July 6, 2024 02:28:04
post

Jasbeer Singh

(Chief Editor)

Sports

ਤੀਰਅੰਦਾਜ਼ੀ: ਓਲੰਪਿਕ ਕੁਆਲੀਫਾਇਰ ’ਚ ਦੀਪਿਕਾ ਉਲਟਫੇਰ ਦੀ ਸ਼ਿਕਾਰ

post-img

ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੂੰ ਅੱਜ ਇਥੇ ਆਖਰੀ ਓਲੰਪਿਕ ਕੁਆਲੀਫਾਇਰ ਦੇ ਸ਼ੁਰੂਆਤੀ ਗੇੜ ਵਿਚ ਅਜ਼ਰਬਾਇਜਾਨ ਦੇ ਯਾਯਾਗੁਲ ਰਾਮਜਾਨੋਵਾ ਹੱਥੋਂ ਸ਼ਰਮਨਾਕ ਹਾਰ ਝੱਲਣੀ ਪਈ ਜਦੋਂਕਿ ਅੰਕਿਤਾ ਭਗਤ ਤੇ ਭਜਨ ਕੌਰ ਪ੍ਰੀ-ਕੁਆਰਟਰ ਫਾਈਨਲ ਵਿਚ ਪਹੁੰਚਣ ’ਚ ਸਫ਼ਲ ਰਹੇ। ਅੰਕਿਤਾ ਤੇ ਭਜਨ ਵਿਅਕਤੀਗਤ ਮਹਿਲਾ ਕੋਟਾ ਹਾਸਲ ਕਰਨ ਤੋਂ ਮਹਿਜ਼ ਇਕ ਜਿੱਤ ਦੂਰ ਹਨ। ਵਿਅਕਤੀਗਤ ਕੋਟੇ ਸਿਖਰਲੇ ਅੱਠ ਮੁਲਕਾਂ ਨੂੰ ਦਿੱਤੇ ਜਾਂਦੇ ਹਨ। ਹਰੇਕ ਮੁਲਕ ਨੂੰ ਇਕ ਵਿਅਕਤੀਗਤ ਕੋਟਾ ਮਿਲਦਾ ਹੈ। ਭਾਰਤ ਲਈ ਹੁਣ ਤੱਕ ਇਕੋ-ਇਕ ਕੋਟਾ ਧੀਰਜ ਬੋਮਾਦੇਵਰਾ ਨੇ ਏਸ਼ਿਆਈ ਕੁਆਲੀਫਾਈਂਗ ਗੇੜ ਵਿਚ ਪੁਰਸ਼ਾਂ ਦੇ ਵਿਅਕਤੀਗਤ ਵਰਗ ਵਿਚ ਹਾਸਲ ਕੀਤਾ ਹੈ। ਅੰਕਿਤਾ ਇਜ਼ਰਾਈਲ ਦੀ ਸ਼ੈਲੀ ਹਿਲਟਨ ਨੂੰ 6-4 (24-26, 25-25, 28-20, 25-25, 27-25) ਤੇ ਮਿਕਾਇਲਾ ਮੋਸ਼ੇ ਨੂੰ 7-3 (28-25, 25-27, 27-27, 28-25, 26-25) ਤੋਂ ਹਰਾ ਕੇ ਆਖਰੀ 16 ਦੇ ਗੇੜ ਵਿਚ ਦਾਖਲ ਹੋਈ। ਤੀਜਾ ਦਰਜਾ ਭਜਨ ਨੇ ਮੰਗੋਲੀਆ ਦੀ ਓਰਾਨਟੁੰਗਲਾ ਬਿਸ਼ਿੰਡੀ ਨੂੰ 6-2 (29-27, 28-26, 26-29, 27-24) ਨਾਲ ਹਰਾਇਆ। ਉਸ ਨੂੰ ਰਾਊਂਡ 32 ਦੇ ਤੀਜੇ ਗੇੜ ਵਿਚ ਬਾਇ ਮਿਲੀ ਸੀ। ਦੂਜਾ ਦਰਜਾ ਦੀਪਿਕਾ ਨੂੰ ਅਜ਼ਰਬਾਇਜਾਨ ਦੀ ਤੀਰਅੰਦਾਜ਼ ਨੇ 6-4 (26-28, 25-27, 23-26, 24-25, 27-29) ਨਾਲ ਸ਼ਿਕਸਤ ਦਿੱਤੀ। ਟੀਮ ਦੇ ਇਕ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਉਪਕਰਨ(ਤੀਰ) ਨਾਲ ਜੁੜੀ ਕੋਈ ਖਰਾਬੀ ਨਹੀਂ ਸੀ, ਪਰ ਖਰਾਬ ਰਿਲੀਜ਼ ਕਰਕੇ ਅਜਿਹਾ ਹੋਇਆ। ਇਹ ਦਬਾਅ ਜਾਂ ਕਿਸੇ ਹੋਰ ਵਜ੍ਹਾ ਕਰਕੇ ਹੋ ਸਕਦਾ ਹੈ।’’ ਭਾਰਤੀ ਪੁਰਸ਼ ਤੇ ਮਹਿਲਾ ਟੀਮ ਆਖਰੀ ਓਲੰਪਿਕ ਕੁਆਲੀਫਾਇਰ ’ਚੋਂ ਕੋਟਾ ਹਾਸਲ ਕਰਨ ਵਿਚ ਨਾਕਾਮ ਰਹੀ ਸੀ। ਹਾਲਾਂਕਿ ਦੋਵੇਂ ਟੀਮਾਂ ਜੇ ਆਪਣੀ ਆਲਮੀ ਦਰਜਾਬੰਦੀ ਨੂੰ ਬਰਕਰਾਰ ਰੱਖਦੀਆਂ ਹਨ ਤਾਂ ਉਹ 24 ਜੂਨ ਦੀ ਆਖਰੀ ਤਰੀਕ ਤੱਕ ਪੈਰਿਸ ਓਲੰਪਿਕ ਵਿਚ ਥਾਂ ਪੱਕੀ ਕਰ ਸਕਦੀਆਂ ਹਨ।

Related Post