
ਵਿਸ਼ਵ ਬੈਂਕ ਦਰਮਿਆਨੀ ਆਮਦਨ ਵਾਲੇ ਮੁਲਕਾਂ ਲਈ ਸਸਤੇ ਕਰਜ਼ੇ ਸੁਲੱਭ ਕਰਾਵੇ: ਨਿਰਮਲਾ ਸੀਤਾਰਾਮਨ
- by Jasbeer Singh
- October 26, 2024

ਵਿਸ਼ਵ ਬੈਂਕ ਦਰਮਿਆਨੀ ਆਮਦਨ ਵਾਲੇ ਮੁਲਕਾਂ ਲਈ ਸਸਤੇ ਕਰਜ਼ੇ ਸੁਲੱਭ ਕਰਾਵੇ: ਨਿਰਮਲਾ ਸੀਤਾਰਾਮਨ ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸੰਸਾਰ ਬੈਂਕ ਵੱਲੋਂ ਦਰਮਿਆਨੀ ਆਮਦਨ ਵਾਲੇ ਮੁਲਕਾਂ ਨੂੰ ਕਿਫ਼ਾਇਤੀ ਅਤੇ ਸਸਤੀਆਂ ਵਿਆਜ ਦਰਾਂ ਵਾਲੇ ਕਰਜ਼ੇ ਦਿੱਤੇ ਜਾਣ ਦੀ ਲੋੜ ਉਤੇ ਜ਼ੋਰ ਦਿੱਤਾ ਹੈ। ਉਨ੍ਹਾਂ ਇਹ ਗੱਲ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਸੰਸਾਰ ਬੈਂਕ ਦੀ 2024 ਦੀਆਂ ਸਾਲਾਨਾ ਮੀਟਿੰਗਾਂ ਦੌਰਾਨ ਵਿਕਾਸ ਕਮੇਟੀ ਦੇ ਪਲੈਨਰੀ ਸੈਸ਼ਨ ‘ਭਵਿੱਖ ਲਈ ਤਿਆਰ ਸੰਸਾਰ ਬੈਂਕ ਗਰੁੱਪ’ ਨੂੰ ਸੰਬੋਧਨ ਕਰਦਿਆਂ ਕਹੀ । ਇਸ ਸਬੰਧੀ ਵਿੱਤ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਹੈ, ‘‘ਕੇਂਦਰੀ ਵਿੱਤ ਮੰਤਰੀ ਨੇ ਦਰਮਿਆਨੀ ਆਮਦਨ ਵਾਲੇ ਮੁਲਕਾਂ ਵਾਸਤੇ ਸੰਸਾਰ ਬੈਂਕ ਤੋਂ ਵਧੇਰੇ ਕਿਫ਼ਾਇਤੀ ਅਤੇ ਸਸਤੀਆਂ ਵਿਆਜ ਦਰਾਂ ਵਾਲੇ ਕਰਜ਼ਿਆਂ ਦੀ ਲੋੜ ਉਤੇ ਜ਼ੋਰ ਦਿੱਤਾ ਹੈ ਤਾਂ ਕਿ ਉਨ੍ਹਾਂ ਦੀ ਵਿਆਪਕ ਭਾਗੀਦਾਰੀ ਨੂੰ ਹੁਲਾਰਾ ਦਿੱਤਾ ਜਾ ਸਕੇ ਅਤੇ ਉਹ ਜ਼ਿਆਦਾ ਕਰਜ਼ੇ ਲੈ ਕੇ ਆਪਣੇ ਵਿਕਾਸ ਨੂੰ ਤੇਜ਼ ਕਰ ਸਕਣ।’’ ਮੰਤਰਾਲੇ ਨੇ ਇਹ ਜਾਣਕਾਰੀ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ ।