July 6, 2024 01:16:11
post

Jasbeer Singh

(Chief Editor)

Latest update

ਆਪ ਨੇ ਸਿਰਫ਼ 2 ਸਾਲ ਦੇ ਕਾਰਜਕਾਲ ’ਚ ਲਿਆ 60 ਹਜ਼ਾਰ ਕਰੋੜ ਦਾ ਕਰਜ਼ਾ : ਖਹਿਰਾ

post-img

ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਬਲਾਕ ਭਵਾਨੀਗੜ੍ਹ ਚ ਪੈਂਦੇ ਲਗਭਗ ਇਕ ਦਰਜ਼ਨ ਪਿੰਡਾਂ ਵਿਚ ਚੋਣ ਮੀਟਿੰਗਾਂ ਕੀਤੀਆਂ। ਪਿੰਡ ਘਰਾਚੋਂ ਵਿਖੇ ਸੰਬੋਧਨ ਕਰਦਿਆਂ ਉਹਨਾਂ ਸੀ.ਐਮ ਮਾਨ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਗੱਲਾਂ ਨਾਲ ਹੀ ਪੰਜਾਬ ਦਾ ਵਿਕਾਸ ਕਰ ਰਹੇ ਹਨ। ਮਾਨ ਸਰਕਾਰ ਵੱਲੋਂ ਕੀਤਾ ਵਿਕਾਸ ਪੰਜਾਬੀਆਂ ਨੂੰ ਕਿਸੇ ਪਾਸੇ ਦਿੱਖ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਪਿੰਡ ਘਰਾਚੋਂ 'ਚ 2 ਨਿੱਜੀ ਸਕੱਤਰ ਅਤੇ ਹੋਰ ਨੇੜਲੇ ਆਗੂ ਹੋਣ ਦੇ ਬਾਵਜੂਦ ਵੀ ਪਿੰਡ ਘਰਾਚੋਂ ਦਾ ਕੁਝ ਨਹੀਂ ਸੰਵਾਰਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਮੇਤ ਜ਼ਿਲ੍ਹਾ ਸੰਗਰੂਰ ਵਿਚ 3-3 ਕੈਬਨਿਟ ਮੰਤਰੀ ਹੋਣ ਦੇ ਬਾਵਜੂਦ ਸੰਗਰੂਰ ਜ਼ਿਲ੍ਹੇ ਦਾ ਵੀ ਕੋਈ ਵਿਕਾਸ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਮਾਤਰ 25 ਮਹੀਨਿਆਂ ਦੇ ਕਾਰਜਕਾਲ ’ਚ ਹੀ ਲਗਪਗ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਪੰਜਾਬ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਕਰ ਦਿੱਤੀ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਪੰਜਾਬ ਦਾ ਉਹ ਸਰਮਾਇਆ ਜੋ ਸਿਰਫ਼ ਐਮਰਜੈਂਸੀ ਦੀ ਹਾਲਤ ਲਈ ਸਾਂਭ ਕੇ ਰੱਖੇ ਕੀਮਤੀ ਬਾਂਡ, ਗਹਿਣੇ ਰੱਖ ਕੇ 2500 ਕਰੋੜ ਰੁਪਏ ਦਾ ਹੋਰ ਕਰਜ਼ਾ ਚੁੱਕ ਲਿਆ ਹੈ। ਮੁੱਖ ਮੰਤਰੀ ਸਿਰਫ਼ ਚੁਟਕਲੇ ਸੁਣਾ ਕੇ ਪੰਜਾਬ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੇ ਆ ਰਹੇ ਹਨ, ਜੋ ਸਰਾਸਰ ਝੂਠ ਦਾ ਪੁਲੰਦਾ ਹਨ। ਉਨ੍ਹਾਂ ਕਾਂਗਰਸ ਸਰਕਾਰ ਸਮੇਂ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਕੀਤੇ ਬੇਤਹਾਸ਼ਾ ਵਿਕਾਸ ਕਾਰਜਾਂ ਜ਼ਿਕਰ ਕਰਦਿਆਂ ਹਲਕਾ ਵਾਸੀਆਂ ਨੂੰ ਕਾਂਗਰਸ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ’ਤੇ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਬਦੇਸ਼ਾ ਅਤੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋਂ ਨੇ ਹਲਕਾ ਸੰਗਰੂਰ ਦੇ ਵੋਟਰਾਂ ਨੂੰ ਕਾਂਗਰਸ ਦੇ ਨਿਧੱੜਕ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਜਿਤਾਉਣ ਦਾ ਸੱਦਾ ਦਿੰਦਿਆਂ ਸ: ਖਹਿਰਾ ਨੂੰ ਲੱਡੂਆਂ ਨਾਲ ਤੋਲਿਆ। ਇਸ ਮੌਕੇ ਰਾਜਿੰਦਰ ਸਿੰਘ ਸੰਘਰੇੜੀ, ਪਰਮਜੀਤ ਸ਼ਰਮਾਂ, ਗੁਰਜੀਵਨ ਸਿੰਘ ਹਰਕਿਸ਼ਨਪੁਰਾ, ਵੀਰਦਵਿੰਦਰ ਸਿੰਘ ਸੰਘਰੇੜੀ, ਬਲਵਿੰਦਰ ਸਿੰਘ ਘਾਬਦੀਆ, ਹਰਮਨਦੀਪ ਸਿੰਘ, ਰਾਮ ਸਿੰਘ ਭਰਾਜ, ਮੰਗਤ ਸ਼ਰਮਾਂ, ਹਰਪ੍ਰੀਤ ਬਾਜਵਾ, ਗੁਰਮੀਤ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ ਚੇਅਰਮੈਨ ਮਿਲਕ ਪਲਾਂਟ, ਤਜਿੰਦਰ ਸਿੰਘ ਚੰਨੋਂ, ਸਾਹਿਬ ਸਿੰਘ ਭੜ੍ਹੋ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।

Related Post