
ਚੌਧਰੀ ਚਰਨ ਸਿੰਘ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੇ ਸਨ ਅਤੇ ਉਹ ਉਨ੍ਹਾਂ ਦੇ ਸੱਭ ਤੋਂ ਵੱਡੇ ਸਮਰਥਕ ਸਨ : ਨਰੇਸ਼ ਟਿਕੈਤ
- by Jasbeer Singh
- December 24, 2024

ਚੌਧਰੀ ਚਰਨ ਸਿੰਘ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੇ ਸਨ ਅਤੇ ਉਹ ਉਨ੍ਹਾਂ ਦੇ ਸੱਭ ਤੋਂ ਵੱਡੇ ਸਮਰਥਕ ਸਨ : ਨਰੇਸ਼ ਟਿਕੈਤ ਹਰਿਆਣਾ : ਭਾਰਤੀ ਕਿਸਾਨ ਯੂਨੀਅਨ (ਬੀ. ਕੇ. ਯੂ.) ਟਿਕੈਤ ਧੜੇ ਦੇ ਕੌਮੀ ਪ੍ਰਧਾਨ ਨਰੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਨੂੰ ਦੇਸ਼ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਵਾਂਗ ਸੰਸਦ ਕੰਪਲੈਕਸ ’ਚ ਧਰਨਾ ਦੇਣ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ । ਨਰੇਸ਼ ਟਿਕੈਤ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਜਨਮ ਦਿਨ ਦੇ ਮੌਕੇ ’ਤੇ ਇੰਦਰਾ ਚੌਕ, ਗਜਰੌਲਾ ਵਿਖੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ, ਜਿਸ ਨੂੰ ਬੀ. ਕੇ. ਯੂ. ਵਲੋਂ ਹਵਨ-ਯੱਗ ਕਰ ਕੇ ‘ਕਿਸਾਨ ਸ਼ਕਤੀ ਦਿਵਸ’ ਵਜੋਂ ਮਨਾਇਆ ਗਿਆ ਸੀ। ਟਿਕੈਤ ਨੇ ਕਿਹਾ ਕਿ ਚੌਧਰੀ ਚਰਨ ਸਿੰਘ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੇ ਸਨ ਅਤੇ ਉਹ ਉਨ੍ਹਾਂ ਦੇ ਸੱਭ ਤੋਂ ਵੱਡੇ ਸਮਰਥਕ ਸਨ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਸਿਆਸੀ ਪਾਰਟੀਆਂ ਵਲੋਂ ਬੇਲੋੜੇ ਵਿਰੋਧ ਪ੍ਰਦਰਸ਼ਨਾਂ ਅਤੇ ਰੁਕਾਵਟਾਂ ਕਾਰਨ ਕਿਸਾਨਾਂ ਦੇ ਮੁੱਦੇ ਛਾਏ ਰਹੇ । ਟਿਕੈਤ ਨੇ ਦੋਸ਼ ਲਗਾਇਆ ਕਿ ਸਰਦ ਰੁੱਤ ਸੈਸ਼ਨ ’ਚ ਕੋਈ ਵੀ ਸਿਆਸੀ ਪਾਰਟੀ ਪੇਂਡੂ ਭਾਰਤ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਨਹੀਂ ਵਿਖਾਈ ਦਿਤੀ । ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਪਣੀਆਂ ਮੰਗਾਂ ਨੂੰ ਲੈ ਕੇ ਸੰਸਦ ਭਵਨ ’ਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ। ਟਿਕੈਤ ਨੇ ਕਿਹਾ ਕਿ ਪਿੰਡਾਂ ਅਤੇ ਕਿਸਾਨਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੇ ਸਾਰੇ ਸੰਸਦ ਮੈਂਬਰ ਅਤੇ ਵਿਧਾਇਕ ਅਪਣੀਆਂ ਪਾਰਟੀਆਂ ਦੇ ਆਗੂ ਹਨ, ਪਰ ਉਹ ਚੌਧਰੀ ਚਰਨ ਸਿੰਘ ਵਰਗੇ ਪਿੰਡਾਂ ਅਤੇ ਕਿਸਾਨਾਂ ਦੇ ਆਗੂ ਨਹੀਂ ਹਨ ।