July 6, 2024 00:54:44
post

Jasbeer Singh

(Chief Editor)

Business

ਦੁਵੱਲੇ ਵਪਾਰ ਲਈ ਅਟਾਰੀ ਸਰਹੱਦ ਖੋਲ੍ਹਾਂਗੇ: ਥਰੂਰ

post-img

ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਇੱਥੇ ਅੰਮ੍ਰਿਤਸਰ ਦੇ ਵਪਾਰੀਆਂ ਨਾਲ ਵਾਅਦਾ ਕੀਤਾ ਕਿ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਦੁਵੱਲੇ ਵਪਾਰ ਵਾਸਤੇ ਕੌਮਾਂਤਰੀ ਸਰਹੱਦ ਨੂੰ ਖੋਲ੍ਹ ਦਿੱਤਾ ਜਾਵੇਗਾ ਅਤੇ ਕਸਟਮ ਡਿਊਟੀ ਜੋ 200 ਫੀਸਦੀ ਹੈ, ਨੂੰ ਸੋਧਿਆ ਜਾਵੇਗਾ। ਇੱਥੋਂ ਦੇ ਇੱਕ ਹੋਟਲ ਵਿੱਚ ਸ਼ਸ਼ੀ ਥਰੂਰ ਨੇ ਅੱਜ ਲੋਕ ਸਭਾ ਚੋਣਾਂ ਲਈ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਨਾਲ ਮਿਲ ਕੇ ਇੱਕ ਵਪਾਰਕ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਕਾਰੋਬਾਰੀਆ ਤੇ ਹੋਰਨਾਂ ਨੇ ਪਿਛਲੇ ਦਸ ਸਾਲਾਂ ਤੋਂ ਭਾਜਪਾ ਦੇ ਰਾਜ ਦੌਰਾਨ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਚਰਚਾ ਕੀਤੀ। ਮੀਟਿੰਗ ਵਿੱਚ ਵੱਖ-ਵੱਖ ਜਥੇਬੰਦੀਆਂ ਸੀਆਈਆਈ, ਵੁਆਇਸ ਆਫ਼ ਅੰਮ੍ਰਿਤਸਰ, ਫਿਕੀ, ਫੁਲਕਾਰੀ, ਇੰਡੋ-ਪਾਕਿ ਟਰੇਡ, ਟੈਕਸਟਾਈਲ ਮੈਨੂਫੈਕਚਰਿੰਗ, ਡਾਕਟਰਜ਼ ਤੇ ਰੀਅਲ ਐਸਟੇਟ ਦੇ ਨੁਮਾਇੰਦੇ ਸ਼ਾਮਲ ਸਨ। ਸਾਬਕਾ ਕੇਂਦਰੀ ਮੰਤਰੀ ਨੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਤਾਰੀਫ ਦੇ ਪੁਲ ਬੰਨ੍ਹਦਿਆਂ ਕਿਹਾ ਕਿ ਉਹ ਮਿਹਨਤੀ ਆਗੂ ਹਨ ਜਿਨ੍ਹਾਂ ਨੇ ਸੰਸਦ ’ਤੇ ਹਮਲੇ ਦੌਰਾਨ ਲੋਕਾਂ ਦੀ ਜਾਨ ਬਚਾਈ ਸੀ। ਇਸ ਤੋਂ ਬਾਅਦ ਸਵਾਲ-ਜਵਾਬ ਦੇ ਸੈਸ਼ਨ ਦੌਰਾਨ ਵਪਾਰੀਆਂ ਨੇ ਸਬਜ਼ੀਆਂ, ਹੋਰ ਫ਼ਸਲਾਂ ਅਤੇ ਵਸਤਾਂ ਵਾਸਤੇ ਕਾਰਗੋ ਤੇ ਖੁਸ਼ਕ ਬੰਦਰਗਾਹ ਆਦਿ ਬਣਾਉਣ ਅਤੇ ਦੁਵੱਲਾ ਵਪਾਰ ਸ਼ੁਰੂ ਕਰਨ ਦੀ ਮੰਗ ਕੀਤੀ। ਇਸ ਦੇ ਜਵਾਬ ਵਿੱਚ ਸ੍ਰੀ ਥਰੂਰ ਨੇ ਕਿਹਾ ਕਿ ਇਹ ਮੰਗ ਪਹਿਲਾਂ ਤੋਂ ਹੀ ਉਨ੍ਹਾਂ ਦੇ ਏਜੰਡੇ ਵਿੱਚ ਹੈ ਅਤੇ ਉਹ ਇਸ ਨੂੰ ਪੂਰਾ ਕਰਨਗੇ। ਸ੍ਰੀ ਔਜਲਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਅੰਮ੍ਰਿਤਸਰ ‘ਚ ਕਨਵੈਨਸ਼ਨ ਸੈਂਟਰ ਬਣਾਇਆ ਜਾਵੇ ਪਰ ਇਹ ਅਜਿਹੀ ਜਗ੍ਹਾ ’ਤੇ ਹੋਣਾ ਚਾਹੀਦਾ ਹੈ, ਜਿੱਥੇ ਪਾਰਕਿੰਗ ਦੀ ਸਹੂਲਤ ਹੋਵੇ ਅਤੇ ਆਵਾਜਾਈ ਆਸਾਨ ਹੋਵੇ। ਇਸ ਦੌਰਾਨ ਰੀਅਲ ਅਸਟੇਟ ਸੈਕਟਰ ਨੂੰ ਉਦਯੋਗ ਦਾ ਦਰਜਾ ਨਾ ਮਿਲਣ ਦੇ ਸਵਾਲ ’ਤੇ ਸ਼ਸ਼ੀ ਥਰੂਰ ਨੇ ਭਰੋਸਾ ਦਿੱਤਾ ਕਿ ਸੱਤਾ ’ਚ ਆਉਂਦੇ ਹੀ ਇਸ ’ਤੇ ਵਿਚਾਰ ਕੀਤਾ ਜਾਵੇਗਾ ਅਤੇ ਜੇਕਰ ਉਹ ਵਿਰੋਧੀ ਧਿਰ ’ਚ ਵੀ ਹੋਏ ਤਾਂ ਵੀ ਮੁੱਦਿਆਂ ਨੂੰ ਜ਼ਰੂਰ ਉ ਠਾਉਣਗੇ। ਇਸ ਦੌਰਾਨ ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ ਦੀ ਚੇਅਰਪਰਸਨ ਸੁਪ੍ਰਿਆ ਸਰਨੇਤ ਅਤੇ ਗੁਰਜੀਤ ਸਿੰਘ ਔਜਲਾ ਨੇ ਲੋਕਾਂ ਨਾਲ ਚੋਣ ਮੀਟਿੰਗ ਕੀਤੀ। ਜਿੱਥੇ ਸੁਪ੍ਰੀਆ ਨੇ ਕਿਹਾ ਕਿ ਬੇਰੁਜ਼ਗਾਰੀ, ਮਹਿੰਗਾਈ ਤੇ ਗਰੀਬੀ ਅਜਿਹੇ ਮੁੱਦੇ ਹਨ, ਜਿਨ੍ਹਾਂ ਬਾਰੇ ਗੱਲ ਕਰਨ ਦੀ ਲੋੜ ਹੈ ਅਤੇ ਜਿਨ੍ਹਾਂ ਦਾ ਹੱਲ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 10 ਸਾਲ ਪਹਿਲਾਂ ਜਦੋਂ ਭਾਜਪਾ ਸੱਤਾ ਵਿੱਚ ਆਈ ਸੀ ਤਾਂ ਡਾਲਰ 58 ਰੁਪਏ ਸੀ ਜਦੋਂਕਿ ਅੱਜ 82 ਰੁਪਏ ਅਤੇ ਪੈਟਰੋਲ 70 ਰੁਪਏ ਤੇ ਹੁੱਣ 100 ਰੁਪਏ ਪ੍ਰਤੀ ਲਿਟਰ ਹੈ। ਕਾਂਗਰਸ ਦੇ ਸਮੇਂ ਕੱਚਾ ਤੇਲ 150 ਰੁਪਏ ਸੀ ਜਦਕਿ ਹੁਣ 77 ਰੁਪਏ ਹੈ ਪਰ ਪੈਟਰੋਲ ਦੇ ਰੇਟ ਨਹੀਂ ਘਟਾਏ ਗਏ।

Related Post