July 6, 2024 02:29:25
post

Jasbeer Singh

(Chief Editor)

Entertainment

Indo-Pak Partition : ਭਾਰਤ-ਪਾਕਿ ਵੰਡ ਦੀ ਮਾਰਮਿਕ ਪੇਸ਼ਕਾਰੀ ਗਰਮ ਹਵਾ

post-img

ਵੰਡ ਦੇ ਦੁਖਾਂਤ ਦੀ ਮਾਰਮਿਕ ਪੇਸ਼ਕਾਰੀ ਕਰਦੀ ਫਿਲਮ ‘ਗਰਮ ਹਵਾ’ ਨੂੰ ਬਣਿਆ 50 ਸਾਲ ਹੋ ਗਏ ਹਨ ਅਤੇ ਇਹ ਫਿਲਮ ਅੱਜ ਵੀ ਓਨੀ ਹੀ ਪ੍ਰਸੰਗਿਕ ਹੈ, ਜਿੰਨੀ ਕੁ ਉਨ੍ਹਾਂ ਵੇਲਿਆਂ ਵਿਚ ਸੀ। ਇਸ ਕਾਰਨ ਹੀ ਇਸ ਨੂੰ ਹਿੰਦੀ ਸਿਨੇਮਾ ਦੀ ਕਲਾਸਿਕ ਫਿਲਮ ਦਾ ਦਰਜਾ ਹਾਸਲ ਹੈ। ਫਿਲਮ ਉਸ ਸਮੇਂ ਦੇ ਹਾਲਾਤ ਨੂੰ ਦਿਖਾਉਂਦੀ ਹੈ ਜਦੋਂ ਪਾਕਿਸਤਾਨ ਹੋਂਦ ਵਿਚ ਆ ਚੁੱਕਾ ਸੀ ਅਤੇ ਮਾਹੌਲ ਵਿਚ ਤਲਖ਼ੀ ਸੀ ਪਰ ਅਜੇ ਵੀ ਕਈ ਮੁਸਲਮਾਨ ਭਾਰਤ ਵਿਚ ਹੀ ਰਹਿ ਰਹੇ ਸਨ। ਜ਼ਿਆਦਾਤਰ ਮੁਸਲਮਾਨ ਹਿਜਰਤ ਕਰ ਕੇ ਨਵੇਂ ਬਣੇ ਮੁਲਕ ਪਾਕਿਸਤਾਨ ਵਿਚ ਜਾ ਚੁੱਕੇ ਸਨ।ਫਿਲਮ ਦਾ ਮੁੱਖ ਕਿਰਦਾਰ ਸਲੀਮ ਮਿਰਜ਼ਾ (ਬਲਰਾਜ ਸਾਹਨੀ) ਆਪਣੇ ਪਰਿਵਾਰ ਨਾਲ ਆਗਰਾ ਸ਼ਹਿਰ ਵਿਚ ਰਹਿ ਰਿਹਾ ਹੈ। ਉਸ ਦਾ ਭਰਾ ਹਲੀਮ (ਦੀਨਾ ਨਾਥ ਜੁਤਸ਼ੀ) ਵੀ ਉਸ ਨਾਲ ਹੀ ਰਹਿੰਦਾ ਹੈ, ਜੋ ਕਿ ਸਿਆਸਤ ਵਿਚ ਰੁਚੀ ਰੱਖਦਾ ਹੈ। ਅਸਲ ਵਿਚ ਉਹ ਹਵੇਲੀ ਉਸ ਦੇ ਪਿਤਾ ਨੇ ਸਲੀਮ ਮਿਰਜ਼ਾ ਦੇ ਵੱਡੇ ਭਰਾ ਦੇ ਨਾਂ ਕੀਤੀ ਹੈ ਅਤੇ ਸਲੀਮ ਦੇ ਨਾਂ ਜੁੱਤੀਆਂ ਬਣਾਉਣ ਵਾਲਾ ਕਾਰਖ਼ਾਨਾ ਹੈ। ਸਲੀਮ ਦੇ ਦੋ ਬੇਟੇ ਹਨ, ਵੱਡਾ ਬਕਰ (ਅਬੂ ਸਿਵਾਨੀ), ਜੋ ਕਾਰਖ਼ਾਨੇ ਵਿਚ ਉਸ ਦੀ ਮਦਦ ਕਰਦਾ ਹੈ। ਛੋਟਾ ਸਿਕੰਦਰ (ਫਾਰੂਕ ਸ਼ੇਖ਼) ਹੈ, ਜੋ ਕਿ ਨੌਜਵਾਨ ਵਿਦਿਆਰਥੀ ਹੈ। ਹਲੀਮ ਦੇ ਮੁੰਡੇ ਕਾਜ਼ਿਮ ਦੀ ਮੰਗਣੀ ਸਲੀਮ ਦੀ ਕੁੜੀ ਅਮੀਨਾ (ਗੀਤਾ ਸਿਧਾਰਥ) ਨਾਲ ਹੋਈ ਹੈ। ਭਾਵੇਂ ਹਲੀਮ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਭਾਰਤ ਹੀ ਰਹੇਗਾ ਪਰ ਬਦਲਦੇ ਮਾਹੌਲ ਕਾਰਨ ਉਹ ਆਪਣੀ ਪਤਨੀ ਤੇ ਬੇਟੇ ਨਾਲ ਚੁੱਪਚਾਪ ਪਾਕਿਸਤਾਨ ਚਲਾ ਜਾਂਦਾ ਹੈ। ਸਲੀਮ ਦੀ ਬੁੱਢੀ ਮਾਂ ਵੀ ਉਸੇ ਹਵੇਲੀ ਵਿਚ ਰਹਿੰਦੀ ਹੈ। ਅਜਿਹੇ ਨਾਜ਼ੁਕ ਦੌਰ ਵਿਚ ਕਾਰੋਬਾਰ ਚਲਾਉਣ ਲਈ ਬੈਂਕ ਅਤੇ ਵਿਆਜੂ ਪੈਸਾ ਦੇਣ ਵਾਲੇ ਮੁਸਲਮਾਨਾਂ ਨੂੰ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੰਦੇ ਹਨ। ਅਜਿਹੀ ਜ਼ਿਲਤ ਸਲੀਮ ਮਿਰਜ਼ਾ ਨੂੰ ਵੀ ਝੱਲਣੀ ਪੈਂਦੀ ਹੈ, ਭਾਵੇਂ ਮਿਰਜ਼ਾ ਦੀ ਦਿਆਨਤਦਾਰੀ ’ਤੇ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ। ਮਿਰਜ਼ਾ ਦਾ ਜੀਜਾ, ਜੋ ਪਹਿਲਾਂ ਮੁਸਲਿਮ ਲੀਗ ਵਿਚ ਨੇਤਾ ਹੁੰਦਾ ਹੈ, ਉਹ ਸੱਤਾਧਾਰੀ ਧਿਰ ਨਾਲ ਰਲ਼ ਜਾਂਦਾ ਹੈ। ਉਸ ਦਾ ਬੇਟਾ ਸ਼ਮਸ਼ਾਦ (ਜਲਾਲ ਆਗਾ) ਵੀ ਅਮੀਨਾ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ। ਹਵੇਲੀ ਕਿਉਂਕਿ ਹਲੀਮ ਦੇ ਨਾਂ ਹੈ, ਇਸ ਲਈ ਸਰਕਾਰ ਉਸ ਹਵੇਲੀ ਨੂੰ ਆਪਣੇ ਕਬਜ਼ੇ ਵਿਚ ਲੈ ਲੈਂਦੀ ਹੈ। ਸਲੀਮ ਨੂੰ ਪਰਿਵਾਰ ਸਮੇਤ ਬਾਹਰ ਜਾਣ ਦਾ ਹੁਕਮ ਮਿਲਦਾ ਹੈ। ਮੁਸਲਿਮ ਹੋਣ ਕਾਰਨ ਉਨ੍ਹਾਂ ਨੂੰ ਕੋਈ ਕਿਰਾਏ ਦਾ ਮਕਾਨ ਵੀ ਨਹੀਂ ਮਿਲਦਾ। ਬੜੀ ਔਖ ਨਾਲ ਛੋਟਾ ਘਰ ਲੈ ਕੇ ਸਲੀਮ ਰਹਿਣ ਲੱਗਦਾ ਹੈ ਪਰ ਉਸ ਦੀਆਂ ਪਰੇਸ਼ਾਨੀਆਂ ਵਧਦੀਆਂ ਜਾਂਦੀਆਂ ਹਨ। ਉਨ੍ਹਾਂ ਦੀ ਹਵੇਲੀ ਮਿਰਜ਼ਾ ਦਾ ਵਪਾਰਕ ਸਾਥੀ ਅਜਮਾਨੀ ਸਾਹਿਬ (ਏਕੇ ਹੰਗਲ) ਖ਼ਰੀਦ ਲੈਂਦਾ ਹੈ। ਅਜਿਹੇ ਸਮੇਂ ਕਾਜ਼ਿਮ ਭਾਰਤ ਆਉਂਦਾ ਹੈ ਅਤੇ ਨਿਕਾਹ ਦੀਆਂ ਤਿਆਰੀਆਂ ਆਰੰਭ ਹੁੰਦੀਆਂ ਹਨ ਪਰ ਬਿਨਾਂ ਪਾਸਪੋਰਟ ਤੇ ਰਿਪੋਰਟ ਨਾ ਕਰਨ ਕਾਰਨ ਕਾਜ਼ਿਮ ਨੂੰ ਗਿ੍ਰਫ਼ਤਾਰ ਕਰ ਲਿਆ ਜਾਂਦਾ ਹੈ ਤੇ ਵਾਪਸ ਪਾਕਿਸਤਾਨ ਭੇਜ ਦਿੱਤਾ ਜਾਂਦਾ ਹੈ। ਅਮੀਨਾ ਹਾਰ ਕੇ ਸ਼ਮਸ਼ਾਦ ਨਾਲ ਨਿਕਾਹ ਕਰਾਉਣ ਲਈ ਰਾਜ਼ੀ ਹੋ ਜਾਂਦੀ ਹੈ। ਮਿਰਜ਼ਾ ਦੇ ਬੇਟੇ ਸਿਕੰਦਰ ਨੂੰ ਹਰ ਨੌਕਰੀ ਦੀ ਇੰਟਰਵਿਊ ਵਿਚ ਇਹੀ ਕਿਹਾ ਜਾਂਦਾ ਹੈ ਕਿ ਜੇਕਰ ਉਹ ਪਾਕਿਸਤਾਨ ਚਲਾ ਜਾਵੇ ਤਾਂ ਉਸ ਦਾ ਭਵਿੱਖ ਬਿਹਤਰ ਹੋਵੇਗਾ। ਬਦਲਦੇ ਹਾਲਾਤ ਵਿਚ ਸਲੀਮ ਦਾ ਜੀਜਾ ਵੀ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਚਲਾ ਜਾਂਦਾ ਹੈ। ਇਕ ਵਾਰ ਫਿਰ ਅਮੀਨਾ ਇਕੱਲੀ ਰਹਿ ਜਾਂਦੀ ਹੈ ਪਰ ਉਸ ਨੂੰ ਸ਼ਮਸ਼ਾਦ ’ਤੇ ਯਕੀਨ ਹੈ ਕਿ ਉਹ ਆਏਗਾ। ਅਜਿਹੀ ‘ਗਰਮ ਹਵਾ’ ਵਿਚ ਹੀ ਸਲੀਮ ਦਾ ਕਾਰਖ਼ਾਨਾ ਫੂਕ ਦਿੱਤਾ ਜਾਂਦਾ ਹੈ। ਸ਼ਹਿਰ ਵਿਚ ਖ਼ੌਫ਼ਨਾਕ ਮਾਹੌਲ ਹੈ। ਹਰ ਕੋਈ ਸ਼ੱਕ ਦੇ ਘੇਰੇ ਵਿਚ ਹੈ। ਕਿਸੇ ਦੀ ਚੁਗਲੀ ਕਾਰਨ ਸਲੀਮ ਨੂੰ ਜਾਸੂਸੀ ਦੇ ਦੋਸ਼ ਹੇਠ ਗਿ੍ਰਫ਼ਤਾਰ ਕਰ ਲਿਆ ਜਾਂਦਾ ਹੈ ਪਰ ਅਦਾਲਤ ਉਸਨੂੰ ਛੱਡ ਦਿੰਦੀ ਹੈ। ਸਲੀਮ ਦੀ ਮਾਂ ਨੂੰ ਆਪਣੀ ਹਵੇਲੀ ਦਾ ਝੋਰਾ ਹੈ ਅਤੇ ਉਹ ਬਿਮਾਰ ਹੋ ਜਾਂਦੀ ਹੈ। ਸਲੀਮ ਅਜਮਾਨੀ ਸਾਹਿਬ ਨੂੰ ਕਹਿ ਕੇ ਆਪਣੀ ਮਾਂ ਨੂੰ ਹਵੇਲੀ ਵਿਚ ਲਿਆਉਂਦਾ ਹੈ, ਜਿੱਥੇ ਆ ਕੇ ਉਹ ਦਮ ਤੋੜ ਦਿੰਦੀ ਹੈ। ਸ਼ਮਸ਼ਾਦ ਦੀ ਮਾਂ ਪਾਕਿਸਤਾਨ ਤੋਂ ਆਉਂਦੀ ਹੈ ਅਤੇ ਕੁਝ ਕੱਪੜੇ ਖ਼ਰੀਦ ਦੀ ਹੈ, ਸਭ ਨੂੰ ਲੱਗਦਾ ਹੈ ਕਿ ਇਹ ਖ਼ਰੀਦੋ ਫ਼ਰੋਖ਼ਤ ਸ਼ਮਸ਼ਾਦ ਤੇ ਅਮੀਨਾ ਦੇ ਨਿਕਾਹ ਲਈ ਕੀਤੀ ਜਾ ਰਹੀ ਹੈ ਪਰ ਪਤਾ ਲੱਗਦਾ ਹੈ ਕਿ ਉਸ ਦਾ ਨਿਕਾਹ ਪਾਕਿਸਤਾਨ ਵਿਚ ਹੀ ਕਿਸੇ ਚੰਗੇ ਖ਼ਾਨਦਾਨ ਵਿਚ ਹੋ ਰਿਹਾ ਹੈ। ਅਮੀਨਾ ਦੁੱਖ ਵਿਚ ਖ਼ੁਦਕੁਸ਼ੀ ਕਰ ਲੈਂਦੀ ਹੈ। ਆਪਣੇ ਬੇਟੇ ਦੇ ਚਲੇ ਜਾਣ ਕਾਰਨ, ਕਾਰਖ਼ਾਨਾ ਤਬਾਹ ਹੋਣ ਕਾਰਨ ਸਲੀਮ ਨੂੰ ਸਧਾਰਨ ਮੋਚੀ ਦੀ ਤਰ੍ਹਾਂ ਕੰਮ ਕਰਨਾ ਪੈਂਦਾ ਹੈ।ਹਰ ਕੋਈ ਸਲੀਮ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਦਾ ਹੈ ਅਤੇ ਲੋਕੀਂ ਉਸ ਨੂੰ ਜਾਸੂਸ ਕਹਿੰਦੇ ਹਨ। ਇਸ ਸਭ ਤੋਂ ਦੁਖੀ ਸਲੀਮ ਮਿਰਜ਼ਾ ਵੀ ਪਰਿਵਾਰ ਸਮੇਤ ਪਾਕਿਸਤਾਨ ਜਾਣ ਦਾ ਫ਼ੈਸਲਾ ਕਰ ਲੈਂਦਾ ਹੈ ਪਰ ਸਿਕੰਦਰ ਇਸ ਵਿਚਾਰ ਦਾ ਵਿਰੋਧੀ ਹੈ। ਪਾਕਿਸਤਾਨ ਜਾਣ ਲਈ ਤਾਂਗੇ ਵਿਚ ਬੈਠ ਕੇ ਜਦੋਂ ਉਹ ਘਰ ਤੋਂ ਨਿਕਲਦੇ ਹਨ ਤਾਂ ਜਲੂਸ ਦੀ ਸ਼ਕਲ ਵਿਚ ਕੁਝ ਮੁਜ਼ਾਹਰਾਕਾਰੀ ਬੇਰੁਜ਼ਗਾਰੀ ਤੇ ਭੇਦਭਾਵ ਖ਼ਿਲਾਫ਼ ਮੁਜ਼ਾਹਰਾ ਕਰਦੇ ਹਨ। ਸਲੀਮ ਆਪਣੇ ਬੇਟੇ ਸਿਕੰਦਰ ਨੂੰ ਉਸ ਮੁਜ਼ਾਹਰੇ ਵਿਚ ਜਾਣ ਦੀ ਆਗਿਆ ਦੇ ਦਿੰਦਾ ਹੈ। ਸਲੀਮ ਟਾਂਗੇ ਵਾਲੇ ਨੂੰ ਮੁੜ ਘਰ ਜਾਣ ਲਈ ਕਹਿੰਦਾ ਹੈ ਅਤੇ ਆਪ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਮਾਰ ਰਹੀ ਭੀੜ ਦਾ ਹਿੱਸਾ ਬਣ ਜਾਂਦਾ ਹੈ।

Related Post