post

Jasbeer Singh

(Chief Editor)

Patiala News

ਅਸੀਂ ਰਾਜਨੀਤੀ ਨਹੀਂ ਲੋਕਾਂ ਦੇ ਕੰਮ ਕਰਦੇ ਹਾਂ: ਭਗਵੰਤ ਮਾਨ

post-img

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਲੋਕ ਸਭਾ ਹਲਕਾ ਪਟਿਆਲਾ ਤੋਂ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਤ੍ਰਿਪੜੀ ’ਚ ਰੋਡ ਸ਼ੋਅ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਤਾਨਾਸ਼ਾਹ ਲੋਕਾਂ ਨੂੰ ਜਾਤਾਂ-ਪਾਤਾਂ ਵਿੱਚ ਵੰਡਣ ਨੂੰ ਫਿਰਦੇ ਹਨ ਪਰ ਉਨ੍ਹਾਂ ਦੀ ਪਾਰਟੀ ਹੋਰ ਗੱਲਾਂ ’ਤੇ ਰਾਜਨੀਤੀ ਕਰਨ ਵੱਲ ਧਿਆਨ ਦੇਣ ਦੀ ਥਾਂ ਲੋਕਾਂ ਦੇ ਕੰਮ ਕਰ ਰਹੀ ਹੈ। ਉਨ੍ਹਾਂ ਬਿਜਲੀ ਮੁਆਫੀ, ਸਕੂਲ ਆਫ ਐਮੀਨੈਂਸ ਅਤੇ ਆਮ ਆਦਮੀ ਕਲੀਨਿਕਾਂ ਜਿਹੀਆਂ ਸਹੂਲਤਾਂ ਬਾਰੇ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਸਨਅਤਾਂ ਲਈ ਬਿਜਲੀ ਸਸਤੀ ਕਰਨ ਦੀ ਗੱਲ ਵੀ ਆਖੀ। ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਬਰਸਟ, ਹਰਪਾਲ ਜੁਨੇਜਾ, ਪੀਆਰਟੀਸੀ ਦੇ ਚੇਅਰਮੈਨ ਰਣਜੋਧ ਹਡਾਣਾ, ਵਿਧਾਇਕ ਹਰਮੀਤ ਪਠਾਣਮਾਜਰਾ, ਅਜੀਤਪਾਲ ਕੋਹਲੀ, ਨੀਨਾ ਮਿੱਤਲ, ਕੁਲਵੰਤ ਬਾਜ਼ੀਗਰ, ਗੁਰਲਾਲ ਘਨੌਰ, ਦੇਵ ਮਾਨ, ਕੁਲਜੀਤ ਰੰਧਾਵਾ ਅਤੇ ਲੋਕ ਸਭਾ ਹਲਕੇ ਦੇ ਇੰਚਾਰਜ ਇੰਦਰਜੀਤ ਸੰਧੂ ਮੌਜੂਦ ਸਨ। ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਨਹਿਰੀ ਪਾਣੀ ਦੀ 21 ਫੀਸਦ ਹੀ ਵਰਤੋਂ ਕੀਤੀ ਜਾਂਦੀ ਸੀ ਜੋ ਹੁਣ 59 ਫੀਸਦ ਹੈ ਤੇ ਅਕਤੂਬਰ ਤੱਕ 70 ਫੀਸਦ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਵੇਗੀ ਜਿਸ ਨਾਲ 14.5 ਲੱਖ ’ਚੋਂ ਕਰੀਬ 6 ਲੱਖ ਟਿਊਬਵੈਲਾਂ ਬੰਦ ਰਹਿਣਗੇ ਜਿਸ ਨਾਲ ਬਿਜਲੀ ਸਬਸਿਡੀ ਦੀ ਰਕਮ ਵੀ ਬਚੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਰਿਹਾਇਸ਼ੀ ਇਲਾਕਿਆਂ ਲਈ ਪੀਲੇ ਅਤੇ ਸਨਅਤ ਲਈ ਹਰੇ ਰੰਗ ਦਾ ਸਟੈਂਪ ਪੇਪਰ, ਫੋਕਲ ਪੁਆਇੰਟਾਂ ਦੀ ਅਪਗ੍ਰੇਡੇਸ਼ਨ, ਮੁਹੱਲਾ ਕਲੀਨਿਕਾਂ ’ਤੇ ਸ਼ੁਰੂ ਕੀਤੀਆਂ 43 ਸੇਵਾਵਾਂ ਵਿੱਚ ਵਾਧਾ, ਬਿਨਾਂ ਰਿਸ਼ਵਤ ਸਰਕਾਰੀ ਨੌਕਰੀਆਂ ਵਿੱਚ ਵਾਧਾ ਆਦਿ ਸਮੇਤ ਹੋਰ ਲੋਕ ਪੱਖੀ ਕੰਮ ਵੀ ਆਸਾਨ ਢੰਗ ਨਾਲ ਕੀਤੇ ਜਾਣਗੇ। ਮਹਿਲਾਂ ਵਿੱਚੋਂ ਸਰਕਾਰ ਚਲਾਉਣ ਵਾਲਿਆਂ ਨੂੰ ਲੱਗਦਾ ਸੀ ਕਿ ਲੋਕ ਹੁਣ ਵੀ ਕਾਂਗਰਸ- ਅਕਾਲੀ ਦਲ ਵਾਲੀ ਖੇਡ ਹੀ ਖੇਡਣਗੇ ਪਰ ‘ਆਪ’ ਦੀ ਹਨੇਰੀ ਨੇ ਮਹਿਲਾਂ ਦੀਆਂ ਕੰਧਾਂ ਵੀ ਹਿਲਾ ਕੇ ਰੱਖ ਦਿੱਤੀਆਂ ਹਨ। ਪੰਜਾਬ ਦਾ ਪੈਸਾ ਲੁੱਟਣ ਵਾਲ਼ਿਆਂ ਤੋਂ ਵਿਆਜ ਸਮੇਤ ਵਸੂਲੀ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਲੋਕਾਂ ਨੂੰ 13-0 ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਫਿਰ ਕੇਂਦਰ ਸਰਕਾਰ ਪੰਜਾਬ ਦੇ ਹਿੱਸੇ ਦਾ ਇੱਕ ਵੀ ਪੈਸਾ ਨਹੀਂ ਰੱਖ ਸਕੇਗੀ। ਪੰਜਾਬ ਵਿੱਚ ਟੌਲ ਪਲਾਜ਼ੇ ਬੰਦ ਕਰਨ ਨਾਲ ਪੰਜਾਬੀਆਂ ਨੂੰ ਹਰ ਰੋਜ਼ 60 ਲੱਖ ਰੁਪਏ ਦੀ ਬਚਤ ਹੋ ਰਹੀ ਹੈ। ‘ਲੋਕ ਹੱਕਾਂ ਲਈ ਕੇਂਦਰ ਤੇ ਰਾਜਪਾਲ ਨਾਲ ਜੂਝ ਰਹੇ ਹਾਂ’ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 90 ਫੀਸਦੀ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਪਹਿਲਾਂ ਰਵਾਇਤੀ ਪਾਰਟੀਆਂ ਸਰਕਾਰੀ ਜਾਇਦਾਦਾਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੇਚਦੀਆਂ ਸਨ ਜਦਕਿ ‘ਆਪ’ ਦੀ ਸਰਕਾਰ ਲੋਕਾਂ ਲਈ ਜਾਇਦਾਦਾਂ ਖ਼ਰੀਦ ਰਹੀ ਹੈ। ਸਰਕਾਰ ਨੇ ਜੀਵੀਕੇ ਥਰਮਲ ਪਾਵਰ ਪਲਾਂਟ ਖ਼ਰੀਦਿਆ। ਪਹਿਲੀ ਵਾਰ ਕਿਸਾਨਾਂ ਨੂੰ ਦਿਨ ਵੇਲੇ 11 ਘੰਟੇ ਨਿਰਵਿਘਨ ਬਿਜਲੀ ਮਿਲ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਨਾ ਸਿਰਫ਼ ਤਾਨਾਸ਼ਾਹੀ ਭਾਜਪਾ ਅਤੇ ਕੇਂਦਰ ਖ਼ਿਲਾਫ਼ ਲੜ ਰਹੇ ਹਨ ਬਲਕਿ ਆਪਣੇ ਸੂਬੇ ਅਤੇ ਲੋਕਾਂ ਦੇ ਹੱਕਾਂ ਲਈ ਪੰਜਾਬ ਦੇ ਰਾਜਪਾਲ ਅਤੇ ਹਰ ਵਿਰੋਧੀਆਂ ਨਾਲ ਵੀ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਕਮਲ ਚਿੱਕੜ ਵਿੱਚ ਖਿੜਦਾ ਹੈ ਤੇ ਉਹ ਝਾੜੂ ਨਾਲ ਉਸ ਚਿੱਕੜ ਨੂੰ ਸਾਫ਼ ਕਰ ਰਹੇ ਹਨ, ਇਸ ਲਈ ਦਿੱਲੀ ਅਤੇ ਪੰਜਾਬ ਵਿੱਚ ਕਮਲ ਨਹੀਂ ਖਿੜਿਆ।

Related Post