post

Jasbeer Singh

(Chief Editor)

crime

ਤਰਨਤਾਰਨ ਵਿਚ ਨੌਜਵਾਨ ਦਾ ਗਲਾ ਚੀਰ ਕੇ ਬੇਰਹਿਮੀ ਨਾਲ ਕੀਤਾ ਕਤਲ

post-img

ਤਰਨਤਾਰਨ ਵਿਚ ਨੌਜਵਾਨ ਦਾ ਗਲਾ ਚੀਰ ਕੇ ਬੇਰਹਿਮੀ ਨਾਲ ਕੀਤਾ ਕਤਲ ਤਰਨਤਾਰਨ : ਪੰਜਾਬ ਦੇ ਸ਼ਹਿਰ ਤਰਨਤਾਰਨ ’ਚ ਇਕ ਨੌਜਵਾਨ ਦਾ ਗਲਾ ਰੇਤ ਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਉਕਤ ਵਿਅਕਤੀ ਦੀ ਲਾਸ਼ ਵੀਰਵਾਰ ਤੜਕਸਾਰ ਪਿੰਡ ਪਿੱਦੀ ਕੋਲ ਖੂਨ ਨਾਲ ਲਥਪਥ ਪਿੰਡ ਦੇ ਲੋਕਾਂ ਨੇ ਵੇਖੀ ਤਾਂ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਐੱਸ. ਪੀ. (ਇਨਵੈਸਟੀਗੇਸ਼ਨ) ਅਜੈਰਾਜ ਸਿੰਘ, ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਅਤੁਲ ਸੋਨੀ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ । ਮ੍ਰਿਤਕ ਕੋਲੋਂ ਸ਼ਨਾਖਤ ਦੀ ਕੋਈ ਚੀਜ ਨਾ ਮਿਲੀ ਤਾਂ ਸ਼ੋਸ਼ਲ ਮੀਡੀਆ ਦਾ ਸਹਾਰਾ ਲਿਆ ਗਿਆ, ਜਿਸ ਤੋਂ ਬਾਅਦ ਮਰਨ ਵਾਲੇ ਵਿਅਕਤੀ ਦੀ ਪਛਾਣ ਸੁਰਜੀਤ ਸਿੰਘ ਵਿੱਕੀ ਪੁੱਤਰ ਅਵਤਾਰ ਸਿੰਘ ਵਾਸੀ ਕੋਟ ਮਿੱਤ ਸਿੰਘ ਅੰਮ੍ਰਿਤਸਰ ਵਜੋਂ ਹੋ ਗਈ । ਦੱਸ ਦਈਏ ਕਿ ਕਿਸਾਨ ਆਗੂ ਸੁਪਰੀਮ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੱਦੀ ਨੇ ਸਵੇਰੇ 7 ਵਜੇ ਜਦੋਂ ਉਹ ਖੇਤਾਂ ਵਿਚ ਫਸਲ ਵੇਖਣ ਆਇਆ ਤਾਂ ਉਸਨੇ ਬਹਿਕਾਂ ਦੀ ਲਿੰਕ ਰੋਡ ’ਤੇ ਖੂਨ ਨਾਲ ਲਥ ਪਥ ਲਾਸ਼ ਵੇਖੀ, ਜਿਸਦੀ ਸੂਚਨਾ ਉਨ੍ਹਾਂ ਨੇ ਪਿੰਡ ਦੇ ਸਰਪੰਚ ਗੁਰਜੀਤ ਸਿੰਘ ਨੂੰ ਦਿੱਤੀ ਤਾਂ ਉਹ ਵੀ ਮੌਕੇ ’ਤੇ ਪਹੁੰਚ ਗਏ, ਜਦੋਂਕਿ ਪੁਲਿਸ ਇਸ ਬਾਰੇ ਸੂਚਨਾ ਮਿਲੀ ਤਾਂ ਐੱਸ. ਪੀ. (ਇਨਵੈਸਟੀਗੇਸ਼ਨ) ਅਜੈਰਾਜ ਸਿੰਘ, ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਅਤੁਲ ਸੋਨੀ, ਥਾਣਾ ਸਦਰ ਤਰਨਤਾਰਨ ਦੇ ਮੁਖੀ ਅਵਤਾਰ ਸਿੰਘ ਤੋਂ ਇਲਾਵਾ ਹੋਰ ਪੁਲਿਸ ਟੀਮਾਂ ਵੀ ਮੌਕੇ ’ਤੇ ਪਹੁੰਚ ਗਈਆਂ । ਡੀ. ਐੱਸ. ਪੀ. ਅਤੁਲ ਸੋਨੀ ਨੇ ਦੱਸਿਆ ਕਿ ਮਰਨ ਵਾਲੇ ਦਾ ਗਲਾ ਬੇਰਹਿਮੀ ਨਾਲ ਕੱਟਿਆ ਹੋਇਆ ਸੀ ਅਤੇ ਜਦੋਂ ਆਸ ਪਾਸ ਤਲਾਸ਼ੀ ਅਭਿਆਨ ਚਲਾਇਆ ਤਾਂ ਖੇਤ ਵਿੱਚੋਂ ਇਕ ਚਾਕੂ ਵੀ ਬਰਾਮਦ ਹੋਇਆ । ਉਨ੍ਹਾਂ ਦੱਸਿਆ ਕਿ ਹਾਲਾਤ ਤੋਂ ਲੱਗਦਾ ਹੈ ਕਿ ਕਤਲ ਲਾਸ਼ ਮਿਲਣ ਵਾਲੀ ਥਾਂ ’ਤੇ ਹੀ ਕੀਤਾ ਹੋਵੇਗਾ ਅਤੇ ਸੁਰਜੀਤ ਸਿੰਘ ਵਿੱਕੀ ਨੂੰ ਇਥੇ ਕਿਸ ਤਰ੍ਹਾਂ ਲਿਆਂਦਾ ਗਿਆ, ਇਹ ਜਾਣਕਾਰੀ ਕਾਤਲਾਂ ਦੇ ਫੜ੍ਹੇ ਜਾਣ ਦੇ ਬਾਅਦ ਹੱਥ ਲੱਗੇਗੀ । ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਹੋਣ ਤੋਂ ਬਾਅਦ ਕਾਤਲਾਂ ਨੂੰ ਫੜ੍ਹਨ ਲਈ ਹਰ ਪਹਿਲੂ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਮੁਲਜ਼ਮ ਪੁਲਿਸ ਦੀ ਗ੍ਰਿਫਤ ’ਚ ਹੋਣਗੇ । ਉਨ੍ਹਾਂ ਦੱਸਿਆ ਕਿ ਫਿਲਹਾਲ ਅਣਪਛਾਤਿਆਂ ’ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ ।

Related Post