ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਦੋ ਜਣਿਆਂ ਨੂੰੰ ਹੋਈ ਚਾਰ-ਚਾਰ ਸਾਲ ਦੀ ਕੈਦ
- by Jasbeer Singh
- January 17, 2026
ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਦੋ ਜਣਿਆਂ ਨੂੰੰ ਹੋਈ ਚਾਰ-ਚਾਰ ਸਾਲ ਦੀ ਕੈਦ ਚੰਡੀਗੜ੍ਹ 17 ਜਨਵਰੀ 2026 : ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਵਿਜੀਲੈਂਸ ਵਲੋਂ ਕੀਤੀ ਗਈ ਕਾਰਵਾਈ ਤਹਿਤ ਪਕੜੇ ਦੋ ਜਣਿਆਂ ਨੂੰ ਅੱਜ ਮਾਨਯੋਗ ਅਦਾਲਤ ਵਲੋਂ ਦੋਸ਼ ਸਾਬਤ ਹੋਣ ਤੇ ਚਾਰ-ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਕੌਣ ਹਨ ਦੋ ਜਿਨ੍ਹਾਂ ਨੂੰ ਸੁਣਾਈ ਗਈ ਹੈ ਸਜ਼ਾ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਅਪਣਾਉਂਦੇ ਹੋਏ ਜੋ ਵਿਜੀਲੈਂਸ ਬਿਊਰੋ ਨੇ ਪ੍ਰਵੀਨ ਕੁਮਾਰ (ਕਲਰਕ) ਅਤੇ ਉਸਦੇ ਸਹਿ-ਦੋਸ਼ੀ ਸਤੀਸ਼ ਕੁਮਾਰ (ਜੂਨੀਅਰ ਇੰਜੀਨੀਅਰ) ਨੂੰ ਨਗਰ ਸੁਧਾਰ ਟਰੱਸਟ ਰੋਪੜ ਵਿਖੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ ਦੇ ਮਾਮਲੇ ਦੀ ਪੂਰੀ ਸੁਣਵਾਈ ਤੋਂ ਬਾਅਦ ਸਮਰੱਥ ਅਦਾਲਤ ਨੇ ਅੱਜ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ ਚਾਰ ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਹਰੇਕ ਨੂੰ ਜੁਰਮਾਨੇ ਦੀ ਸਜ਼ਾ ਸੁਣਾਈ। ਚੌਕਸੀ ਵਿਭਾਗ ਦੇ ਬੁਲਾਰੇ ਨੇ ਦਿੱਤੀ ਜਾਣਕਾਰੀ ਅੱਜ ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਜੂਨੀਅਰ ਇੰਜੀਨੀਅਰ ਅਤੇ ਕਲਰਕ ਨੇ ਸਿ਼ਕਾਇਤਕਰਤਾ ਤੋਂ ਉਸਦੀ ਜਾਇਦਾਦ ਦੀ ਵਿਕਰੀ ਡੀਡ ਰਜਿਸਟਰ ਕਰਨ ਦੇ ਬਦਲੇ 15 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਸਿ਼ਕਾਇਤਕਰਤਾ ਨੇ ਰਿਸ਼ਵਤ ਦੀ ਰਕਮ ਕਿਸ਼ਤਾਂ ਵਿੱਚ ਅਦਾ ਕੀਤੀ ਸੀ ਅਤੇ ਆਖਰੀ ਕਿਸ਼ਤ ਅਦਾ ਕਰਨ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ ਸੀ । ਉਸਦੀ ਸਿ਼ਕਾਇਤ ‘ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ ਨੇ ਇੰਪਰੂਵਮੈਂਟ ਟਰੱਸਟ, ਰੋਪੜ ਦੇ ਦਫ਼ਤਰ ‘ਤੇ ਛਾਪਾ ਮਾਰਿਆ ਅਤੇ ਸਰਕਾਰੀ ਅਧਿਕਾਰੀਆਂ/ਗਵਾਹਾਂ ਦੀ ਮੌਜੂਦਗੀ ਵਿੱਚ, ਦੋਸ਼ੀ ਪ੍ਰਵੀਨ ਕੁਮਾਰ ਦੇ ਕਬਜ਼ੇ ਵਿੱਚੋਂ 7,500 ਰੁਪਏ ਦੀ ਰਿਸ਼ਵਤ ਦੀ ਰਕਮ ਬਰਾਮਦ ਕੀਤੀ ਅਤੇ ਉਸਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ।
