ਜੌਨਪੁਰ `ਚ ਘਰ ਦੇ ਸਾਹਮਣੇ ਲਟਕਦੀ ਮਿਲੀ ਡਾਕਟਰ ਦੀ ਲਾਸ਼ ਜੌਨਪੁਰ, 17 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਜੌਨਪੁਰ ਜਿ਼ਲੇ ਦੇ ਖੇਤਾਸਰਾਏ ਥਾਣੇ ਅਧੀਨ ਪੈਂਦੇ ਬਰਜੀ ਪਿੰਡ `ਚ ਸਵੇਰੇ ਇਕ ਡਾਕਟਰ ਦੀ ਲਾਸ਼ ਘਰ ਦੇ ਸਾਹਮਣੇ ਗੇਟ ਦੇ ਕੋਲ ਲਟਕਦੀ ਮਿਲੀ । ਪਰਿਵਾਰ ਵਾਲਿਆਂ ਨੇ ਲਾਇਆ ਕਤਲ ਦਾ ਦੋਸ਼ ਮ੍ਰਿਤਕ ਦੀ ਪਛਾਣ ਇਲਾਕੇ ਦੇ ਡਾਕਟਰ ਸੁਨੀਲ ਰਾਜਭਰ (29) ਵਜੋਂ ਹੋਈ ਹੈ। ਪਰਿਵਾਰ ਵਾਲਿਆਂ ਨੇ ਇਸ ਨੂੰ ਕਤਲ ਦੱਸਦੇ ਹੋਏ ਮੁਕੱਦਮਾ ਦਰਜ ਕਰਵਾਉਣ ਲਈ ਸਿ਼਼ਕਾਇਤ ਦਰਜ ਕਰਵਾਈ ਹੈ। ਪੁਲਸ ਅਨੁਸਾਰ ਡਾ. ਸੁਨੀਲ ਦਾ ਕਲੀਨਿਕ ਘਰ ਤੋਂ ਲੱਗਭਗ 50 ਮੀਟਰ ਦੂਰ ਸਥਿਤ ਹੈ। ਸਵੇਰੇ ਪਿੰਡ ਵਾਸੀਆਂ ਨੇ ਲਾਸ਼ ਲਟਕਦੀ ਵੇਖੀ ਤਾਂ ਪਿੰਡ `ਚ ਹੜਕੰਪ ਮਚ ਗਿਆ। ਸੂਚਨਾ ਮਿਲਣ `ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ `ਚ ਲੈ ਕੇ ਪੋਸਟਮਾਰਟਮ ਦੀ ਤਿਆਰੀ ਕੀਤੀ ਪਰ ਪਰਿਵਾਰ ਵਾਲਿਆਂ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਅਤੇ ਕਾਰਵਾਈ ਦਾ ਭਰੋਸਾ ਮਿਲਣ ਤੱਕ ਲਾਸ਼ ਭੇਜਣ ਤੋਂ ਇਨਕਾਰ ਕਰ ਦਿੱਤਾ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।
