

ਸਪੈਸ਼ਲ ਟਾਸਕ ਫੋਰਸ ਮੁਹਾਲੀ ਦੀ ਟੀਮ ਨੇ ਇੱਕ ਔਰਤ ਨੂੰ 2450 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕਰਕੇ ਉਸ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮਹਿਲਾ ਮੁਲਜ਼ਮ ਦੀ ਪਛਾਣ ਮਹਿੰਦਰ ਕੌਰ ਨਿਵਾਸੀ ਪਿੰਡ ਬਿਜਲਪੁਰ ਵਜੋਂ ਹੋਈ। ਐੱਸਟੀਐੱਫ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਅਵਤਾਰ ਸਿੰਘ ਅਤੇ ਏਐੱਸਆਈ ਪਿਆਰਾ ਸਿੰਘ ਦੀ ਟੀਮ ਨੇ ਬੱਸ ਅੱਡਾ ਢੈਠਲ ਨੇੜੇ ਨਾਕੇ ਦੌਰਾਨ ਇੱਕ ਔਰਤ ਦੇ ਹੱਥ ਵਿੱਚ ਫੜੇ ਲਿਫ਼ਾਫ਼ੇ ਵਿੱਚੋਂ 2450 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਐੱਸਟੀਐੱਫ ਨੇ ਮਹਿਲਾ ਨੂੰ ਹਿਰਾਸਤ ਵਿੱਚ ਲੈ ਲਿਆ। ਅਧਿਕਾਰੀ ਅਨੁਸਾਰ ਔਰਤ ਨੂੰ ਅਦਾਲਤ ਵਿੱਚ ਪੇਸ਼ ਕਰ ਪੁੱਛ ਪੜਤਾਲ ਲਈ ਇੱਕ ਦਿਨ ਦਾ ਰਿਮਾਂਡ ਹਾਸਲ ਕਰਕੇ ਪੁਲੀਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।