍ਰਾਪਤ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰ ਤਸਕਰੀ ਕਰਨ ਵਾਲੇ ਮਾਡਿਊਲ ਦੇ ਦੋ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ ਚੰਡੀਗੜ੍ਹ/ਅੰਮ੍ਰਿਤਸਰ, 15 ਦਸੰਬਰ : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਨੇ ਇੰਟੈਲੀਜੈਂਸ ਅਧਾਰਤ ਕਾਰਵਾਈ ਕਰਦਿਆਂ ਯੂ. ਐਸ. ਏ. ਅਧਾਰਤ ਹੈਂਡਲਰਾਂ ਦੀ ਹਮਾਇਤ ਪ੍ਰਾਪਤ ਅੰਤਰ-ਰਾਜੀ ਗੈਰ-ਕਾਨੂੰਨੀ ਹਥਿਆਰ ਤਸਕਰੀ ਕਰਨ ਵਾਲੇ ਮਾਡਿਊਲ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ । ਪੁਲਸ ਟੀਮਾਂ ਨੇ ਉਨ੍ਹਾਂ ਕੋਲੋਂ .32 ਬੋਰ ਦੇ 10 ਦੇਸੀ ਪਿਸਤੌਲਾਂ ਸਮੇਤ 20 ਮੈਗਜ਼ੀਨਾਂ ਅਤੇ ਗੋਲੀ-ਸਿੱਕਾ ਬਰਾਮਦ ਕੀਤਾ ਹੈ । ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ.ਪੀ/) ਪੰਜਾਬ ਗੌਰਵ ਯਾਦਵ ਨੇ ਦਿੱਤੀ । ਫੜੇ ਗਏ ਵਿਅਕਤੀਆਂ ਦੀ ਪਛਾਣ ਸਤਨਾਮ ਸਿੰਘ ਉਰਫ਼ ਪ੍ਰਿੰਸ ਵਾਸੀ ਬੁੱਟਰ ਕਲਾਂ, ਬਟਾਲਾ ਅਤੇ ਮਨਜੀਤ ਸਿੰਘ ਵਾਸੀ ਭਾਗੀ ਨੰਗਲ, ਬਟਾਲਾ ਵਜੋਂ ਹੋਈ ਹੈ । ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਹਿਲਾਂ ਮੁਲਜ਼ਮ ਸਤਨਾਮ ਉਰਫ਼ ਪ੍ਰਿੰਸ ਅਮਰੀਕਾ ਅਧਾਰਿਤ ਸੰਨੀ ਮਸੀਹ ਉਰਫ਼ ਗੁੱਲੀ, ਜੋ ਹੈਰੋਇਨ ਦੀ ਤਸਕਰੀ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ, ਦੇ ਸੰਪਰਕ ਵਿੱਚ ਸੀ । ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀ ਸਤਨਾਮ ਨੇ ਆਪਣੀ ਸਹੂਲਤ ਲਈ ਆਪਣੇ ਰਿਸ਼ਤੇਦਾਰ ਮਨਜੀਤ ਨੂੰ ਵੀ ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਦੇ ਧੰਦੇ ਵਿੱਚ ਸ਼ਾਮਲ ਕਰ ਲਿਆ । ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਮੁਲਜ਼ਮ ਅਮਰੀਕਾ ਅਧਾਰਿਤ ਆਪਣੇ ਹੈਂਡਲਰ ਦੇ ਇਸ਼ਾਰਿਆਂ ‘ਤੇ ਪੰਜਾਬ ਦੇ ਗੈਂਗਸਟਰਾਂ ਨੂੰ ਸਪਲਾਈ ਕਰਨ ਲਈ ਮੱਧ ਪ੍ਰਦੇਸ਼ ਅਤੇ ਝਾਰਖੰਡ ਤੋਂ ਗੈਰ-ਕਾਨੂੰਨੀ ਹਥਿਆਰ ਮੰਗਵਾ ਰਹੇ ਸਨ। ਡੀ. ਜੀ. ਪੀ. ਨੇ ਦੱਸਿਆ ਕਿ ਇਸ ਮਾਡਿਊਲ ਦੇ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਇਸ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਵਾਸਤੇ ਹੋਰ ਜਾਂਚ ਕੀਤੀ ਜਾ ਰਹੀ ਹੈ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਏ. ਆਈ. ਜੀ. ਐਸ. ਐਸ. ਓ. ਸੀ. ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਐਸ. ਐਸ. ਓ. ਸੀ. ਅੰਮ੍ਰਿਤਸਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੰਨੀ ਮਸੀਹ ਉਰਫ ਗੁੱਲੀ ਜੋ ਗੁਰਦਾਸਪੁਰ ਦੇ ਧਿਆਨਪੁਰ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਯੂ. ਐਸ. ਏ. ਵਿੱਚ ਰਹਿ ਰਿਹਾ ਹੈ, ਸੂਬੇ ਵਿੱਚ ਆਪਣੇ ਸਾਥੀਆਂ ਦੀ ਮਦਦ ਨਾਲ ਹਥਿਆਰਾਂ ਦੀ ਤਸਕਰੀ ਲਈ ਅੰਤਰ-ਰਾਜੀ ਮਾਡਿਊਲ ਚਲਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਸ ਜਾਣਕਾਰੀ ‘ਤੇ ਕਾਰਵਾਈ ਕਰਦਿਆਂ, ਐਸ. ਐਸ. ਓ. ਸੀ. ਅੰਮ੍ਰਿਤਸਰ ਦੀਆਂ ਟੀਮਾਂ ਨੇ ਇਸ ਮਾਡਿਊਲ ਦੇ ਦੋ ਮੈਂਬਰਾਂ ਨੂੰ ਹਥਿਆਰਾਂ ਦੀ ਖੇਪ ਸਮੇਤ ਕਾਬੂ ਕਰ ਲਿਆ । ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਸਤਨਾਮ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਸੰਨੀ ਮਸੀਹ ਉਸ ਨੂੰ ਪ੍ਰਤੀ ਡਲਿਵਰੀ ਦੇ ਹਿਸਾਬ ਨਾਲ ਕੋਰੀਅਰ ਦਾ ਖਰਚਾ ਦਿੰਦਾ ਸੀ । ਮੁਲਜ਼ਮ ਨੇ ਇਹ ਵੀ ਖੁਲਾਸਾ ਕੀਤਾ ਕਿ ਕਰੀਬ ਇੱਕ ਮਹੀਨਾ ਪਹਿਲਾਂ ਉਸ ਨੇ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਚਾਰ ਹਥਿਆਰਾਂ ਦੀ ਤਸਕਰੀ ਕੀਤੀ ਸੀ, ਜਿਸ ਲਈ ਉਸ ਨੂੰ 10,000 ਰੁਪਏ ਦਿੱਤੇ ਗਏ ਸਨ ਅਤੇ ਮੌਜੂਦਾ ਡਿਲੀਵਰੀ ਲਈ ਸੰਨੀ ਨੇ ਉਸ ਨੂੰ 20,000 ਰੁਪਏ ਦੇਣ ਦਾ ਵਾਅਦਾ ਕੀਤਾ ਸੀ । ਏ. ਆਈ. ਜੀ. ਨੇ ਦੱਸਿਆ ਕਿ ਮੁਲਜ਼ਮ ਸਤਨਾਮ ਸਿੰਘ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਘੱਟੋ-ਘੱਟ ਤਿੰਨ ਕੇਸ ਦਰਜ ਹਨ। ਉਸ ਨੂੰ 30 ਜੁਲਾਈ 2024 ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ । ਇਸ ਸਬੰਧੀ ਐਫ. ਆਈ. ਆਰ. ਨੰਬਰ 70 ਮਿਤੀ 15.12.2024 ਨੂੰ ਅਸਲਾ ਐਕਟ ਦੀਆਂ ਧਾਰਾਵਾਂ 25, 25 (6) ਅਤੇ 25 (7) ਅਤੇ ਭਾਰਤੀ ਨਿਆ ਸੰਹਿਤਾ (ਬੀ. ਐਨ. ਐਸ.) ਦੀਆਂ ਧਾਰਾਵਾਂ 111 ਅਤੇ 61 (2) ਤਹਿਤ ਥਾਣਾ ਐਸ. ਐਸ. ਓ. ਸੀ. ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.