post

Jasbeer Singh

(Chief Editor)

National

ਜਾਨ ਦੇ ਖਤਰੇ ਦੇ ਚਲਦਿਆਂ ਅਬੂ ਸਲੇਮ ਨੇ ਦਿੱਤੀ ਵਿਸ਼ੇਸ਼ ਅਦਾਲਤ ਨੂੰ ਟ੍ਰਾਂਸਫਰ ਕਰਨ ਦੀ ਅਰਜ਼ੀ

post-img

ਜਾਨ ਦੇ ਖਤਰੇ ਦੇ ਚਲਦਿਆਂ ਅਬੂ ਸਲੇਮ ਨੇ ਦਿੱਤੀ ਵਿਸ਼ੇਸ਼ ਅਦਾਲਤ ਨੂੰ ਟ੍ਰਾਂਸਫਰ ਕਰਨ ਦੀ ਅਰਜ਼ੀ ਮੁੰਬਈ- ਗੈਂਗਸਟਰ ਅਬੂ ਸਲੇਮ ਨੂੰ ਆਪਣੀ ਜਾਨ ਦਾ ਖ਼ਤਰਾ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਹੀ ਵਜ੍ਹਾ ਹੈ ਕਿ ਉਸ ਨੇ ਵਿਸ਼ੇਸ਼ ਅਦਾਲਤ `ਚ ਨਵੀ ਮੁੰਬਈ ਦੀ ਤਲੋਜਾ ਜੇਲ੍ਹ ਤੋਂ ਨਾਸਿਕ ਸੈਂਟਰਲ ਜੇਲ੍ਹ ’ਚ ਟਰਾਂਸਫਰ ਕਰਨ ਦੇ ਆਦੇਸ਼ ਖ਼ਿਲਾਫ਼ ਪਟੀਸ਼ਨ ਦਿੱਤੀ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ। ਹੁਣ ਅਬੂ ਸਲੇਮ ਨੇ ਵਿਸ਼ੇਸ਼ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਬੰਬਈ ਹਾਈ ਕੋਰਟ ’ਚ ਅਰਜ਼ੀ ਦਾਇਰ ਕੀਤੀ ਹੈ। ਸਲੇਮ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦਿਆਂ ਦਾਅਵਾ ਕੀਤਾ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਉਸ ਨੂੰ ਤਲੋਜਾ ਜੇਲ੍ਹ ਤੋਂ ਕਿਸੇ ਹੋਰ ਜੇਲ ਵਿਚ ਟਰਾਂਸਫਰ ਕਰਨ ਦਾ ਫ਼ੈਸਲਾ ਉਸ ਨੂੰ ਮਾਰਨ ਦੀ ‘ਸਾਜ਼ਿਸ਼’ ਹੈ ਕਿਉਂਕਿ ਉਸ ਦੇ ਕੁਝ ਮਹੀਨਿਆਂ ਵਿਚ ਰਿਹਾਅ ਹੋਣ ਦੀ ਸੰਭਾਵਨਾ ਹੈ। ਅਬੂ ਸਲੇਮ ਨਵੀ ਮੁੰਬਈ ਦੀ ਤਲੋਜਾ ਜੇਲ੍ਹ `ਚ 1993 ਦੇ ਮੁੰਬਈ ਲੜੀਵਾਰ ਧਮਾਕੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਤਲੋਜਾ ਜੇਲ੍ਹ ਉਸ ਲਈ ਬਹੁਤ ਸੁਰੱਖਿਅਤ ਰਹੀ ਹੈ। ਕਿਸੇ ਹੋਰ ਜੇਲ੍ਹ ਵਿਚ ਭੇਜੇ ਜਾਣ `ਤੇ ਉਸ ਦੇ ਵਿਰੋਧੀ ਗਿਰੋਹ ਦੇ ਮੈਂਬਰ ਉਸ `ਤੇ ਹਮਲਾ ਕਰ ਸਕਦੇ ਹਨ। ਬੁੱਧਵਾਰ ਨੂੰ ਸਲੇਮ ਦੀ ਪਟੀਸ਼ਨ ਜਸਟਿਸ ਏ. ਐਸ. ਗਡਕਰੀ ਅਤੇ ਨੀਲਾ ਗੋਖਲੇ ਦੀ ਡਿਵੀਜ਼ਨ ਬੈਂਚ ਦੇ ਸਾਹਮਣੇ ਰੱਖੀ ਗਈ ਸੀ। ਅਬੂ ਸਲੇਮ ਨੇ ਆਪਣੀ ਪਟੀਸ਼ਨ ਵਿਚ ਕਿਹਾ ਕਿ ਦਿੱਲੀ `ਚ ਉਸ ਦੇ ਦੋ ਮੁਕੱਦਮੇ ਚੱਲ ਰਹੇ ਹਨ। ਕਿਸੇ ਹੋਰ ਜੇਲ੍ਹ ਵਿਚ ਟਰਾਂਸਫਰ ਕਰਨ ਕਾਰਨ ਉਸ ਦੀ ਦਿੱਲੀ ਯਾਤਰਾ ਪ੍ਰਭਾਵਿਤ ਹੋਵੇਗੀ, ਜਿਸ ਕਾਰਨ ਉਸ ਦੇ ਖਿਲਾਫ਼ ਮੁਕੱਦਮੇ ਵਿਚ ਦੇਰੀ ਹੋ ਸਕਦੀ ਹੈ। ਅਬੂ ਦੀ ਪਟੀਸ਼ਨ `ਤੇ ਜੇਲ੍ਹ ਅਧਿਕਾਰੀਆਂ ਨੇ ਵਿਸ਼ੇਸ਼ ਅਦਾਲਤ ਨੂੰ ਦੱਸਿਆ ਸੀ ਕਿ ਉਸ ਨੂੰ ਨਾਸਿਕ ਸੈਂਟਰਲ ਜੇਲ੍ਹ ਵਿਚ ਸ਼ਿਫਟ ਕਰਨ ਦੀ ਲੋੜ ਹੈ, ਕਿਉਂਕਿ ਤਲੋਜਾ ਜੇਲ੍ਹ ਅੰਦਰ ਮੌਜੂਦ ਹਾਈ ਸਕਿਓਰਿਟੀ ਸੈੱਲ ਦੀ ਹਾਲਤ ਖਸਤਾ ਹੈ। ਹਾਲਾਂਕਿ ਸਲੇਮ ਨੇ ਤਰਕ ਦਿੱਤਾ ਸੀ ਕਿ ਉਸ ਨੂੰ ਤਲੋਜਾ ਜੇਲ੍ਹ ਅੰਦਰ ਹੀ ਕਿਸੇ ਹੋਰ ਬੈਰਕ ਵਿਚ ਸ਼ਿਫਟ ਕੀਤਾ ਜਾ ਸਕਦਾ ਹੈ।

Related Post