July 6, 2024 01:13:24
post

Jasbeer Singh

(Chief Editor)

Latest update

ਸੰਯੁਕਤ ਕਿਸਾਨ ਮੋਰਚੇ ਵੱਲੋਂ ਨਰਿੰਦਰ ਮੋਦੀ ਦੀਆਂ ਚੋਣ ਰੈਲੀਆਂ ਖ਼ਿਲਾਫ਼ ਬਿਗਲ UPDATED AT: MAY 20, 2024 07:09 AM

post-img

ਸੰਯੁਕਤ ਕਿਸਾਨ ਮੋਰਚੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਚੋਣ ਰੈਲੀਆਂ ਦਾ ਵਿਰੋਧ ਕਰਨ ਵਾਸਤੇ ਤਿਆਰੀ ਖਿੱਚ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 23-24 ਮਈ ਨੂੰ ਪੰਜਾਬ ਵਿਚ ਚੋਣ ਪ੍ਰਚਾਰ ਤਹਿਤ ਰੈਲੀਆਂ ਕਰਨਗੇ। ਪ੍ਰਧਾਨ ਮੰਤਰੀ 23 ਮਈ ਨੂੰ ਪਟਿਆਲਾ ਵਿਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੀ ਹਮਾਇਤ ’ਚ ਪਲੇਠੀ ਚੋਣ ਰੈਲੀ ਕਰਨਗੇ ਅਤੇ 24 ਮਈ ਨੂੰ ਗੁਰਦਾਸਪੁਰ ਤੇ ਜਲੰਧਰ ਹਲਕੇ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਨਰਿੰਦਰ ਮੋਦੀ ਦੇ ਚੋਣ ਪ੍ਰੋਗਰਾਮਾਂ ਦੀ ਅੱਜ ਜਿਉਂ ਹੀ ਪੁਸ਼ਟੀ ਹੋਈ ਤਾਂ ਕਿਸਾਨ ਜਥੇਬੰਦੀਆਂ ਨੇ ਵਿਰੋਧ ਵਾਸਤੇ ਫ਼ੌਰੀ ਪ੍ਰੋਗਰਾਮ ਉਲੀਕ ਲਏ ਹਨ। ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੀਆਂ ਰੈਲੀਆਂ ਦਾ ਵੱਡੇ ਪੱਧਰ ’ਤੇ ਕਿਸਾਨ ਧਿਰਾਂ ਵਿਰੋਧ ਕਰਨਗੀਆਂ। ਭਾਜਪਾ ਦੇ ਉਮੀਦਵਾਰਾਂ ਦਾ ਪਹਿਲਾਂ ਹੀ ਕਿਸਾਨ ਧਿਰਾਂ ਵਿਰੋਧ ਕਰ ਰਹੀਆਂ ਹਨ। ਕਿਸਾਨ ਜਥੇਬੰਦੀਆਂ ਵੱਲੋਂ ਉਲੀਕੇ ਜਾ ਰਹੇ ਪ੍ਰੋਗਰਾਮ ਕਰਕੇ ਪੰਜਾਬ ਪੁਲੀਸ ਲਈ ਸੰਕਟ ਬਣ ਗਿਆ ਹੈ ਕਿਉਂਕਿ ਪਹਿਲਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ਼ਿਰੋਜ਼ਪੁਰ ਰੈਲੀ ਦੇ ਰਸਤੇ ਤੋਂ ਵਾਪਸ ਮੁੜੇ ਸਨ ਕਿਉਂਕਿ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਸੀ। ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਡਾ. ਦਰਸ਼ਨ ਪਾਲ ਦਾ ਕਹਿਣਾ ਸੀ ਕਿ ਐਸਕੇਐੱਮ ਦੀ ਭਲਕੇ 20 ਮਈ ਨੂੰ ਪਟਿਆਲਾ ਜ਼ਿਲ੍ਹੇ ਦੀ ਮੀਟਿੰਗ ਬੁਲਾਈ ਗਈ ਹੈ ਜਿਸ ਵਿਚ ਨਰਿੰਦਰ ਮੋਦੀ ਦੇ ਚੋਣ ਪ੍ਰੋਗਰਾਮਾਂ ਦਾ ਵਿਰੋਧ ਕਰਨ ਬਾਰੇ ਰਣਨੀਤੀ ਬਣਾਈ ਜਾਵੇਗੀ ਅਤੇ 21 ਮਈ ਨੂੰ ਕਿਸਾਨ ਮੋਰਚੇ ਦੀ ਜਗਰਾਓਂ ਵਿਚ ਹੋ ਰਹੀ ਮਹਾਂ ਰੈਲੀ ਵਿਚ ਵੀ ਇਸ ਬਾਰੇ ਰਣਨੀਤੀ ਘੜੀ ਜਾਵੇਗੀ। ਇਸੇ ਦੌਰਾਨ ਬੀਕੇਯੂ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਦੱਸਿਆ ਕਿ ਪੰਜਾਬ ਭਰ ਦੇ ਕਿਸਾਨਾਂ ਨੂੰ ਨਰਿੰਦਰ ਮੋਦੀ ਦੀ ਰੈਲੀ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਹੀ ਪ੍ਰਧਾਨ ਮੰਤਰੀ ਦੀ ਪੰਜਾਬ ਵਿਚ ਰੈਲੀ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਫ਼ੌਰੀ ਮੀਟਿੰਗ ਸੱਦ ਕੇ ਵਿਰੋਧ ਪ੍ਰੋਗਰਾਮ ਉਲੀਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 21 ਮਈ ਨੂੰ ਜਗਰਾਓਂ ਵਿਚ ਹੋ ਰਹੀ ਮਹਾਂ ਰੈਲੀ ਦੀ ਸਟੇਜ ਤੋਂ ਵੀ ਸੱਦਾ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਭਲਕੇ 20 ਮਈ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਮ੍ਰਿਤਕ ਕਿਸਾਨ ਸ਼ੁਭਕਰਨ ਸਿੰਘ ਬੱਲ੍ਹੋ ਦੇ ਮਾਮਲੇ ’ਤੇ ਬਣੀ ਵਿਸ਼ੇਸ਼ ਜਾਂਚ ਕਮੇਟੀ ਨੂੰ ਕਿਸਾਨ ਆਗੂ ਮਿਲਣਗੇ। ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਸੀਨੀਅਰ ਆਗੂ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮਾਂ ਦਾ ਅੱਜ ਹੀ ਪਤਾ ਲੱਗਿਆ ਹੈ ਜਿਸ ਕਰਕੇ ਭਲਕੇ ਕਿਸਾਨ ਭਵਨ ਵਿਚ ਕਿਸਾਨ ਆਗੂ ਜੁੜਨਗੇ ਅਤੇ ਭਲਕੇ ਹੀ ਵਿਰੋਧ ਪ੍ਰੋਗਰਾਮਾਂ ਵਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਆਏ ਤਾਂ ਉਨ੍ਹਾਂ ਦਾ ਵਿਰੋਧ ਵੀ ਕੀਤਾ ਜਾਵੇਗਾ। ਪੰਜਾਬ ਵਿੱਚ ਰੈਲੀਆਂ ਕਰਨਗੇ ਪ੍ਰਧਾਨ ਮੰਤਰੀ ਮੋਦੀ ਚੰਡੀਗੜ੍ਹ (ਆਤਿਸ਼ ਗੁਪਤਾ): ਭਾਜਪਾ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿੱਚ ਤਿੰਨ ਚੋਣ ਰੈਲੀਆਂ ਕਰਨਗੇ। ਇਹ ਗੱਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ 23 ਮਈ ਨੂੰ ਪਟਿਆਲਾ ਅਤੇ 24 ਮਈ ਨੂੰ ਗੁਰਦਾਸਪੁਰ ਤੇ ਜਲੰਧਰ ਵਿੱਚ ਚੋਣ ਪ੍ਰਚਾਰ ਕਰਨਗੇ। ਇਸ ਮੌਕੇ ਜਾਖੜ ਨੇ ਕੇਂਦਰ ਸਰਕਾਰ ਵੱਲੋਂ 10 ਸਾਲਾਂ ਵਿੱਚ ਪੰਜਾਬ ਲਈ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਵੀ ਜਾਰੀ ਕੀਤਾ। ਭਾਜਪਾ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਬਿਨਾਂ ਕਿਸੇ ਭੇਦ-ਭਾਵ ਦੇ ਪੰਜਾਬ ਨੂੰ ਤਰੱਕੀ ਵੱਲ ਲਿਜਾਣ ਲਈ ਲਗਾਤਾਰ ਫੰਡ ਜਾਰੀ ਕੀਤੇ ਹਨ ਜਦੋਂਕਿ ਪੰਜਾਬ ’ਚ ਸੱਤਾਧਾਰੀ ‘ਆਪ’ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ‘ਆਪ’ ਲੋਕਾਂ ਨੂੰ ਝੂਠ ਬੋਲ ਕੇ ਕੇਂਦਰ ਖ਼ਿਲਾਫ਼ ਭੜਕਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਪਿਛਲੇ 10 ਸਾਲਾਂ ਦੌਰਾਨ ਸੂਬੇ ਦੇ 22.05 ਲੱਖ ਕਿਸਾਨਾਂ ਲਈ 56,754 ਕਰੋੜ ਰੁਪਏ ਦਾ ਭਾਰੀ ਫੰਡ ਜਾਰੀ ਕੀਤਾ ਹੈ। ਇਸੇ ਤਰ੍ਹਾਂ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਕਿਸਾਨਾਂ ਲਈ 4758 ਕਰੋੜ ਰੁਪਏ ਜਾਰੀ ਕੀਤੇ ਤੇ ਸੌਇਲ ਹੈਲਥ ਕਾਰਡ ਸਕੀਮ ਤਹਿਤ ਪੰਜਾਬ ਦੇ ਕਿਸਾਨਾਂ ਦੇ 24.50 ਲੱਖ ਕਾਰਡ ਬਣਵਾਏ ਗਏ। ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐੱਮ) ਯੋਜਨਾ ਤਹਿਤ ਪੰਜਾਬ ਨੂੰ 4173 ਕਰੋੜ ਰੁਪਏ ਜਾਰੀ ਕੀਤੇ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਕਿਸਾਨਾਂ ਤੇ ਵਪਾਰੀਆਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਵਿੱਚ ਵਾਪਰੀ ਘਟਨਾ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਬਣਦੀ ਸੀ ਪਰ ਸਰਕਾਰ ਦੇ ਸਹੀ ਢੰਗ ਨਾਲ ਕੰਮ ਨਾ ਕਰਨ ਕਰਕੇ ਕਿਸਾਨਾਂ ਤੇ ਵਪਾਰੀਆਂ ਵਿੱਚ ਝੜਪ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸੂਬਾ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।

Related Post