July 6, 2024 01:54:36
post

Jasbeer Singh

(Chief Editor)

Patiala News

ਮਹਿਲਾਵਾਂ ਆਪਣੀ ਤਾਕਤ ਪਛਾਣਨ: ਪ੍ਰਿਯੰਕਾ

post-img

ਕੁਲ ਹਿੰਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰੰਕਾ ਗਾਂਧੀ ਨੇ ਅੱਜ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਆ ਕੇ ਇਕ ਵਾਰ ਪਟਿਆਲਾ ਲੋਕ ਸਭਾ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਪੱਖ ਵਿਚ ਮਹਿਲਾਵਾਂ ਵਿਚ ਚੋਣ ਪ੍ਰਚਾਰ ਕਰਨ ਦੀ ਸ਼ਕਤੀ ਭਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਔਰਤਾਂ ਬਗੈਰ ਪੂਰਾ ਭਾਰਤ ਅਧੂਰਾ ਹੈ ਤੇ ਜੇਕਰ ਔਰਤ ਆਪਣਾ ਕੰਮ ਇਕ ਦਿਨ ਲਈ ਛੱਡ ਦੇਵੇ ਤਾਂ ਸਮਝੋ ਦੇਸ਼ ਖੜ੍ਹ ਜਾਵੇਗਾ। ਇਸ ਲਈ ਔਰਤਾਂ ਨੂੰ ਆਪਣੀ ਤਾਕਤ ਨੂੰ ਪਛਾਣਦਿਆਂ ਭਾਰਤ ਦੇਸ਼ ਨੂੰ ਅੱਗੇ ਵਧਾਉਣ ਲਈ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ, ਅੱਜ ਦੀ ਹੋਈ ਔਰਤਾਂ ਨਾਲ ਸਬੰਧਿਤ ਜਨ ਸਭਾ ਵਿਚ ਭਾਰੀ ਇਕੱਠ ਦੇਖਣ ਨੂੰ ਮਿਲਿਆ। ਇਸ ਦੌਰਾਨ ਔਰਤਾਂ ਨੇ ਪ੍ਰਿਯੰਕਾ ਗਾਂਧੀ ਵਾਡਰਾ ਦਾ ਭਰਵਾਂ ਸਵਾਗਤ ਕੀਤਾ। ਪ੍ਰਿਯੰੰਕਾ ਗਾਂਧੀ ਪਟਿਆਲਾ ਵਿਚ ਪਹਿਲੀ ਵਾਰ ਆਈ ਤੇ ਉਸ ਨੂੰ ਜਿੱਥੇ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਪਟਿਆਲਾ ਸ਼ਾਹੀ ਫੁਲਕਾਰੀ ਦਿੱਤੀ ਉੱਥੇ ਹੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਵੀ ਪ੍ਰਿਯੰੰਕਾ ਨੂੰ ਫੁਲਕਾਰੀ ਭੇਟ ਕੀਤੀ। ਇਸ ਵੇਲੇ ਇੰਜ ਲੱਗ ਰਿਹਾ ਸੀ ਜਿਵੇਂ ਪ੍ਰਿਯੰੰਕਾ ਗਾਂਧੀ ਦੇ ਸਤਿਕਾਰ ਤੇ ਸੁਆਗਤ ਵਿਚ ਪੰਜਾਬ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਇਸ ਵੇਲੇ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਪ੍ਰਿਯੰੰਕਾ ਗਾਂਧੀ ਇਕ ਮਹਾਨ ਲੀਡਰ ਹੈ ਜਿਸ ਨੇ ਆਪਣੇ ਪਰਿਵਾਰ ਦੇ ਕਈ ਸਾਰੇ ਮੈਂਬਰਾਂ ਨੂੰ ਦੇਸ਼ ਲਈ ਖੋਹਿਆ ਹੈ, ਉਹ ਸਮਾਂ ਬੜਾ ਹੀ ਭਿਆਨਕ ਸੀ ਜਦੋਂ ਨਿੱਕੇ-ਨਿੱਕੇ ਬੱਚਿਆਂ ਰਾਹੁਲ ਤੇ ਪ੍ਰਿਯੰੰਕਾ ਨੂੰ ਇਹ ਖ਼ਬਰ ਮਿਲੀ ਸੀ ਕਿ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਪਰ ਪ੍ਰਿਯੰੰਕਾ ਤੇ ਰਾਹੁਲ ਨੇ ਆਪਣੇ-ਆਪ ਨੂੰ ਸੰਭਾਲਿਆ ਤੇ ਅੱਜ ਉਹ ਪੂਰੇ ਦੇਣ ਦੀ ਕਮਾਂਡ ਸੰਭਾਲਣ ਲਈ ਤਿਆਰ ਹਨ। ਇਸ ਵੇਲੇ ਦੇਖਿਆ ਗਿਆ ਕਿ ਪ੍ਰਿਯੰੰਕਾ ਗਾਧੀ ਦੇ ਭਾਸ਼ਣ ਨੂੰ ਸੁਣਨ ਲਈ ਔਰਤਾਂ ਦੀ ਅਵਾਜ਼ ਜਿਵੇਂ ਗੁੰਮ ਹੋ ਗਈ ਸੀ। ਜਦੋਂ ਪ੍ਰਿਯੰੰਕਾ ਬੋਲ ਰਹੇ ਸਨ ਤਾਂ ਉਸ ਵੇਲੇ ਪੰਡਾਲ ਵਿਚ ਕੋਈ ਖੜਾਕ ਦੀ ਵੀ ਅਵਾਜ਼ ਨਹੀਂ ਆ ਰਹੀ ਸੀ, ਇੰਝ ਲਗ ਰਿਹਾ ਸੀ ਜਿਵੇਂ ਸਾਰਾ ਪੰਡਾਲ ਸੁੰਨ ਹੋ ਗਿਆ ਹੈ, ਬਾਅਦ ਵਿਚ ਪ੍ਰਿਯੰੰਕਾ ਨੇ ਵੀ ਸਾਰੇ ਪੰਡਾਲ ਵਿਚ ਬੈਠੀਆਂ ਔਰਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੂੰ ਖ਼ੁਸ਼ੀ ਹੈ ਕਿ ਸਾਰੇ ਪੰਡਾਲ ਨੇ ਉਸ ਨੂੰ ਬੜੇ ਹੀ ਧਿਆਨ ਨਾਲ ਸੁਣਿਆ ਹੈ। ਪ੍ਰਿਯੰੰਕਾ ਗਾਂਧੀ ਦੇ ਪਟਿਆਲਾ ਆਉਣ ਨਾਲ ਡਾ. ਧਰਮਵੀਰ ਗਾਧੀ ਨੂੰ ਕਾਫ਼ੀ ਵੱਡਾ ਹੁਲਾਰਾ ਮਿਲਿਆ ਜਦੋਂ ‌ਪ੍ਰਿਯੰੰਕਾ ਨੇ ਕਿਹਾ ਕਿ ਜਦੋਂ ਉਸ ਨੂੰ ਉਸ ਦੇ ਵੱਡੇ ਭਰਾ ਰਾਹੁਲ ਗਾਂਧੀ ਨੇ ਪੁੱਛਿਆ ਕਿ ਅੱਜ ਕਿੱਥੇ ਜਾਣਾ ਹੈ ਤਾਂ ਉਸ ਨੇ ਕਿਹਾ ਕਿ ਪਟਿਆਲਾ ਡਾ. ਧਰਮਵੀਰ ਗਾਂਧੀ ਦਾ ਪ੍ਰਚਾਰ ਕਰਨ ਲਈ ਜਾਣਾ ਹੈ, ਤਾਂ ਰਾਹੁਲ ਨੇ ਕਿਹਾ ਕਿ ਡਾ. ਗਾਂਧੀ ਬਹੁਤ ਹੀ ਚੰਗੇ ਨੇਕ ਇਨਸਾਨ ਹਨ ਉਨ੍ਹਾਂ ਦਾ ਪ੍ਰਚਾਰ ਕਰਨ ਲਈ ਜਾ ਰਹੇ ਹੋ ਤਾਂ ਬਹੁਤ ਹੀ ਚੰਗਾ ਹੈ, ਇਸ ਗੱਲ ’ਤੇ ਡਾ. ਗਾਂਧੀ ਦਾ ਚਿਹਰਾ ਦੇਖਣ ਵਾਲਾ ਸੀ। ਡਾ. ਗਾਂਧੀ ਨੇ ਕਿਹਾ ਕਿ ਗਾਂਧੀ ਪਰਿਵਾਰ ਵੱਲੋਂ ਉਸ ਨੂੰ ਏਨਾ ਪਿਆਰ ਮਿਲਿਆ ਹੈ ਜਿਸ ਦਾ ਉਹ ਰਿਣੀ ਹੈ। ਅਮਰਿੰਦਰ ਨੇ ਕਾਂਗਰਸ ਦਾ ਵੱਡਾ ਨੁਕਸਾਨ ਕੀਤਾ: ਭੱਠਲ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਕਾਂਗਰਸ ਵੱਲੋਂ ਦੋ ਵਾਰ ਮੁੱਖ ਮੰਤਰੀ ਬਣਾਏ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿਚ ਰਹਿ ਕੇ ਹੀ ਕਾਂਗਰਸ ਦਾ ਵੱਡਾ ਨੁਕਸਾਨ ਕੀਤਾ ਹੈ, ਉਨ੍ਹਾਂ ਪਹਿਲਾਂ ਹੀ ਕਾਂਗਰਸ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਕਾਂਗਰਸ ਦੀਆਂ ਜੜ੍ਹਾਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ, ਬੀਬੀ ਭੱਠਲ ਇੱਥੇ ਪਟਿਆਲਾ ਸ਼ਹਿਰ ਵਿਚੋਂ ਲੰਘਦੇ ਹੋਏ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅੰਗਰੇਜ਼ਾਂ ਦੀ ਭਗਤੀ ਵਿਚ ਮਹਾਰਾਜਿਆਂ ਨੇ ਪੰਜਾਬ ਦੇ ਲੋਕਾਂ ਤੇ ਅਜ਼ਾਦੀ ਘੁਲਾਟੀਆਂ ਤੇ ਬਹੁਤ ਜ਼ੁਲਮ ਕੀਤੇ, ਜਿਸ ਦੀ ਵੱਡੀ ਮਿਸਾਲ ਪਟਿਆਲਾ ਵਿਚ ਮੋਤੀ ਮਹਿਲ ਤੇ ਰਸਤੇ ਵਿਚ ਲੱਗਿਆ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦਾ ਬੁੱਤ ਹੈ। ਬੀਬੀ ਭੱਠਲ ਨੇ ਕਿਹਾ ਕਿ ਪੰਜਾਬ ਕਾਂਗਰਸ ਜਦੋਂ ਦੀ ਕੈਪਟਨ ਅਮਰਿੰਦਰ ਸਿੰਘ ਤੋਂ ਮੁਕਤ ਹੋਈ ਹੈ ਉਦੋਂ ਤੋਂ ਆਮ ਲੀਡਰਾਂ ਨੂੰ ਸੁਖ ਦਾ ਸਾਹ ਆਇਆ ਹੈ, ਨਹੀਂ ਤਾਂ ਪੰਜਾਬ ਕਾਂਗਰਸ ਵਿਚ ਕੋਈ ਨਵਾਂ ਜਾਂ ਕੋਈ ਲੀਡਰ ਅਮਰਿੰਦਰ ਨੇ ਖੜ੍ਹਾ ਹੀ ਨਹੀਂ ਹੋਣ ਦਿੱਤਾ, ਜਿਸ ਕਰਕੇ ਪੰਜਾਬ ਵਿਚ ਕਾਂਗਰਸ ਕਮਜ਼ੋਰ ਹੁੰਦੀ ਗਈ, ਅੱਜ ਮੁੜ ਕਾਂਗਰਸ ਦਾ ਪੰਜਾਬ ਵਿਚ ਗਰਾਫ਼ ਦਿਨ-ਬ-ਦਿਨ ਵਧ ਰਿਹਾ ਹੈ, ਅਮਰਿੰਦਰ ਨੂੰ ਕਾਂਗਰਸ ਨੇ ਦੋ ਵਾਰ ਮੁੱਖ ਮੰਤਰੀ ਬਣਾਇਆ ਪਰ ਆਖ਼ਰੀ ਟਰਮ ਵਿਚ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਕਾਂਗਰਸ ਨੂੰ ਨੁਕਸਾਨ ਪਹੁੰਚਾਇਆ। ਪਟਿਆਲਾ ਦੇ ਮਹਾਰਾਜਿਆਂ ਨੇ ਅੰਗਰੇਜ਼ਾਂ ਦੀ ਭਗਤ ਵਿਚ ਅਜ਼ਾਦੀ ਘੁਲਾਟੀਆਂ ਤੇ ਆਮ ਲੋਕਾਂ ਤੇ ਬਹੁਤ ਜ਼ੁਲਮ ਕੀਤੇ, ਅੱਜ ਵੀ ਇਹ ਲੋਕ ਦੇਸ਼ ਨੂੰ ਬਰਬਾਦ ਕਰ ਰਹੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਕੇ ਦੇਸ਼ ਦੇ ਵਿਰੋਧ ਵਿੱਚ ਹੀ ਭੁਗਤੇ ਹਨ, ਕਿਉਂਕਿ ਭਾਜਪਾ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਨੂੰ ਖ਼ਤਮ ਕਰ ਰਹੀ ਹੈ, ਉਸ ਦਾ ਸਾਥ ਅਮਰਿੰਦਰ ਪਰਿਵਾਰ ਦੇ ਰਿਹਾ ਹੈ, ਜਿਸ ਕਰਕੇ ਪੰਜਾਬ ਦੇ ਲੋਕ ਹੁਣ ਭਾਰਤੀ ਜਨਤਾ ਪਾਰਟੀ ਦੇ ਉਸ ਦੇ ਸਾਥੀਆਂ ਨੂੰ ਮੂੰਹ ਨਹੀਂ ਲਾਉਣਗੇ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਜੇਕਰ ਨਵਜੋਤ ਸਿੱਧੂ ਪੰਜਾਬ ਵਿਚ ਕਾਂਗਰਸੀ ਉਮੀਦਵਾਰਾਂ ਦੇ ਪੱਖ ਵਿਚ ਪ੍ਰਚਾਰ ਕਰਨ ਆਉਂਦੇ ਹਨ ਤਾਂ ਪਾਰਟੀ ਨੂੰ ਲਾਭ ਹੀ ਹੋਵੇਗਾ, ਕਿਉਂਕਿ ਜਦੋਂ ਜੰਗ ਲੱਗੀ ਹੋਵੇ ਤਾਂ ਘਰ ਦੇ ਇਕ ਇਕ ਜੀਅ ਨੂੰ ਉਸ ਵਿਚ ਹਿੱਸਾ ਪਾਉਣਾ ਚਾਹੀਦਾ ਹੈ। ਇਸ ਵੇਲੇ ਬੀਬਾ ਅਮਰਜੀਤ ਕੌਰ ਵੀ ਹਾਜ਼ਰ ਸਨ।

Related Post