post

Jasbeer Singh

(Chief Editor)

Entertainment / Information

ਨਾਟਕ ਵਾਲਾ ਗਰੁੱਪ ਦੀ ਪੇਸ਼ਕਾਰੀ ‘ਆਧੇ-ਅਧੂਰੇ’ ਨਾਲ ਨੇਪਰੇ ਚੜ੍ਹਿਆ ਨਾਟ ਉਤਸਵ

post-img

23ਵਾਂ ਗਰਮ ਰੁੱਤ ਨਾਟ ਉਤਸਵ ਸਮਾਪਤ ਨਾਟਕ ਵਾਲਾ ਗਰੁੱਪ ਦੀ ਪੇਸ਼ਕਾਰੀ ‘ਆਧੇ-ਅਧੂਰੇ’ ਨਾਲ ਨੇਪਰੇ ਚੜ੍ਹਿਆ ਨਾਟ ਉਤਸਵ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫਰ ਮੁੱਖ ਮਹਿਮਾਨ ਵਜੋਂ ਪਹੁੰਚੇ ਪਟਿਆਲਾ 30 ਜੂਨ : ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਤੇ ਪੰਜਾਬ ਆਰਟਸ ਕੌਂਸਲ ਦੇ ਸਹਿਯੋਗ ਨਾਲ ਰੰਗਮੰਚ ਦੇ ਖੇਤਰ ’ਚ ਸਥਾਪਤ ਸੰਸਥਾ ‘ਨਾਟਕ ਵਾਲਾ’ ਵੱਲੋਂ ਸ੍ਰੀ ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਨੂੰ ਸਮਰਪਿਤ ਤਿੰਨ ਰੋਜਾ 23ਵੇਂ ਗਰਮ ਰੁੱਤ ਨਾਟ ਉਤਸਵ ਨੇਪਰੇ ਚੜ੍ਹ ਗਿਆ ਹੈ। ਆਖਰੀ ਦਿਨ ਮੋਹਨ ਰਾਕੇਸ਼ ਦਾ ਲਿਖਿਆ ਤੇ ਰਾਜੇਸ਼ ਸ਼ਰਮਾ ਦੁਆਰਾ ਨਿਰਦੇਸ਼ਤ ਹਿੰਦੀ ਨਾਟਕ ‘ਆਧੇ-ਅਧੂਰੇ’ ਕਾਲੀਦਾਸ ਆਡੀਟੋਰੀਅਮ ਵਿਖੇ ਖੇਡਿਆ ਗਿਆ। ਆਖਰੀ ਦਿਨ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਸ. ਜਸਵੰਤ ਸਿੰਘ ਜ਼ਫ਼ਰ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਉੱਘੇ ਚਿੰਤਕ ਡਾ. ਸਵਰਾਜ ਸਿੰਘ, ਉੱਘੇ ਰੰਗਕਰਮੀ ਪਦਮਸ੍ਰੀ ਪ੍ਰਾਣ ਸੱਭਰਵਾਲ, ਮੋਹਨ ਕੰਬੋਜ, ਵਰਿੰਦਰ ਘੁੰਮਣ, ਪਰਮਿੰਦਰਪਾਲ ਕੌਰ, ਮਾਨਵਤਾ ਘੁੰਮਣ, ਗੁਰਨੰਦਨ ਘੁੰਮਣ ਤੇ ਗੁਲਜ਼ਾਰ ਪਟਿਆਲਵੀ ਸਮੇਤ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਹਾਜ਼ਰ ਸਨ। ਕਵਿਤਾ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮੰਚ ਸੰਚਾਲਕ ਦੀ ਜਿੰਮੇਵਾਰੀ ਸੁਰਿੰਦਰ ਬਾਠ ਨੇ ਨਿਭਾਈ । ਮੁੱਖ ਮਹਿਮਾਨ ਸ. ਜਸਵੰਤ ਸਿੰਘ ਜ਼ਫ਼ਰ ਨੇ ਨਾਟਕ ਵਾਲਾ ਗਰੁੱਪ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਾਟਕ ਇੱਕ ਸਦੀਵੀ ਛਾਪ ਛੱਡਣ ਵਾਲੀ ਅਤੇ ਸਖਤ ਮਿਹਨਤ ਵਾਲੀ ਕਲਾ ਹੈ। ਇਸੇ ਕਰਕੇ ਹੀ ਇੱਕ ਚੰਗੀ ਪੇਸ਼ਕਾਰੀ ਦਰਸ਼ਕਾਂ ਨੂੰ ਮੁੱਦਤਾਂ ਤੱਕ ਯਾਦ ਰਹਿੰਦੀ ਹੈ ਅਤੇ ਮਾਰਗਦਰਸ਼ਕ ਵੀ ਬਣਦੀ ਹੈ। ਉਨ੍ਹਾਂ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਵਧੀਆ ਨਾਟਕ ਜ਼ਿੰਦਗੀ ਨੂੰ ਨੇੜਿਓ ਦੇਖਣ ਦਾ ਮੌਕਾ ਹੁੰਦਾ ਹੈ। ਇਸ ਨਾਟਕ ਨੇ ਦੱਸਿਆ ਕਿ ਅਸੀਂ ਆਪਣੇ ਦੁੱਖਾਂ ਦਾ ਹੱਲ ਦੂਸਰਿਆਂ ’ਚੋਂ ਲੱਭਦੇ ਰਹਿੰਦੇ ਹਾਂ ਜਦੋਂ ਕਿ ਇਹ ਸਾਡੇ ਅੰਦਰ ਹੀ ਹੁੰਦਾ ਹੈ ਭਾਵ ਸਾਨੂੰ ਆਪਣਾ ਆਪ ਪਹਿਚਾਨਣਾ ਚਾਹੀਦਾ ਹ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਹਰ ਸੰਭਵ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਨਾਟਕ ਦੇ ਲੇਖਕ ਮੋਹਨ ਰਾਕੇਸ਼ ਨੂੰ ਉਨ੍ਹਾਂ ਦੀ 100ਵੀਂ ਜੈਯੰਤੀ ’ਤੇ ਸ. ਜ਼ਫਰ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਨਾਟਕ ‘ਆਧੇ-ਅਧੂਰੇ’ ਦੀ ਕਹਾਣੀ ਇੱਕ ਪਰਿਵਾਰ ਦੇ ਦੁਆਲੇ ਘੁੰਮਦੀ ਹੈ। ਜਿਸ ਦੇ ਜੀਆਂ ਨੂੰ ਘਰ ਦੇ ਦੂਸਰੇ ਜੀਆਂ ’ਚ ਕਮੀਆਂ ਨਜ਼ਰ ਆਉਂਦੀਆਂ ਹਨ ਪਰ ਉਹਨ੍ਹਾਂ ਨੂੰ ਆਪਣੀਆਂ ਕਮੀਆਂ ਨਜ਼ਰ ਨਹੀਂ ਆਉਂਦੀਆਂ। ਜਿਸ ਕਾਰਨ ਪਰਿਵਾਰ ਟੁੱਟਣ ਤੱਕ ਦੀ ਨੌਬਤ ਆ ਜਾਂਦੀ ਹੈ। ਇਹ ਨਾਟਕ ਇਹ ਸੁਨੇਹਾ ਦਿੰਦਾ ਹੈ ਕਿ ਸਾਨੂੰ ਆਪਣਾ ਆਪ ਪਹਿਚਾਨਣਾ ਚਾਹੀਦਾ ਹੈ ਭਾਵ ਸਾਨੂੰ ਦੇਖਣਾ ਚਾਹੀਦਾ ਹੈ ਕਿ ਅਸੀਂ ਕਿੰਨੇ ਕੁ ਪੁੂਰੇ ਹਾਂ ਜਾਂ ਅਧੂਰੇ ਹਾਂ। ਜੇਕਰ ਇਹ ਗੱਲ ਸਮਝ ’ਚ ਆ ਜਾਵੇ ਤਾਂ ਬਹੁਤ ਸਾਰੇ ਸਮਾਜਿਕ ਮਸਲੇ ਸਹਿਜੇ ਹੀ ਹੱਲ ਹੋ ਸਕਦੇ ਹਨ। ਨਾਟਕ ਦੇ ਨਿਰਦੇਸ਼ਕ ਤੇ ਅਦਾਕਾਰ ਰਾਜੇਸ਼ ਸ਼ਰਮਾ ਨੇ ਇਸ ਨਾਟਕ ’ਚ ਵੱਖ-ਵੱਖ ਪੰਜ ਭੂਮਿਕਾਵਾਂ ਮਹਿੰਦਰ, ਜਗਮੋਹਨ, ਸਿੰਘਾਨੀਆ, ਜੁਨੇਜਾ ਤੇ ਕਾਲੇ ਸੂਟ ਵਾਲੇ ਵਿਅਕਤੀ ਦੇ ਰੂਪ ’ਚ ਬਾਖੂਬੀ ਨਿਭਾਈਆਂ। ਕਵਿਤਾ ਸ਼ਰਮਾ ਨੇ ਸਵਿੱਤਰੀ ਦੀ, ਪ੍ਰਭਾਸ ਪੰਡਿਤ ਨੇ ਪੁੱਤਰ ਦੀ, ਚਿਤਵਾਨ ਮਾਨ ਨੇ ਵੱਡੀ ਧੀਅ ਦੀ, ਹਰਪ੍ਰੀਤ ਨੇ ਛੋਟੀ ਬੇਟੀ ਦੀ ਭੂਮਿਕਾ ਨਿਭਾਈ। ਸਨੀ, ਕੈਲਾਸ਼ ਤੇ ਨਰਿੰਦਰ ਸਿੰਘ ਨੇ ਸੈੱਟ ਤਿਆਰ ਕੀਤਾ ਅਤੇ ਹਰਸ਼ ਸੇਠੀ ਨੇ ਰੋਸ਼ਨੀ ਦਾ ਸੰਚਾਲਨ ਕੀਤਾ।ਇਹ ਜਾਣਕਾਰੀ ਲਵਪ੍ਰੀਤ ਕਸਿਆਣਾ ਨੇ ਦਿੱਤੀ।

Related Post

Instagram