
ਏਕਤਾ ਕਪੂਰ ਆਪਣੇ 49ਵੇਂ ਜਨਮ ਦਿਨ ’ਤੇ ਤਿਰੂਪਤੀ ਪੁੱਜੀ
- by Aaksh News
- June 9, 2024

ਨਿਰਮਾਤਾ ਏਕਤਾ ਕਪੂਰ ਅੱਜ ਆਪਣੇ 49ਵੇਂ ਜਨਮ ਦਿਨ ਮੌਕੇ ਆਂਧਰਾ ਪ੍ਰਦੇਸ਼ ਸਥਿਤ ਤਿਰੂਪਤੀ ਵਿਚਲੇ ਵੈਂਕਟੇਸ਼ਵਰ ਮੰਦਰ ਪੁੱਜੀ। ਏਕਤਾ, ਜੋ ਬਾਲਾਜੀ ਟੈਲੀਫਿਲਮਜ਼ ਲਿਮਟਿਡ ਦੀ ਮੈਨੇਜਿੰਗ ਡਾਇਰੈਕਟਰ ਅਤੇ ਕ੍ਰਿਏਟਿਵ ਹੈੱਡ ਹੈ, ਨੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਹ ਮੰਦਰ ਦੇ ਅਹਾਤੇ ਵਿੱਚ ਚਿੱਟੇ ਸੂਟ ਵਿੱਚ ਦਿਖਾਈ ਦੇ ਰਹੀ ਹੈ। ਪੋਸਟ ’ਤੇ ਕੈਪਸ਼ਨ ਦਿੱਤਾ ਗਿਆ ਹੈ: ‘ਵੈਂਕਟਾਰਮੰਨਾ ਗੋਵਿੰਦਾ! ਪਿਆਰ ਲਈ ਧੰਨਵਾਦ’। ਅਦਾਕਾਰਾ ਕਰੀਨਾ ਕਪੂਰ ਖਾਨ ਨੇ ਇੰਸਟਾਗ੍ਰਾਮ ਸਟੋਰੀ ’ਤੇ ਏਕਤਾ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ: ‘ਜਨਮ ਦਿਨ ਮੁਬਾਰਕ ਬੌਸ… ਸਖ਼ਤ, ਪਿਆਰੀ ਤੇ ਨਿੱਡਰ… ਬਹੁਤ ਸਾਰਾ ਪਿਆਰ’। ਇੰਜ ਹੀ ਰਿਧੀ ਡੋਗਰਾ ਨੇ ਏਕਤਾ ਨਾਲ ਵੀਡੀਓ ਸਾਂਝਾ ਕੀਤਾ ਅਤੇ ਕਿਹਾ, ‘ਤੁਸੀਂ ਸਦਾ ਮੁਸਕਰਾਉਂਦੇ ਰਹੋ। ਤੁਹਾਡੀ ਸਿਹਤ ਚੰਗੀ ਰਹੇ। ਤੁਹਾਨੂੰ ਜਨਮ ਦਿਨ ਦੀਆਂ ਮੁਬਾਰਕਾਂ… ਤੁਸੀਂ ਜਿਵੇਂ ਤੁਸੀਂ ਹੋ, ਉਸੇ ਤਰ੍ਹਾਂ ਹੀ ਖਾਸ ਹੋ..!’ ਮੌਨੀ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਏਕਤਾ ਨਾਲ ਪਿਆਰੀ ਤਸਵੀਰ ਸਾਂਝੀ ਕੀਤੀ ਹੈ। ਉਸ ਨੇ ਲਿਖਿਆ, ‘ਉਸ ਔਰਤ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜਿਸ ਨੂੰ ਮੈਂ ਹਮੇਸ਼ਾ ਦੇਖਦੀ ਆਈ ਹਾਂ ਤੇ ਪਿਆਰ ਕਰਦੀ ਹਾਂ। ਪ੍ਰਮਾਤਮਾ ਤੁਹਾਨੂੰ ਉਹ ਸਭ ਕੁਝ ਬਖਸ਼ੇ ਜੋ ਤੁਸੀਂ ਚਾਹੁੰਦੇ ਹੋ। ਮੇਰੀ ਸਭ ਤੋਂ ਪਿਆਰੀ ਏਕਤਾ ਮੈਮ… ਲਵ ਯੂ’। ਗ਼ੌਰਤਲਬ ਹੈ ਕਿ ਏਕਤਾ ਨੂੰ ‘ਕਿਉਂਕੀ ਸਾਸ ਭੀ ਕਭੀ ਬਹੂ ਥੀ’, ‘ਕਹਾਨੀ ਘਰ ਘਰ ਕੀ’, ‘ਕੁਸੁਮ’, ‘ਕਭੀ ਸੌਤਨ ਕਭੀ ਸਹੇਲੀ’ ਵਰਗੇ ਸ਼ੋਅ ਬਣਾਉਣ ਲਈ ਜਾਣਿਆ ਜਾਂਦਾ ਹੈ।