go to login
post

Jasbeer Singh

(Chief Editor)

Punjab, Haryana & Himachal

‘ਪਿੰਡ ਬਚਾਓ ਪੰਜਾਬ ਬਚਾਓ’ ਵੱਲੋਂ ਅੱਜ ਤੋਂ 30 ਤੱਕ ਕੱਢਿਆ ਜਾ ਰਿਹੈ ‘ਗ੍ਰਾਮ ਸਭਾ ਚੇਤਨਾ ਕਾਫ਼ਲਾ’

post-img

‘ਪਿੰਡ ਬਚਾਓ ਪੰਜਾਬ ਬਚਾਓ’ ਵੱਲੋਂ ਅੱਜ ਤੋਂ 30 ਤੱਕ ਕੱਢਿਆ ਜਾ ਰਿਹੈ ‘ਗ੍ਰਾਮ ਸਭਾ ਚੇਤਨਾ ਕਾਫ਼ਲਾ’ ਰੋਪੜ : ‘ਪਿੰਡ ਬਚਾਓ ਪੰਜਾਬ ਬਚਾਓ’ ਵੱਲੋਂ 2 ਸਤੰਬਰ ਤੋਂ 30 ਸਤੰਬਰ 2024 ਤੱਕ ਪਿੰਡ ਦੇ ਭਾਈਚਾਰੇ ਨੂੰ ਮਜ਼ਬੂਤ ਕਰਨ, ਵਿਕਾਸ ਅਤੇ ਹਰ ਤਰ੍ਹਾਂ ਦੇ ਫੈਸਲੇ ਕਰਨ ਵਾਲੀ ਮੁੱਢਲੀ ਤੇ ਤਾਕਤਵਰ ਸੰਸਥਾ ਗ੍ਰਾਮ ਸਭਾ ਬਾਰੇ ਪੰਜਾਬ ਭਰ ਦੇ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ‘ਗ੍ਰਾਮ ਸਭਾ ਚੇਤਨਾ ਕਾਫ਼ਲਾ’ ਕੱਢਿਆ ਜਾ ਰਿਹਾ ਹੈ। ਇਹ ਕਾਫ਼ਲਾ ਜਿਸ ਦੀ ਸ਼ੁਰੂਆਤ ਚੱਪੜਚਿੜੀ ਤੋਂ ਅਰਦਾਸ-ਸ਼ੁਕਰਾਨੇ ਨਾਲ ਹੋਈ, ਅੱਜ ਮਿਤੀ 3 ਸਤੰਬਰ ਨੂੰ ਜ਼ਿਲ੍ਹਾ ਰੋਪੜ ਦੇ ਪਿੰਡਾਂ ਵਿੱਚ ਪਹੁੰਚਿਆ। ਪਿੰਡ ਸਨਾਣਾ, ਪਿੰਡ ਭਗਵੰਤਪੁਰ, ਪਿੰਡ ਬੰਦੇ ਮਾਹਲ ਕਲਾਂ, ਏਐਸ ਬੀਏਐਸ ਜੇਐਸ ਕਾਲਜ ਬੇਲਾ, ਸਾ. ਜੁ. ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ ਹੁੰਦਾ ਹੋਇਆ ਇਹ ਕਾਫ਼ਲਾ ਪਿੰਡ ਗੱਗੋਂ ਦੇ ਗੁਰਦੁਆਰਾ ਸਾਹਿਬ ਪਹੁੰਚਿਆ। ਸੰਵਿਧਾਨ ਅਨੁਸਾਰ ਅਤੇ ਪੰਜਾਬ ਪੰਚਾਇਤੀ ਰਾਜ ਕਾਨੂੰਨ 1994 ਦੀ ਧਾਰਾ 3 ਅਨੁਸਾਰ ਐਲਾਨੇ ਹਰੇਕ ਗ੍ਰਾਮ ਸਭਾ ਇਲਾਕੇ ਲਈ ਧਾਰਾ 4 ਤਹਿਤ ਉਸੇ ਖੇਤਰ/ਪਿੰਡ ਦੇ ਨਾਮ ਨਾਲ ਐਲਾਨੀ ਜਾਂਦੀ ਹੈ ਜਿਸ ਤੋਂ ਬਿਨ੍ਹਾਂ ਗ੍ਰਾਮ ਪੰਚਾਇਤ ਦੀ ਚੋਣ ਸੰਭਵ ਨਹੀਂ। ਇਹ ਗ੍ਰਾਮ ਸਭਾ ਪਿੰਡ ਦੇ ਸਾਰੇ ਵੋਟਰਾਂ ਦੀ ਸਥਾਈ ਸੰਸਥਾ ਹੈ ਜਿਸ ਦੀ ਕੋਈ ਚੋਣ ਨਹੀਂ ਹੁੰਦੀ। ਗ੍ਰਾਮ ਸਭਾ ਦੇ ਸਾਰੇ ਮੈਂਬਰ ਹੀ ਪੰਚਾਇਤ ਦੀ ਚੋਣ ਕਰਦੇ ਹਨ। ਗ੍ਰਾਮ ਸਭਾ ਦੇ ਕਾਰਜਖੇਤਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਹੀ ਇਹ ਮੁਹਿੰਮ ਵਿੱਢੀ ਗਈ ਹੈ। ਇਸ ਬਾਬਤ ਗੱਲ ਕਰਦਿਆਂ ਆਈ. ਡੀ. ਪੀ. ਦੇ ਆਗੂ ਸ. ਦਰਸ਼ਨ ਸਿੰਘ ਧਨੇਠਾ ਨੇ ਕਿਹਾ ਕਿ ਅੱਜ ਤੱਕ ਕਿਸੇ ਵੀ ਪਿੰਡ ਵਿੱਚ ਗ੍ਰਾਮ ਸਭਾ ਲਈ ਮੀਟਿੰਗ ਹਾਲ ਨਹੀਂ ਹੈ। “ਲੋਕਾਂ ਨੂੰ ਇਹ ਹੱਕ ਮਿਲਿਆਂ 30 ਸਾਲ ਹੋ ਗਏ। ਪਰ ਕਿਉਂਕਿ ਇਹ ਹੱਕ ਬਿਨ੍ਹਾਂ ਸੰਘਰਸ਼ ਕੀਤੇ ਮਿਲ ਗਿਆ, ਇਸ ਲਈ ਲੋਕਾਂ ਨੂੰ ਇਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ। ਸਰਕਾਰਾਂ ਨੇ ਵੀ ਇਸ ਬਾਬਤ ਸਾਨੂੰ ਨਹੀਂ ਦੱਸਿਆ ਤੇ ਅਸੀਂ ਅਜੇ ਤੱਕ ਗਲੀਆਂ-ਨਾਲੀਆਂ ਵਿੱਚ ਹੀ ਉਲਝੇ ਹੋਏ ਹਾਂ,” ਉਹਨਾਂ ਕਿਹਾ। ਡਾ. ਪਿਆਰਾ ਲਾਲ ਗਰਗ ਨੇ ਲੋਕਾਂ ਨੂੰ ਆਪਣੀ ਤਾਕਤ ਪਛਾਣਨ ਦਾ ਸੁਨੇਹਾ ਦਿੱਤਾ। ਉਹਨਾਂ ਕਿਹਾ ਕਿ ਪਿੰਡ ਦੀ ਗ੍ਰਾਮ ਸਭਾ ਪਿੰਡ ਦੀ ਲੋਕ ਸਭਾ ਤੇ ਵਿਧਾਨ ਸਭਾ ਹੀ ਹੈ। “ਜੇ ਵਿਧਾਨ ਸਭਾ ਦਾ ਹਾਲ ਸੁੰਨਾ ਰਹੇ, ਜੇ ਲੋਕ ਸਭਾ ਦਾ ਹਾਲ ਸੁੰਨਾ ਰਹੇ ਤਾਂ ਫੇਰ ਕੈਬਨਿਟ ਮਨਮਰਜੀ ਕਰੇਗੀ। ਇਸੇ ਤਰ੍ਹਾਂ ਜੇ ਪਿੰਡ ਦੇ ਲੋਕ ਸੰਵਿਧਾਨ ਦੁਆਰਾ ਦਿੱਤੀ ਗ੍ਰਾਮ ਸਭਾ ਦੀ ਤਾਕਤ ਨੂੰ ਨਹੀਂ ਪਛਾਨਣਗੇ ਤਾਂ ਪੰਚਾਇਤ ਮਨਮਰਜੀ ਕਰੂਗੀ,” ਡਾ. ਗਰਗ ਨੇ ਕਿਹਾ। ਕਾਫ਼ਲੇ ਦੀ ਅਗਵਾਈ ਕਰ ਰਹੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਨੇ ਲੋਕਾਂ ਨੂੰ ਜਾਗਣ ਤੇ ਪੰਜਾਬ ਬਚਾਉਣ ਦਾ ਸੁਨੇਹਾ ਦਿੱਤਾ। ਉਹਨਾਂ ਕਿਹਾ ਕਿ ਸਾਨੂੰ ਪੰਜਾਬ ਬਾਰੇ ਸੋਚਣ ਦੀ ਲੋੜ ਹੈ। “ਜੇ ਪਿੰਡ ਹੈ ਤਾਂ ਪੰਜਾਬ ਹੈ, ਜੇ ਪਿੰਡ ਨਾ ਰਿਹਾ ਤਾਂ ਪੰਜਾਬ ਵੀ ਨਹੀਂ ਰਹੇਗਾ,” ਗਿਆਨੀ ਜੀ ਨੇ ਕਿਹਾ। ਉਹਨਾਂ ਕਿਹਾ ਕਿ ਗ੍ਰਾਮ ਸਭਾ ਉਹ ਸੰਸਥਾ ਹੈ ਜਿਸ ਨਾਲ ਅਸੀਂ ਆਪਣੇ ਸਾਰੇ ਮਸਲੇ ਹੱਲ ਕਰ ਸਕਦੇ ਹਾਂ। ਵੱਖ-ਵੱਖ ਬੁਲਾਰਿਆਂ ਨੇ ਆਉਂਦੀਆਂ ਪੰਚਾਇਤੀ ਚੋਣਾਂ ਵਿੱਚ ਪੰਚਾਇਤਾਂ ਸਰਬਸੰਮਤੀ ਨਾਲ ਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਚੁਣਨ ਦਾ ਸੁਨੇਹਾ ਦਿੱਤਾ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਸਕੱਤਰ, ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਕਾਗਜਾਂ ਵਿੱਚ ਗ੍ਰਾਮ ਸਭਾ ਅੱਜ ਵੀ ਹੁੰਦੀ ਹੈ, ਪਰ ਅਸਲੀਅਤ ਵਿੱਚ ਨਹੀਂ ਹੁੰਦੀ। ਉਹਨਾਂ ਕਿਹਾ ਕਿ ਜੇ ਅਸਲੀਅਤ ਵਿੱਚ ਗ੍ਰਾਮ ਸਭਾਵਾਂ ਹੋਣ ਤਾਂ ਅਸੀਂ ਪਿੰਡਾਂ ਦੇ ਸਾਰੇ ਮਸਲੇ ਆਪਣੇ ਪਿੰਡਾਂ ਵਿੱਚ ਹੀ ਬਹਿ ਕੇ ਹੱਲ ਕਰ ਸਕਦੇ ਹਾਂ। ਆਈ. ਡੀ. ਪੀ. ਦੇ ਪ੍ਰਧਾਨ ਕਰਨੈਲ ਸਿੰਘ ਜਖੇਪਲ ਨੇ ਜ਼ੋਰ ਦਿੱਤਾ ਕਿ ਕੋਈ ਪੰਚਾਇਤ, ਕੋਈ ਸੰਸਥਾ ਪਿੰਡ ਦੇ ਵਿਰੁੱਧ ਫੈਸਲੇ ਨਹੀਂ ਕਰ ਸਕੇਗੀ, ਜੇ ਪਿੰਡ ਦੇ ਲੋਕਾਂ ਨੂੰ ਗ੍ਰਾਮ ਸਭਾ ਦੀ ਤਾਕਤ ਦਾ ਪਤਾ ਹੋਵੇਗਾ। “ਜੇ ਸਰਪੰਚ ਗ੍ਰਾਮ ਸਭਾ ਨਾ ਸੱਦੇ, ਪਿੰਡ ਦੇ 20% ਵੋਟਰ ਬੀਡੀਓ ਨੂੰ ਗ੍ਰਾਮ ਸਭਾ ਸੱਦਣ ਲਈ ਲਿਖ ਕੇ ਦੇ ਸਕਦੇ ਹਨ ਅਤੇ ਬੀਡੀਓ ਨੂੰ 30 ਦਿਨ ਦੇ ਅੰਦਰ ਗ੍ਰਾਮ ਸਭਾ ਸੱਦਣੀ ਪਵੇਗੀ। 20% ਲੋਕ ਵੀ ਇਕੱਠੇ ਹੋ ਕੇ ਪਿੰਡ ਦੇ ਹਿਤ ਦੇ ਫੈਸਲੇ ਲੈ ਸਕਦੇ ਹਨ ਤੇ ਪਿੰਡ ਵਿਰੋਧੀ ਫੈਸਲੇ ਰੱਦ ਕਰਾ ਸਕਦੇ ਹਨ,” ਉਹਨਾਂ ਕਿਹਾ। ਬੁਲਾਰਿਆਂ ਵਿੱਚ ਡਾ. ਬਿਮਲ ਭਨੋਟ, ਮਨਪ੍ਰੀਤ ਕੌਰ ਰਾਜਪੁਰਾ, ਪੱਤਰਕਾਰ ਅਰਸ਼ਦੀਪ ਅਰਸ਼ੀ ਤੇ ਸਾਂਝੀ ਸਿੱਖਿਆ ਨਾਂ ਦੀ ਸੰਸਥਾ ਚਲਾ ਰਹੇ ਅੰਕਿਤ ਛਾਬੜਾ ਸ਼ਾਮਲ ਸਨ। 4 ਸਤੰਬਰ ਨੂੰ ਇਹ ਕਾਫ਼ਲਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਪਹੁੰਚੇਗਾ ਅਤੇ 30 ਸਤੰਬਰ ਨੂੰ ਇਸਦੀ ਸਮਾਪਤੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਧਰਤੀ ਪਿੰਡ ਸਰਾਭਾ ਵਿਖੇ ਹੋਵੇਗੀ।

Related Post