post

Jasbeer Singh

(Chief Editor)

Punjab

ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਕਣਕ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਕਿਸਾਨਾਂ ਨੂੰ ਖੇਤਾਂ ਦੇ ਲਗਾਤ

post-img

ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਕਣਕ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਕਿਸਾਨਾਂ ਨੂੰ ਖੇਤਾਂ ਦੇ ਲਗਾਤਾਰ ਨਿਰੀਖਣ ਕਰਦੇ ਰਹਿਣ ਦੀ ਸਲਾਹ ਸੰਗਰੂਰ, 28 ਨਵੰਬਰ : ਜ਼ਿਲ੍ਹਾ ਸੰਗਰੂਰ ਵਿੱਚ ਹੁਣ ਤੱਕ ਕਣਕ ਦੀ ਬਿਜਾਈ ਤਕਰੀਬਨ 95% ਹੋ ਚੁੱਕੀ ਹੈ । ਇਸ ਸਾਲ (2024—25) ਸਾਉਣੀ ਸੀਜ਼ਨ ਥੋੜਾ ਜਿ਼ਆਦਾ ਲੰਮਾ ਜਾਣ ਕਾਰਨ, ਝੋਨੇ ਦੀ ਕਟਾਈ ਦੇ ਲੇਟ ਹੋਣ ਕਾਰਨ ਅਤੇ ਨਾਲ ਹੀ ਕਣਕ ਦੀ ਬਿਜਾਈ ਦੇ ਸ਼ੁਰੂ ਹੋਣ ਕਾਰਨ ਅਤੇ ਦਿਨ ਦਾ ਤਾਪਮਾਨ ਜਿ਼ਆਦਾ ਹੋਣ ਕਾਰਨ ਕੁਝ ਕਿਸਾਨਾਂ ਦੇ ਖੇਤਾਂ ਵਿੱਚ ਕਣਕ ਦੀ ਫਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ । ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਵੱਲੋਂ ਕਣਕ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਕਿਸਾਨਾਂ ਨੂੰ ਖੇਤਾਂ ਦੇ ਲਗਾਤਾਰ ਨਿਰੀਖਣ ਕਰਦੇ ਰਹਿਣ ਦੀ ਸਲਾਹ ਦਿੱਤੀ ਗਈ ਹੈ । ਉਨ੍ਹਾਂ ਵੱਲੋਂ ਵਿਭਾਗ ਦੇ ਸਮੁੱਚੇ ਸਟਾਫ ਨੂੰ ਕਿਸਾਨਾਂ ਦੇ ਖੇਤਾਂ ਵਿੱਚ ਕਣਕ ਦੀ ਫਸਲ ਨੂੰ ਦੇਖਣ ਦੀ ਹਦਾਇਤ ਕੀਤੀ ਗਈ, ਜਿਸ ਦੇ ਚੱਲਦੇ ਬਲਾਕ ਸੰਗਰੂਰ ਦੇ ਖੇਤੀਬਾੜੀ ਵਿਕਾਸ ਅਫਸਰ ਡਾ. ਪਰਮਿੰਦਰ ਸਿੰਘ ਵੱਲੋਂ ਬਲਾਕ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ । ਇਸ ਤੋਂ ਇਲਾਵਾ ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਨੇ ਇਸ ਸਬੰਧ ਵਿੱਚ ਆਪਣੇ ਦੌਰੇ ਦੌਰਾਨ ਪਿੰਡ ਬੱਡਰੁੱਖਾਂ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜਿਨ੍ਹਾਂ ਕਿਸਾਨਾਂ ਦੀ ਫਸਲ ਬੀਜੇ ਨੂੰ ਤਕਰੀਬਨ 20 ਕੁ ਦਿਨ ਹੋ ਗਏ ਹਨ ਤਾਂ ਸੁੰਡੀ ਦੀ ਰੋਕਥਾਮ ਲਈ ਕਿਸਾਨ ਵੀਰ ਸਿਫ਼ਾਰਸਸ਼ੁਦਾ ਕੀਟਨਾਸ਼ਕ ਜਹਿਰਾਂ ਜਿਵੇਂ ਕਿ ਫਿਪਰੋਨਿੱਲ 0.3% (ਰੀਜੈਂਟ ਜਾਂ ਮੌਰਟਲ) 7 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਣੀ ਲਾਉਣ ਤੋਂ ਪਹਿਲਾਂ ਛੱਟਾ ਲਾਉਣ ਜਾਂ ਇੱਕ ਲੀਟਰ ਕਲੋਰਪਾਈਰੀਫਾਸ 20% ਨੂੰ 20 ਕਿਲੋ ਸਿੱਲੇ ਰੇਤੇ ਵਿੱਚ ਛੱਟਾ ਦੇਣ ਅਤੇ ਬਾਅਦ ਵਿੱਚ ਜੇਕਰ ਸਪਰੇਅ ਦੀ ਜ਼ਰੂਰਤ ਮਹਿਸੂਸ ਹੋਵੇ ਤਾਂ ਮਾਹਿਰਾਂ ਦੀ ਸਲਾਹ ਨਾਲ ਕਲੋਰਐਂਟਰਾਨਿਲੀਪਰੋਲ 18.5% ਐਸ ਸੀ (ਕੋਰਾਜ਼ਨ) 50 ਮਿਲੀਲੀਟਰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹਨ । ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਕਣਕ ਦੀ ਫ਼ਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਮਿਲਦਾ ਹੈ ਤਾਂ ਤੁਰੰਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਉਸਦੀ ਵਿਸਤ੍ਰਿਤ ਰਿਪੋਰਟ ਉੱਚ ਅਧਿਕਾਰੀਆਂ ਨੂੰ ਸਮੇਂ ਸਿਰ ਭੇਜੀ ਜਾ ਸਕੇ । ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਕਿਸਾਨ ਵੀਰ ਕੀਟਨਾਸ਼ਕ ਦਵਾਈ ਦੀ ਖਰੀਦ ਕਰਨ ਸਮੇਂ ਪੱਕੇ ਬਿੱਲ ਆਦਿ ਜ਼ਰੂਰ ਪ੍ਰਾਪਤ ਕਰਨ ਤਾਂ ਜੋ ਮਿਆਰੀ ਕਿਸਮ ਦੀ ਦਵਾਈ ਦੀ ਵਰਤੋਂ ਕਰਕੇ ਹਮਲੇ ਨੂੰ ਕੰਟਰੋਲ ਕੀਤਾ ਜਾ ਸਕੇ । ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਸ੍ਰੀ ਕਰਮਜੀਤ ਸਿੰਘ ਤੋਂ ਇਲਾਵਾ ਪਿੰਡ ਬੱਡਰੁੱਖਾਂ ਦੇ ਕਿਸਾਨ ਕੁਲਜੀਤ ਸਿੰਘ,ਜਗਦੀਸ਼ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ।

Related Post