
ਮੀਥੇਨੌਲ ਦੀ ਦੁਰਵਰਤੋਂ ਨਾਲ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਕੀਤਾ ਜਾਗਰੂਕ
- by Jasbeer Singh
- July 14, 2025

ਮੀਥੇਨੌਲ ਦੀ ਦੁਰਵਰਤੋਂ ਨਾਲ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਕੀਤਾ ਜਾਗਰੂਕ -ਮੀਥੇਨੌਲ ਦੀ ਦੁਰਵਰਤੋਂ ਘਾਤਕ, ਗ਼ੈਰ-ਕਾਨੂੰਨੀ ਸ਼ਰਾਬ ਬਣੀ ਹੈ ਮੌਤ ਦਾ ਕਾਰਨ : ਪਰਮਿੰਦਰ ਕੌਰ -ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਸਾਕੇਤ ਵਿਖੇ ਦਾਖਲ ਵਿਅਕਤੀ ਨੂੰ ਮੀਥੇਨੌਲ ਦੇ ਮਾੜੇ ਪ੍ਰਭਾਵਾਂ ਤੋਂ ਕੀਤਾ ਜਾਗਰੂਕ ਪਟਿਆਲਾ, 14 ਜੁਲਾਈ 2025 : ਪੰਜਾਬ ਰੈੱਡ ਕਰਾਸ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਸਾਕੇਤ ਵਿਖੇ ਦਾਖਲ ਵਿਅਕਤੀਆਂ ਨੂੰ ਮੀਥੇਨੌਲ ਦੀ ਦੁਰਵਰਤੋਂ ਨਾਲ ਸ਼ਰੀਰ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਗਿਆ। ਸਾਕੇਤ ਦੇ ਪ੍ਰੋਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਨੇ ਦੱਸਿਆ ਕਿ ਮੀਥੇਨੌਲ ਦੀ ਦੁਰਵਰਤੋਂ ਘਾਤਕ ਹੈ, ਅਤੇ ਇਸ ਤੋਂ ਬਣਨ ਵਾਲੀ ਗ਼ੈਰ-ਕਾਨੂੰਨੀ ਸ਼ਰਾਬ ਸੇਵਨ ਕਰਨਾ ਮੌਤ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੀਥੇਨੌਲ ਦੀ ਵਰਤੋਂ ਗ਼ੈਰ ਸਮਾਜੀ ਅਨਸਰ ਗ਼ੈਰਕਾਨੂੰਨੀ ਤੇ ਨਾਜਾਇਜ਼ ਸ਼ਰਾਬ ਬਣਾਉਣ ਲਈ ਕਰਕੇ ਅਜਿਹੀ ਸ਼ਰਾਬ ਮੁਨਾਫ਼ਾ ਕਮਾਉਣ ਲਈ ਅੱਗੇ ਵੇਚ ਸਕਦੇ ਹਨ, ਜਿਸ ਨਾਲ ਅਜਿਹੀ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਦੀ ਜਾਨ ਵੀ ਜਾ ਸਕਦੀ ਹੈ। ਪਰਮਿੰਦਰ ਕੌਰ ਮਨਚੰਦਾ ਨੇ ਹਾਜ਼ਰੀਨ ਨੂੰ ਸੁਚੇਤ ਕਰਦਿਆਂ ਕਿਹਾ ਕਿ ਮੀਥੇਨੌਲ ਜ਼ਹਿਰ ਦੇ ਖ਼ਤਰਿਆਂ ਬਾਰੇ ਜਾਗਰੂਕ ਹੋਣਾ ਜਰੂਰੀ ਹੈ, ਕਿਉਂਕਿ ਇਸ ਤੋਂ ਗੈਰ-ਕਾਨੂੰਨੀ ਸ਼ਰਾਬ ਬਣਨ ਦੇ ਮਾਮਲੇ ਸਾਹਮਣੇ ਆਏ ਹਨ, ਪਰੰਤੂ ਅਜਿਹੀ ਸ਼ਰਾਬ ਦਾ ਸੇਵਨ ਕਰਨਾ ਇੱਕ ਮਹੱਤਵਪੂਰਨ ਚਿੰਤਾ ਦਾ ਵਿਸ਼ਾ ਹੈ। ਕਿਉਂ ਕਿ ਗ਼ੈਰ-ਕਾਨੂੰਨੀ ਬਣਾਈ ਗਈ ਸ਼ਰਾਬ ਵਿੱਚ ਮੀਥੇਨੌਲ ਦੀ ਮੌਜੂਦਗੀ ਨਾਲ ਗੰਭੀਰ ਸਿਹਤ ਨਤੀਜੇ ਹੋ ਸਕਦੇ ਹਨ, ਜਿਸ ਵਿੱਚ ਅੰਨ੍ਹਾਪਣ ਅਤੇ ਮੌਤ ਵੀ ਹੋ ਸਕਦੀ ਹੈ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਜੇਕਰ ਅਜਿਹੀ ਮੀਥੇਨੌਲ ਵਾਲੀ ਗ਼ੈਰਕਾਨੂੰਨੀ ਸ਼ਰਾਬ ਕੋਈ ਵੀ ਸੇਵਨ ਕਰ ਲਵੇ ਤਾਂ ਉਸ ਨੂੰ ਮੀਥੇਨੌਲ ਜ਼ਹਿਰ ਕਰਕੇ ਚੱਕਰ ਆਉਣਗੇ, ਉਲਟੀਆਂ ਲੱਗਣਗੀਆਂ, ਸਿਰ ਦਰਦ, ਮਤਲੀ, ਧੁੰਦਲੀ ਜਾਂ ਦੋਹਰੀ ਨਜ਼ਰ ਅਤੇ ਪੇਟ ਦਰਦ ਵਰਗੇ ਲੱਛਣ ਪੈਦਾ ਹੋਣਗੇ ਅਤੇ ਅਜਿਹੇ ਵਿਅਕਤੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਲੋੜ ਹੁੰਦੀ ਹੈ। ਕਿਉਂਕਿ ਅਜਿਹੇ ਵਿਅਕਤੀਆਂ ਨੂੰ ਗੰਭੀਰ ਐਸਿਡੋਸਿਸ, ਆਪਟਿਕ ਨਰਵ ਨੂੰ ਨੁਕਸਾਨ, ਗੁਰਦੇ ਨੂੰ ਨੁਕਸਾਨ, ਅਤੇ ਕੇਂਦਰੀ ਨਸ ਪ੍ਰਣਾਲੀ ਦਾ ਕੰਮ ਬੰਦ ਕਰਨਾ, ਦਿਮਾਗੀ ਸੋਜ, ਖੂਨ ਵਹਿਣਾ, ਅਤੇ ਮੌਤ ਵਰਗੇ ਨੁਕਸਾਨ ਹੋ ਸਕਦੇ ਹਨ।